ਹਰੀਸ਼ ਕਾਲੜਾ
- ਸ਼੍ਰੀ ਆਨੰਦਪੁਰ ਸਾਹਿਬ ਹੋਲਾ ਮੁਹੱਲਾ ਸਮਾਗਮਾਂ 'ਚ ਸ਼ਾਮਿਲ ਹੋ ਕੇ ਪਰਤੇ ਸ਼ਰਧਾਲੂ ਰੂਪਨਗਰ ਪ੍ਰਸਾਸ਼ਨ ਨੂੰ ਸੂਚਿਤ ਕਰਨ
- ਵਿਦੇਸ਼ੋਂ ਪਰਤੇ ਵਿਅਕਤੀਆਂ ਨੂੰ ਵੀ ਦੋ ਹਫ਼ਤੇ ਲਈ ਇਕਾਂਤਵਾਸ 'ਚ ਰਹਿਣ ਦੀ ਅਪੀਲ
ਰੂਪਨਗਰ, 22 ਮਾਰਚ 2020 - ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦਾ ਕੋਈ ਵੀ ਪਾਜ਼ਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀਮਤੀ ਸੋਨਾਲੀ ਗਿਰੀ ਡੀ.ਸੀ.ਰੂਪਨਗਰ ਨੇ ਦੱਸਿਆ ਕਿ ਹੁਣ ਤੱਕ 07 ਸ਼ੱਕੀ ਮਰੀਜ਼ਾਂ ਦੇ ਕਰੋਨਾ ਵਾਇਰਸ ਸਬੰਧੀ ਸੈਂਪਲ ਲੈਬੋਰਟਰੀ ਵਿੱਚ ਭੇਜੇ ਗਏ ਸਨ ਇਨ੍ਹਾਂ ਵਿੱਚੋਂ 06 ਸ਼ੱਕੀ ਮਰੀਜ਼ਾਂ ਦੇ ਸੈਂਪਲ ਨੈਗਟਿਵ ਪਾਏ ਗਏ ਹਨ ਅਤੇ ਬਾਕੀ 01 ਵਿਅਕਤੀਆ ਦੀ ਰਿਪੋਰਟ ਪੈਡਿੰਗ ਹੈ।
ਡੀ.ਸੀ. ਸ਼੍ਰੀਮਤੀ ਗਿਰੀ ਨੇ ਪਿਛਲੇ ਦਿਨੀਂ 7 ਤੋਂ 9 ਮਾਰਚ ਤੱਕ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆਯੋਜਿਤ ਹੋਲਾ-ਮੁਹੱਲਾ ਸਮਾਗਮਾਂ ਅਤੇ ਲੰਗਰ ਜਾਂ ਕੀਰਤਨ ਵਿੱਚ ਸ਼ਾਮਿਲ ਹੋਣ ਵਾਲੇ ਜ਼ਿਲਾ ਰੂਪਨਗਰ ਦੇ ਸ਼ਰਧਾਲੂਆਂ ਨੂੰ ਵਲੰਟੀਅਰ ਪੱਧਰ 'ਤੇ ਜ਼ਿਲਾ ਪ੍ਰਸਾਸ਼ਨ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਅਪੀਲ ਕਰਦਿਆਂ ਉਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਇਨਾਂ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂ ਅਹਿਤਿਆਤ ਵਜੋਂ ਹੈਲਪਲਾਇਨ ਨੰਬਰਾਂ ਤੇ ਜਾਣਕਾਰੀ ਦੇਣ ਤੋਂ ਇਲਾਵਾ ਆਪੋ-ਆਪਣੇ ਘਰਾਂ ਵਿੱਚ ਰਹਿਣ ਨੂੰ ਤਰਜ਼ੀਹ ਦੇਣ।
ਸੋਨਾਲੀ ਗਿਰੀ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਬੰਧੀ ਸਿਹਤ ਵਿਭਾਗ ਨਾਲ ਜਾਣਕਾਰੀ ਸਾਂਝੀ ਕਰਨ। ਉਨਾਂ ਜ਼ਿਲਾ ਰੂਪਨਗਰ ਦੇ ਵਿਦੇਸ਼ੋਂ ਪਰਤੇ ਸਮੂਹ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਦੋ ਹਫਤਿਆਂ ਲਈ ਇਕਾਂਤਵਾਸ ਵਿੱਚ ਰਹਿਣ। ਉਨਾਂ ਆਮ ਜਨਤਾ ਨੂੰ ਵੀ ਵਿਦੇਸ਼ੋਂ ਅਤੇ ਹੋਲਾ ਮੁਹੱਲਾ ਸਮਾਗਮਾਂ ਤੋਂ ਪਰਤਣ ਵਾਲਿਆਂ ਤੋਂ 14 ਦਿਨਾਂ ਲਈ ਦੂਰੀ ਬਣਾਕੇ ਰੱਖਣ ਨੂੰ ਆਖਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬਚਾਅ ਲਈੇ ਅਜਿਹੇ ਵੇਲੇ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਮਨੁੱਖਤਾ ਦੇ ਭਲੇ ਲਈ ਖੁਦ ਆਪਣੇ, ਪਰਿਵਾਰਕ ਮੈਂਬਰਾਂ ਅਤੇ ਆਲੇ-ਦੁਆਲੇ ਵੱਸਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਤਰਜ਼ੀਹ ਦਿੱਤੀ ਜਾਵੇ। ਉਨਾਂ ਕਿਹਾ ਕਿ ਅਜਿਹੇ ਵਿਅਕਤੀ ਜੋ ਹੋਲਾ ਮੁਹੱਲਾ ਸਮਾਗਮ ਵਿਖੇ ਜਾ ਕੇ ਆਏ ਹਨ ਜਾਂ ਲੰਗਰ ਤੇ ਕੀਰਤਨ ਵਿੱਚ ਸ਼ਾਮਿਲ ਹੋਏ ਹਨ, ਉਹ ਡਿਪਟੀ ਕਮਿਸ਼ਨਰ ਦਫਤਰ ਰੂਪਨਗਰ ਵਿਖੇ ਹੈਲਪਲਾਇਨ ਨੰ: 01881-221157, ਸਿਵਲ ਸਰਜਨ ਰੂਪਨਗਰ ਵਿਖੇ ਹੈਲਪਲਾਇਨ ਨੰ: 01881-227241 ਅਤੇ 100 ਨੰਬਰ 'ਤੇ ਸੂਚਿਤ ਕਰਨ, ਤਾਂ ਜੋ ਲੀੜੀਂਦਾ ਮੈਡੀਕਲ ਚੈਕਅੱਪ ਕਰਵਾਕੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।