ਹੁਣ ਤੱਕ 07 ਸ਼ੱਕੀ ਮਰੀਜ਼ ਦੇ ਸੈਪਲਾਂ ਵਿੱਚੋਂ 07 ਹੀ ਨੈਗਟਿਵ ਪਾਏ ਗਏ ।
ਅਗਲੇ ਹੁਕਮਾਂ ਤੱਕ ਜ਼ਿਲ੍ਹੇ ਵਿੱਚ ਲਾਗੂ ਰਹੇਗਾ ਕਰਫਿਊ
ਹਰੀਸ਼ ਕਾਲੜਾ
ਰੂਪਨਗਰ, 23 ਮਾਰਚ 2020: ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਵਾਇਰਸ ਦਾ ਕੋਈ ਵੀ ਪਾਜ਼ਟਿਵ ਕੇਸ ਸਾਹਮਣੇ ਨਹੀਂ ਆਇਆ ਹੈ।ਇਹ ਜਾਣਕਾਰੀ ਦਿੰਦਿਆਂ ਡੀ.ਸੀ. ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਹੁਣ ਤੱਕ 07 ਸ਼ੱਕੀ ਮਰੀਜ਼ਾਂ ਦੇ ਕਰੋਨਾ ਵਾਇਰਸ ਸਬੰਧੀ ਸੈਂਪਲ ਲੈਬੋਰਟਰੀ ਵਿੱਚ ਭੇਜੇ ਗਏ ਸਨ ਇਨ੍ਹਾਂ ਸਾਰਿਆਂ ਦੇ ਸੈਂਪਲ ਨੈਗਟਿਵ ਪਾਏ ਗਏ ਹਨ।
ਡੀ.ਸੀ. ਸ਼੍ਰੀਮਤੀ ਸੋਨਾਲੀ ਗਿਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਅਗਲੇ ਹੁਕਮਾਂ ਤੱਕ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਕਰਫਿਊ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਪੈਰਾਮਿਲਟਰੀ ਫੋਰਸਿਜ਼ ਅਤੇ ਸਰਕਾਰੀ ਅਧਿਕਾਰੀ/ਕਰਮਚਾਰੀ ਜ਼ੋ ਅਮਰਜੈਂਸੀ ਤੌਰ ਤੇ ਡਿਊਟੀ ਤੇ ਤਾਇਨਾਤ ਹਨ ਤੇ ਲਾਗੂ ਨਹੀਂ ਹੋਣਗੇ। ਲੋਕ ਇੰਟਰਨੈਂਟ ਸੁਵਿਧਾ ਦਾ ਇਸਤੇਮਾਲ ਕਰਕੇ ਡਿਜੀਟਲ ਬੈਕਿੰਗ ਰਾਹੀ ਪੈਮੇਂਟ ਦੀ ਸੁਵਿਧਾ ਲੈ ਸਕਦੇ ਹਨ। ਡੀ.ਸੀ. ਨੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 544 ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ। ਉਨ੍ਹਾ ਦੱਸਿਆ ਕਿ ਜ਼ਿਲ੍ਹੇ ਵਿੱਚ 04 ਕੁਆਰਨਟਾਇਨ ਸੈਂਟਰ ਬਣਾਏ ਗਏ ਹਨ। ਜਿਨ੍ਹਾਂ ਵਿੱਚ ਕੁਆਰਨਟਾਇਨ ਰਹਿਣ ਵਾਲੇ ਵਿਅਕਤੀਆਂ ਦੇ ਖਾਣ ਅਤੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਡੈਲੀ ਵੈਜ਼ਸ (ਦਿਹਾੜੀਦਾਰ) ਦੇ ਲਈ ਰਹਿਣ ਦੇ ਲਈ ਹਰ ਸਬ ਡਵੀਜ਼ਨ ਪੱਧਰ ਤੇ ਰਹਿਣ ਬੇਸੇਰਾ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਹਰ ਸਲੱਮ ਖੇਤਰ ਦੇ ਵਿੱਚ ਇੱਕ ਮੋਬਾਇਲ ਵੈਨ ਉਪਲੱਬਧ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 284 ਵਿਅਕਤੀਆਂ ਨੂੰ ਕੁਆਰਨਟਾਇਨ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਕਈਆਂ ਦਾ ਕੁਆਰਨਟਾਇਨ ਸਮਾਂ ਖਤਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਦੌਰਾਨ ਗਏ ਵਿਅਕਤੀਆਂ ਵਿੱਚ ਜੇਕਰ ਕਿਸੇ ਨੂੰ ਖਾਸੀ ਜੁਕਾਮ ਜਾਂ ਕਰੋਨਾ ਵਾਇਰਸ ਸਬੰਧੀ ਹੋਰ ਲੱਛਣ ਲੱਗਦੇ ਹਨ ਤਾਂ ਉਹ ਜ਼ਿਲ੍ਹਾਂ ਪ੍ਰਸ਼ਾਸ਼ਨ ਨਾਲ ਸੰਪਰਕ ਕਰ ਆਪਣਾ ਡਾਕਟਰੀ ਚੈਕਅੱਪ ਜ਼ਰੂਰ ਕਰਾਉਣ। ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਨੂੰ ਵਿਦੇਸ਼ ਤੋਂ ਪਰਤੇ ਵਿਅਕਤੀ ਜਾਂ ਕਰੋਨਾ ਵਾਇਰਸ ਸਬੰਧੀ ਕਿਸੇ ਵਿੱਚ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਡਿਪਟੀ ਕਮਿਸ਼ਨਰ ਦਫਤਰ, ਰੂਪਨਗਰ ਵਿਖੇ ਹੈਲਪਲਾਇਨ ਨੰ: 01881-221157, ਸਿਵਲ ਸਰਜਨ ਰੂਪਨਗਰ ਵਿਖੇ ਹੈਲਪਲਾਇਨ ਨੰ: 01881-227241 ਅਤੇ 100 ਨੰਬਰ 'ਤੇ ਸੂਚਿਤ ਕਰਨ, ਤਾਂ ਜੋ ਲੀੜੀਂਦਾ ਮੈਡੀਕਲ ਚੈਕਅੱਪ ਕਰਵਾਕੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਇਸ ਦੌਰਾਨ ਐਸ.ਐਸ.ਪੀ. ਸ਼੍ਰੀ ਸਵਪਨ ਸ਼ਰਮਾ ਦੱਸਿਆ ਕਿ ਜ਼ਿਲ੍ਹੇ ਵਿੱਚ ਸਖਤੀ ਦੇ ਨਾਲ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਕਰਫਿਊ ਦੌਰਾਨ 600 ਪੁਲਿਸ ਕਰਮਚਾਰੀ ਡਿਊਟੀ ਤੇ ਲਗਾਏ ਗਏ ਹਨ।ਇਸ ਤੋਂ ਇਲਾਵਾ 22 ਗਸ਼ਤ ਪਾਰਟੀਆਂ ਅਤੇ 23 ਨਾਕੇ ਵੀ ਲਗਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਕਰੋਨਾ ਵਾਇਰਸ ਸਬੰਧੀ ਉਲੰਘਣਾ ਕਰਨ ਵਾਲਿਆਂ ਖਿਲਾਫ 04 ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਹੈਲਪਲਾਇਨ ਨੰਬਰਾਂ ਤੇ ਸੰਪਰਕ ਕਰਨ।