ਰਜਨੀਸ਼ ਸਰੀਨ
- ਪਹਿਲੇ ਦਿਨ 28 ਟੀਮਾਂ 40 ਫ਼ੀਸਦੀ ਵਿਅਕਤੀਆਂ ਨੂੰ ਲੱਭਣ ’ਚ ਕਾਮਯਾਬ ਰਹੀਆਂ
ਨਵਾਂਸ਼ਹਿਰ, 21 ਮਾਰਚ 2020 - ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਾਅ ਨੂੰ ਰੋਕਣ ਦੇ ਮੰਤਵ ਨਾਲ ਵਿਦੇਸ਼ ਤੋਂ ਆ ਰਹੇ ਵਿਅਕਤੀਆਂ ਦੀ ਸਿਹਤ ਜਾਂਚ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਪਹਿਲੇ ਦਿਨ ਵਧਾਈਆਂ ਗਈਆਂ ਮੈਡੀਕਲ ਟੀਮਾਂ ਵੱਲੋਂ 40 ਫ਼ੀਸਦੀ ਲੋਕਾਂ ਤੱਕ ਪਹੁੰਚ ਕਰਨ ’ਚ ਸਫ਼ਲਤਾ ਹਾਸਲ ਕਰ ਲਈ ਗਈ ਹੈ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਇਨ੍ਹਾਂ ਦੋ-ਤਿੰਨ ਦਿਨਾਂ ’ਚ ਢਾਈ ਹਜ਼ਾਰ ਤੋਂ ਵਧੇਰੇ ਵਿਦੇਸ਼ੋਂ ਪਰਤੇ ਵਿਅਕਤੀਆਂ ਦੀ ਸੂਚੀ ਜ਼ਿਲ੍ਹੇ ਦੇ ਸਿਹਤ ਵਿਭਾਗ ਨੂੰ ਪ੍ਰਾਪਤ ਹੋਈ ਸੀ, ਜਿਸ ਕਾਰਨ ਕੁੱਲ ਗਿਣਤੀ 3700 ਤੋਂ ਵੀ ਵਧੇਰੇ ਹੋ ਗਈ ਸੀ। ਏਨੀ ਵੱਡੀ ਗਿਣਤੀ ਨੂੰ ਕਵਰ ਕਰਨ ਲਈ ਜ਼ਿਲ੍ਹੇ ’ਚ ਪਹਿਲਾਂ ਕੰਮ ਕਰ ਰਹੀਆਂ ਮੈਡੀਕਲ ਟੀਮਾਂ ’ਚ ਕਲ੍ਹ ਵਾਧਾ ਕਰਦੇ ਹੋਏ ਇਨ੍ਹਾਂ ਦੀ ਗਿਣਤੀ 28 ਕਰ ਦਿੱਤੀ ਗਈ ਸੀ, ਜਿਸ ਤਹਿਤ ਅੱਜ ਇਨ੍ਹਾਂ ਟੀਮਾਂ ਵੱਲੋਂ ਜੰਗੀ ਪੱਧਰ ’ਤੇ ਆਪਣੀ ਕਾਰਵਾਈ ਦਿਖਾਉਂਦਿਆਂ ਲਗਪਗ 40 ਫ਼ੀਸਦੀ ਵਿਦੇਸ਼ੋਂ ਪਰਤੇ ਵਿਅਕਤੀਆਂ ਨੂੰ ਲੱਭ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਣ ਕੰਮ ਇਨ੍ਹਾਂ ਵਿਦੇਸ਼ੋਂ ਪਰਤੇ ਵਿਅਕਤੀਆਂ ਦੀ ਸਿਹਤ ਜਾਂਚ ਦਾ ਹੈ ਅਤੇ ਇਹ ਪਤਾ ਲਾਉਣਾ ਦਾ ਹੈ ਕਿ ਇਨ੍ਹਾਂ ਵਿੱਚੋਂ ਕਿਸੇ ’ਚ ਕੋਵਿਡ-19 ਦੇ ਸੰਭਾਵੀ ਲੱਛਣ ਹਨ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਏ ਡੀ ਸੀ (ਜ) ਅਦਿਤਿਆ ਉੱਪਲ ਦੀ ਅਗਵਾਈ ’ਚ ਜੰਗੀ ਪੱਧਰ ’ਤੇ ਵਿੱਢੀ ਗਈ ਇਸ ਕਾਰਵਾਈ ਨੂੰ ਬੂਰ ਪਿਆ ਹੈ ਅਤੇ ਅੱਜ ਸ਼ਾਮ ਤੱਕ 40 ਫ਼ੀਸਦੀ ’ਤੇ ਪੁੱਜੀ ਗਿਣਤੀ ਨੂੰ ਕਲ੍ਹ ਤੱਕ 80 ਫ਼ੀਸਦੀ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਵਿਦੇਸ਼ ਤੋਂ ਪਰਤੇ ਵਿਅਕਤੀ ਲਈ 14 ਦਿਨ ਆਪਣੇ-ਆਪ ਘਰ ’ਚ ਨਜ਼ਰਬੰਦ ਹੋਣਾ ਜ਼ਰੂਰੀ ਹੈ ਅਤੇ ਜੇਕਰ ਉਹ ‘ਹੋਮ ਕੁਆਰਨਟਾਈਨ’ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖਿਲਾਫ਼ ਧਾਰਾ 188 ਅਧੀਨ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਵੀ ਹਨ।
ਮੀਟਿੰਗ ’ਚ ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ (ਜ) ਅਦਿਤਿਆ ਉੱਪਲ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਤੇ ਸਬੰਧਤ ਟੀਮਾਂ ਦੇ ਮੁਖੀ ਡਾਕਟਰ ਮੌਜੂਦ ਸਨ।