ਐਸ.ਏ.ਐਸ. ਨਗਰ, 20 ਮਾਰਚ 2020 - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਬਿਮਾਰੀ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਅਤੇ ਆਮ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੋਰੋਨਾ ਵਾਇਰਸ ਬਿਮਾਰੀ ਨਾਲ ਲੜਨ ਦੇ ਕਦਮਾਂ ਸੰਬੰਧੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦੇਵ ਕੌਰ ਨਾਮੀ ਮਹਿਲਾ, ਜਿਸ ਦੀ ਉਮਰ 69 ਸਾਲ ਹੈ ਅਤੇ # 540, ਫੇਜ਼ 3 ਏ, ਮੁਹਾਲੀ ਦੀ ਨਿਵਾਸੀ ਹੈ, ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕੁੱਝ ਸਮਾਂ ਪਹਿਲਾਂ ਬ੍ਰਿਟੇਨ ਤੋਂ ਪਰਤੀ ਹੈ ਅਤੇ ਉਸ ਵਿੱਚ ਥੋੜ੍ਹੇ ਜਿਹੇ ਖਾਂਸੀ ਦੇ ਲੱਛਣ ਮਿਲਣ ਬਾਅਦ ਉਸ ਨੂੰ ਕੋਰੋਨਾ ਵਾਇਰਸ ਟੈਸਟ ਵਿਚ ਸਕਾਰਾਤਮਕ ਪਾਇਆ ਗਿਆ। ਹਾਲਾਂਕਿ ਉਸ ਨੇ ਇਲਾਜ ਦਾ ਵਿਰੋਧ ਕੀਤਾ ਅਤੇ ਅਜੇ ਵੀ ਵਿਰੋਧ ਕਰ ਰਹੀ ਹੈ, ਫਿਰ ਵੀ ਉਸ ਨੂੰ ਸਿਵਲ ਹਸਪਤਾਲ ਫੇਜ਼ 6 ਵਿਚ ਦਾਖਲ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਈਪੀਸੀ ਦੀ ਧਾਰਾ 269, 270 ਅਤੇ 188 ਰਾਹੀਂ ਇਸ ਮਹਿਲਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤਾਂ ਜੋ ਦੂਜਿਆਂ ਤੱਕ ਇਸ ਖਤਰਨਾਕ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਸ ਮਹਿਲਾ ਨੂੰ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਿਹਤ ਦੇ ਸਾਰੇ ਮਾਪਦੰਡਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਉਪਾਵਾਂ ਦੇ ਹਿੱਸੇ ਵਜੋਂ, ਉਸਦੇ ਰਿਸ਼ਤੇਦਾਰਾਂ ਸਮੇਤ ਸਾਰੇ ਨਜ਼ਦੀਕੀ ਲੋਕਾਂ ਨੂੰ ਵੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਕਿਸੇ ਨੂੰ ਵੀ ਦੂਸਰੇ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।