ਕੁਲਵੰਤ ਸਿੰਘ ਬੱਬੂ
ਰਾਜਪੁਰਾ, 29 ਮਾਰਚ 2020 - ਨੇਪਾਲ ਤੋਂ ਵਾਪਸ ਪਰਤੇ ਰਾਮਨਗਰ ਸੈਣੀਆਂ ਦੇ 21 ਸਾਲਾਂ ਦੇ ਨੌਜਵਾਨ ਦੇ ਕੋਰੋਨਾ ਪਾਜੀਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਤੁਰੰਤ ਹਰਕਤ 'ਚ ਆਉਂਦਿਆਂ ਪਿੰਡ ਨੂੰ ਸੀਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪੀੜਤ ਪਰਿਵਾਰ ਦੇ 14 ਮੈਂਬਰਾਂ ਦਾ ਟੈੱਸਟ ਕਰਨ ਲਈ ਪੀ.ਐੱਚ.ਸੀ. (ਪ੍ਰਾਇਮਰੀ ਹੈਲਥ ਸੈਂਟਰ) ਹਰਪਾਲਪੁਰ ਵੱਲੋਂ ਸੈਂਪਲ ਭਰੇ ਗਏ ਸਨ। ਮੈਡੀਕਲ ਅਫ਼ਸਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਸੈਂਪਲਾਂ ਚ 5 ਮਹੀਨੇ ਅਤੇ 4 ਸਾਲ ਦੇ ਬੱਚੇ ਵੀ ਸ਼ਾਮਲ ਹਨ। ਪੀੜਤ ਨੌਜਵਾਨ ਦੀ 75 ਸਾਲਾਂ ਦੀ ਦਾਦੀ ਦਾ ਵੀ ਸੈਂਪਲ ਭਰਿਆ, ਇਸ ਤੋਂ ਇਲਾਵਾ ਪੀੜਤ ਨੌਜਵਾਨ ਦੀ ਮਾਤਾ 42 ਸਾਲ, ਭੈਣ 17, ਭਰਾ 15 ਸਾਲ, ਦੋ ਤਾਏ 55 ਅਤੇ 49 ਸਾਲ, ਤਾਈਆਂ 50 ਸਾਲ ਅਤੇ 46 ਸਾਲ, ਤਾਏ ਦੇ ਬੱਚੇ, ਨੂੰਹ ਅਤੇ ਦੋ ਪੋਤੇ ਸ਼ਾਮਲ ਹਨ। ਡਾ. ਪ੍ਰਦੀਪ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲੈਬਾਰਟਰੀ 'ਚ ਟੈੱਸਟ ਕਰਨ ਉਪਰੰਤ ਉਕਤ ਸਾਰੇ ਦੇ ਸਾਰੇ 14 ਸੈਂਪਲ ਨੈਗੇਟਿਵ ਪਾਏ ਗਏ। ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਅੰਬਾਲਾ ਦੇ ਸਿਟੀ ਹਸਪਤਾਲ ਵਿਖੇ ਦਾਖਲ ਹੈ ਅਤੇ ਉਸਦਾ ਪਿਤਾ ਨਾਲ ਅੰਬਾਲਾ ਚ ਹੀ ਹੈ। ਪਿਤਾ ਦਾ ਟੈੱਸਟ ਅੰਬਾਲਾ ਵਿਖੇ ਹੀ ਕੀਤਾ ਜਾਣਾ ਹੈ।