ਫਿਰੋਜ਼ਪੁਰ, 17 ਮਾਰਚ 2020 : ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਫਿਰੋਜਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਨਾਮਕ ਬੀਮਾਰੀ ਜਿਸਨੂੰ ਵਿਸ਼ਵ ਪੱਧਰ 'ਤੇ ਮਾਹਮਾਰੀ ਘੋਸ਼ਿਤ ਕੀਤਾ ਗਿਆ ਹੈ ਦੇ ਸਬੰਧ ਵਿਚ ਜ਼ਿਲ੍ਹਾ ਫਿਰੋਜਪੁਰ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੁਲਿਸ ਸਿਹਤ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ ।
ਇਸ ਸਬੰਧੀ ਡੀਸੀ ਫਿਰੋਜ਼ਪੁਰ ਨਾਲ ਸਮੇਂ ਸਮੇਂ ਪਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਲੋਕਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਫਲੈਕਸ ਬੋਰਡ, ਇਸ਼ਤਿਹਾਰ ਛਪਵਾ ਕੇ ਜਨਤਕ ਥਾਵਾਂ ਪਰ ਲਗਾਏ ਜਾ ਰਹੇ ਹਨ । ਪਿੰਡਾਂ ਵਾਈਜ਼ ਲਗਾਏ ਗਏ ਪੁਲਿਸ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਬੀਮਾਰੀ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਟਰੇਨਿੰਗ ਮੁਹੱਈਆ ਕਰਵਾਉਂਦੇ ਹੋਏ ਮੁਹੱਲੇ ਪੱਧਰ ਤੇ ਜਾਗਰੂਕਤਾ ਫੈਲਾਉਣ ਲਈ ਖਾਸ ਨਿਰਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਰੈਪਿਡ ਰਿਸਪੌਂਸ ਟੀਮਾਂ ਜੋ ਇਸ ਬੀਮਾਰੀ ਬਾਰੇ ਜਾਗਰੂਕਤਾ ਪ੍ਰੋਗਰਾਮ ਚਲਾ ਰਹੀਆਂ ਹਨ ਦੀ ਸੁਰੱਖਿਆ ਲਈ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ ।
ਪ੍ਰਭਾਵਿਤ ਮਰੀਜ਼ਾਂ ਲਈ ਬਣਾਏ ਗਏ ਆਈਸੋਲੇਸ਼ਨ ਸੈਂਟਰਾਂ 'ਤੇ ਸੁਰੱਖਿਆ ਮੁਹੱਈਆ ਕਰਵਾਉਣ ਲਈ ਅਤੇ ਕੁਆਰਨਟਾਈਨ ਸਾਈਟਸ ਪਰ ਮਰੀਜ਼ਾਂ ਦੀ ਨਿਗਰਾਨੀ ਲਈ ਜ਼ਿਲ੍ਹਾ ਪੁਲਿਸ ਸਿਹਤ ਵਿਭਾਗ ਨਾਲ ਤਾਲਮੇਲ ਕਰਦੇ ਹੋਏ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ । ਇੱਥੇ ਪ੍ਰੈੱਸ ਦੇ ਮਾਧਿਅਮ ਰਾਹੀਂ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜੇਕਰ ਕੋਈ ਬੀਮਾਰੀ ਨਾਲ ਪ੍ਰਭਾਵਿਤ ਸ਼ੱਕੀ ਵਿਅਕਤੀ ਨੋਟਿਸ ਵਿਚ ਆਉਂਦਾ ਹੈ ਤਾਂ ਉਹ ਸਿਹਤ ਵਿਭਾਗ ਨੂੰ ਆਪਣਾ ਬਣਦਾ ਸਹਿਯੋਗ ਦੇਵੇ ਜੋ ਕਿ ਉਸਦਾ ਸਮਾਜ ਪ੍ਰਤੀ ਫਰਜ਼ ਹੈ, ਉਸ ਵੱਲੋਂ ਇਸ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਕਰਨ ਦੀ ਸੂਰਤ ਵਿਚ ਉਸ ਖਿਲਾਫ ਪੁਲਿਸ ਕਾਰਵਾਈ ਕੀਤੇ ਜਾਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ ।
ਜੇਕਰ ਕੋਈ ਖਾਸ ਏਰੀਆ ਇਸ ਬੀਮਾਰੀ ਤੋਂ ਪ੍ਰਭਾਵਿਤ ਮਿਲਦਾ ਹੈ ਤਾਂ ਉਸ ਏਰੀਆ ਨੂੰ ਸ਼ਟ ਡਾਉਨ ਕਰਨ ਲਈ ਅਤੇ ਉਸ ਏਰੀਆ ਵੱਲੋਂ ਆਉਂਦੀ ਜਾਂਦੀ ਟਰੈਫਿਕ ਬੰਦ ਕਰਨ ਲਈ ਜ਼ਿਲ੍ਹਾ ਪੁਲਿਸ ਵੱਲੋਂ ਖਾਸ ਰਣਨੀਤੀ ਤਿਆਰ ਕੀਤੀ ਜਾ ਚੁੱਕੀ ਹੈ, ਪੁਲਿਸ ਪ੍ਰਸ਼ਾਸਨ ਭਵਿੱਖ ਵਿਚ ਹਰੇਕ ਮੁਸ਼ਕਿਲ ਨਾਲ ਨਿਪਟਣ ਲਈ ਤਿਆਰ ਹੈ।