- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਮ ਲੋਕ ਪ੍ਰਸ਼ਾਸਨ ਨੂੰ ਸਹਿਯੋਗ ਦੇਣ : ਵਿਕਰਮਜੀਤ ਸਿੰਘ ਪਾਂਥੇ
ਮਲੇਰਕੋਟਲਾ, 21 ਮਾਰਚ 2020 - ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਹਿਤਿਆਤੀ ਕਦਮ ਚੁੱਕਦਿਆਂ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਸਬ ਡਵੀਜ਼ਨ ਮਲੇਰਕੋਟਲਾ ਅਤੇ ਅਹਿਮਦਗੜ੍ਹ ਵਿਚ ਪੈਂਦੇ ਸਮੂਹ ਮੈਰਿਜ ਪੈਲੇਸ ਅਤੇ ਟੈਂਟ ਹਾਊਸ ਮਿਤੀ 22.03.2020 ਤੋਂ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਪਾਂਥੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ 20 ਵਿਅਕਤੀਆਂ ਤੋਂ ਵੱਧ ਇਕੱਠ ਨਾ ਕਰਨ ਸਬੰਧੀ ਬਾਕਾਇਦਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਮੈਰਿਜ ਪੈਲੇਸਾਂ ਵਿਚ ਅਕਸਰ ਵਿਆਹ-ਸ਼ਾਦੀਆਂ ਮੌੌਕੇ ਵੱਡੀ ਗਿਣਤੀ ਵਿਚ ਇਕੱਠ ਹੁੰਦਾ ਹੈ ਜਿਸ ਕਾਰਨ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਹੈ। ਇਸ ਖਤਰੇ ਨੂੰ ਵੇਖਦਿਆਂ ਅਹਿਤਿਆਤ ਵਜੋਂ ਸਬ ਡਵੀਜ਼ਨ ਮਲੇਰਕੋਟਲਾ ਅਤੇ ਅਹਿਮਦਗੜ੍ਹ ਵਿਚ ਪੈਂਦੇ ਸਮੂਹ ਮੈਰਿਜ ਪੈਲੇਸ ਅਤੇ ਟੈਂਟ ਹਾਊਸ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਹਨ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਘੜੀ ਵਿਚ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਪਾਂਥੇ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੱਥ ਮਿਲਾਉਣ, ਇਕੱਠ ਵਾਲੀਆਂ ਥਾਵਾਂ ਉਪਰ ਜਾਣ ਤੋੋਂ ਗੁਰੇਜ਼ ਕੀਤਾ ਜਾਵੇ। ਇਸ ਤੋੋਂ ਇਲਾਵਾ ਹਰ 10-15 ਮਿੰਟ ਬਾਅਦ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਵਾਇਰਸ ਇਕ ਚੈਨ ਦੀ ਤਰ੍ਹਾਂ ਫੈਲਦਾ ਹੈ ਅਤੇ ਇਸ ਚੈਨ ਨੂੰ ਜਾਗਰੂਕਤਾ ਨਾਲ ਹੀ ਤੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਵਿਅਕਤੀ ਨੂੰ ਮਾਸਕ ਦੀ ਜ਼ਰੂਰਤ ਨਹੀਂ ਹੈ। ਜੋ ਵਿਅਕਤੀ ਬਿਮਾਰ ਹੈ, ਉਸ ਨੂੰ ਹੀ ਮਾਸਕ ਦੀ ਜ਼ਰੂਰਤ ਹੈ। ਪਾਂਥੇ ਨੇ ਕਿਹਾ ਕਿ ਲੋਕਾਂ ਵਿਚ ਇਸ ਸਬੰਧੀ ਡਰ ਨਾ ਫੈਲਾ ਕੇ ਸਗੋਂ ਜਾਗਰੂਕਤਾ ਫੈਲਾਈ ਜਾਵੇ ਕਿ ਇਸ ਬਿਮਾਰੀ ਦੇ ਕੀ ਲੱਛਣ ਹਨ, ਕਿਸ ਤਰ੍ਹਾਂ ਪਰਹੇਜ਼ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਪਾਂਥੇ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਉਪਰ ਵਿਸ਼ਵਾਸ ਨਾ ਕੀਤਾ ਜਾਵੇ।