ਮੰਤਰੀ ਦੇ ਹੁਕਮ ਨੂੰ ਟਿੱਚ ਜਾਣਦਾ ਹੈ ਸਿਖਿਆ ਵਿਭਾਗ, 31 ਤੱਕ ਬੰਦ ਦੇ ਆਦੇਸ਼ ਦੇ ਬਾਵਜੂਦ ਖੁੱਲ੍ਹੇ ਸਕੂਲ
ਗੁਰਨਾਮ ਸਿੱਧੂ
ਫਿਰੋਜ਼ਪੁਰ 14 ਮਾਰਚ 2020 : ਕੱਲ੍ਹ ਸ਼ਾਮ ਵੇਲੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਦੇ ਸਕੂਲਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ, ਨਾਲ ਹੀ ਹੁਕਮ ਸੀ ਕਿ ਸਿਰਫ ਪੇਪਰ ਵਾਲੇ ਬੱਚੇ ਹੀ ਹਾਜ਼ਿਰ ਹੋਣਗੇ ਪਰ ਫਿਰੋਜ਼ਪੁਰ ਦਾ ਜ਼ਿਲ੍ਹਾ ਸਿੱਖਿਆ ਵਿਭਾਗ ਮੰਤਰੀ ਦੇ ਹੀ ਦਿਸ਼ਾ ਨਿਰਦੇਸ਼ਾਂ ਨੂੰ ਹੀ ਟਿੱਚ ਜਾਣਦਾ ਹੈ ਕਿਉਂਕਿ ਸਕੂਲ ਪਹਿਲਾਂ ਦੀ ਤਰ੍ਹਾਂ ਹੀ ਖੁੱਲ੍ਹੇ ਹੋਏ ਹਨ ਅਤੇ ਬੱਚਿਆਂ ਦੀ ਬਕਾਇਦਾ ਹਾਜ਼ਰੀ ਲਗਾਈ ਗਈ ਹੈ।
ਇਸ ਸਬੰਧੀ ਜਦੋਂ ਹਰਬੰਸ ਲਾਲ ਬੀ ਪੀ ਓ ਘੱਲ ਖੁਰਦ ਬਲਾਕ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਹੁਕਮ ਆਏ ਤਾਂ ਓਹ ਸਕੂਲ ਬੰਦ ਕਰ ਦੇਣਗੇ ।
ਜਦੋ ਇਸ ਸਬੰਧੀ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਨਾਲ ਖੁੱਲ੍ਹੇ ਸਕੂਲਾਂ ਬਾਰੇ ਗੱਲ ਕੀਤੀ ਤਾਂ ਉਹਨਾਂ ਦਾ ਜੁਆਬ ਅਜੀਬੋ ਗਰੀਬ ਸੁਨਣ ਨੂੰ ਮਿਲਿਆ। ਡੀ ਈ ਓ ਮੁਤਾਬਿਕ ਅਸੀਂ 2 ਵਜੇ ਤੱਕ ਫੈਸਲਾ ਕਰਾਂਗੇ ਕਿ ਸਕੂਲ ਬੰਦ ਕਰਨੇ ਹਨ ਜਾਂ ਨਹੀਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਮੰਤਰੀ ਸਾਹਬ ਦੇ ਹੁਕਮ ਕੀ ਹਨ ਤਾਂ ਉਹਨਾਂ ਕਿਹਾ ਕਿ ਉਹ ਜਲਦੀ ਦੱਸਦੇ ਹਨ ਕਿ ਕਿਵੇਂ ਕੀਤਾ ਜਾਵੇ।
ਮਹਿਕਮੇ ਦੇ ਅਧਿਕਾਰੀ ਹੀ ਮਹਿਕਮੇ ਦੇ ਮੰਤਰੀ ਦੇ ਹੁਕਮਾਂ ਨੂੰ ਇਨਕਾਰੀ ਹਨ ਤਾਂ ਫਿਰ ਮਹਿਕਮੇ ਦਾ ਰੱਬ ਹੀ ਰਾਖਾ ਹੈ।