ਹਰੀਸ਼ ਕਾਲੜਾ
- ਪਿੰਡ ਚਤਾਮਲੀ , ਚਤਾਮਲਾ ਅਤੇ ਧਿਆਨਪੁਰਾਂ ਪਿੰਡਾਂ ਦਾ ਸਰਵੈ ਮੁਕੰਮਲ - ਐਸ.ਡੀ.ਐਮ. ਮੋਰਿਡਾ
ਰੂਪਨਗਰ, 5 ਅਪ੍ਰੈਲ 2020 : ਰੂਪਨਗਰ ਵਿੱਚ ਹੁਣ ਤੱਕ 44 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਵਾਇਰਸ ਸਬੰਧੀ ਸੈਂਪਲ ਲੈਬੋਰਟਰੀ ਵਿੱਚ ਭੇਜੇ ਗਏ ਸਨ। ਇਨ੍ਹਾਂ ਵਿਚੋ 25 ਸੈਂਪਲ ਨੈਗਟਿਵ ਪਾਏ ਗਏ ਅਤੇ 19 ਦੀ ਰਿਪੋਰਟ ਪੈਂਡਿੰਗ ਹੈ ਅਤੇ ਪਿੰਡ ਚਤਾਮਲੀ ਦੇ ਇੱਕ ਨਿਵਾਸੀ ਦੀ ਰਿਪੋਰਟ ਪੋਜ਼ਟਿਵ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਤਬਲੀਗੀ ਜਮਾਤ ਨਾਲ ਸਬੰਧਿਤ ਸੂਚਨਾ ਦੇ ਅਧਾਰ ਤੇ 06 ਵਿਅਕਤੀਆਂ ਦੇ ਸੈਂਪਲ ਲੈਬੋਟਰੀ ਵਿੱਚ ਭੇਜੇ ਗਏ ਸਨ ਜਿਨ੍ਹਾਂ ਵਿਚੋ 04 ਦੀ ਰਿਪੋਰਟ ਨੈਗੇਟਿਵ ਆਈ ਹੈ।
ਉਨ੍ਹਾਂ ਨੇ ਕਿਹਾ ਕਿ ਚਤਾਮਲੀ ਨਿਵਾਸੀ ਪੋਜ਼ਟਿਵ ਪਾਏ ਗਏ ਵਿਅਕਤੀ ਦੇ ਸੰਪਰਕ ਵਿੱਚ ਜੇਕਰ ਕੋਈ ਵਿਅਕਤੀ ਆਇਆ ਅਤੇ ਜੇਕਰ ਉਸ ਦੇ ਵਿੱਚ ਕਰੋਨਾ ਵਾਇਰਸ ਸਬੰਧੀ ਕਿਸੇ ਵੀ ਤਰ੍ਹਾਂ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਸਕਦਾ ਹੈ ਤਾਂ ਜ਼ੋ ਨਿਯਮਾਂ ਅਨੁਸਾਰ ਉਸਦੀ ਸਿਹਤ ਜਾਂਚ ਹੋ ਸਕੇ। ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਰਫਿਊ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਤਾ ਉਹ ਕੰਟਰੋਲ ਰੂਮ ਨੰਬਰਾਂ ਤੇ ਸੂਚਨਾ ਦੇ ਸਕਦੇ ਹਨ।
ਐਸ.ਡੀ.ਐਮ. ਮੋਰਿੰਡਾ ਸ਼੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਕੰਨਟੇਨਮੈਂਟ ਪਲਾਨ (ਕੋਵਿਡ - 19 ) ਦੀ ਪਾਲਣਾ ਵਿੱਚ ਪਿੰਡ ਚਤਾਮਲੀ ,ਚਤਾਮਲਾ ਅਤੇ ਧਿਆਨਪੁਰਾਂ ਤਹਿਸੀਲ ਮੋਰਿੰਡਾ ਜ਼ਿਲ੍ਹਾ ਰੂਪਨਗਰ ਦੇ ਉਕਤ ਤਿੰਨਾਂ ਪਿੰਡਾਂ ਦਾ ਸਰਵੇ ਮੁਕੰਮਲ ਕਰ ਲਿਆ ਹੈ। ਹੁਣ ਤੱਕ ਕਰੋਨਾ ਵਾਇਰਸ ਦੇ ਲੱਛਣਾਂ ਸਬੰਧੀ ਕੋਈ ਹੋਰ ਮਾਮਲਾ ਸਾਹਮਣੇ ਨਹੀਂ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਤਹਿਤ ਪਿੰਡ ਵਾਸੀਆਂ ਨੂੰ 24 ਘੰਟੇ ਘਰ ਦੇ ਅੰਦਰ ਰੱਖਣ ਲਈ ਮੋਨੀਟਰ ਕੀਤਾ ਜਾ ਰਿਹਾ ਹੈ।
ਅਹਿਤਿਆਤ ਦੇ ਤੌਰ ਤੇ ਸਕਰਿੰਨਿੰਗ ਟੀਮਾਂ ਬਣਾ ਕੇ ਚੈੱਕਅੱਪ ਕੀਤਾ ਜਾ ਰਿਹਾ ਹੈ। ਉਕਤ ਪਿੰਡਾਂ ਵਿੱਚ ਬਿਜਲੀ ਅਤੇ ਪਾਣੀ ਦੀ ਨਿਰਵਿਘਨ ਸਪਲਾਈ ਕਰਨ , ਰਾਸ਼ਨ ਸਬਜ਼ੀਆਂ ਫਲ ਅਤੇ ਹੋਰ ਜਰੂਰੀ ਵਸਤੂਆਂ ਮੁਹੱਈਆ ਕਰਾਉਣ, ਸਪਰੇਅ ਕਰਨ ,ਪਸ਼ੂ ਧੰਨ ਦੀ ਦੇਖ ਭਾਲ ਸੰਭਾਲ ਅਤੇ ਪਸ਼ੂਆਂ ਲਈ ਫੀਡ ਮੁਹੱਈਆ ਕਰਾਉਣ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਫੇਰ ਵੀ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਕੰਟਰੋਲ ਰੂਮ ਮੋਰਿੰਡਾ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ।