ਅਸ਼ੋਕ ਵਰਮਾ
ਬਠਿੰਡਾ, 20 ਮਾਰਚ 2020 - ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਤੇ ਇੱਕ ਮੈਰਿਜ ਪੈਲੇਸ ਦੇ ਮਾਲਕ ਪਿਓ ਪੁੱਤ 'ਤੇ ਪੁਲਿਸ ਕੇਸ ਦਰਜ ਕਰਕੇ ਲੜਕੇ ਨੂੰ ਗਿ੍ਰਫਤਾਰ ਕਰ ਲਿਆ ਹੈ ਜਦੋਂ ਕਿ ਪਿਤਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਕਰਕੇ ਪੂਰੇ ਪੰਜਾਬ ਵਿਚ ਕਈ ਪਾਬੰਦੀਆਂ ਲਾਈਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਦੀ ਲਪੇਟ ਵਿਚ ਆਉਣ ਤੋਂ ਬਚਾਇਆ ਜਾ ਸਕੇ। ਸਰਕਾਰ ਨੇ ਕਿਸੇ ਵੀ ਸਮਾਗਮ ਵਿਚ 20 ਤੋਂ ਵੱਧ ਬੰਦਿਆਂ ਦਾ ਇਕੱਠ ਕਰਨ ਤੇ ਰੋਕ ਲਾਈ ਹੋਈ ਮੈਰਿਜ ਪੈਲੇਸ ਦੇ ਮਾਲਕ ਪਿਓ-ਪੁੱਤ ਨੇ ਸਰਕਾਰੀ ਹੁਕਮਾਂ ਦੇ ਉਲਟ ਆਪਣੇ ਪੈਲੇਸ ਵਿਚ ਰੱਖੇ ਵਿਆਹ ਸਮਾਗਮ ਵਿਚ 200 ਦੇ ਕਰੀਬ ਬੰਦਿਆਂ ਦਾ ਇਕੱਠ ਕਰ ਲਿਆ ਸੀ।
ਥਾਣਾ ਕੈਨਾਲ ਕਲੋਨੀ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਇੱਥ ਸੂਚਨਾ ਦੇ ਅਧਾਰ ਤੇ ਰਿੰਗ ਰੋਡ ਦੇ ਕੋਲ ਬਣੇ ਇਕ ਮੈਰਿਜ ਪੈਲੇਸ ਵਿਚ ਛਾਪਾ; ਮਾਰਿਆ; ਜਿੱਥੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ। ਪੜਤਾਲ ’ਚ ਸਾਹਮਣੇ ਆਇਆ ਕਿ ਪੈਲੇਸ ’ਚ ਲੋਕਾਂ ਦਾ ਨਿਯਮਾਂ ਦੇ ਉਲਟ ਕਾਫੀ ਜਿਆਦਾ ਇਕੱਠ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ ‘ਤੇ ਜਾ ਕੇ ਪੈਲੇਸ ਦੇ ਮਾਲਕ ਰਿਸ਼ਵ ਗਰਗ ਨੂੰ ਗਿ੍ਰਫ਼ਤਾਰ ਕਰ ਲਿਆ। ਉਨਾਂ ਦੱਸਿਆ ਕਿ ਪੁਲਿਸ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਦੋਸ਼ਾਂ ਤਹਿਤ ਪੈਲੇਸ ਦੇ ਮਾਲਕ ਸਤੀਸ਼ ਗਰਗ ਅਤੇ ਉਸ ਦੇ ਲੜਕੇ ਰਿਸ਼ਬ ਗਰਗ ਖਿਲਾਫ਼ ਪੁਲਿਸ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀਸੀ ਵੱਲੋਂ ਫਿਲਮ ਸ਼ੂਟਿੰਗ ’ਤੇ ਪਾਬੰਦੀ
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਬਠਿੰਡਾ ਤੇ ਆਸ-ਪਾਸ ਦੇ ਇਲਾਕਿਆਂ ’ਚ ਕਿਸੇ ਵੀ ਤਰਾਂ ਦੀ ਫ਼ਿਲਮ, ਨਾਟਕ ਆਦਿ ਦੀ ਸ਼ੂਟਿੰਗਾਂ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ’ਤੇ ਇਸ ਨਾਲ ਨਜਿੱਠਣ ਲਈ ਜ਼ਿਲੇ ਅੰਦਰ ਹਰ ਤਰਾਂ ਦੇ ਖੇਡ ਮੁਕਾਬਲੇ, ਕਾਨਫਰੰਸਾਂ, ਸੱਭਿਆਚਾਰਕ ਸਮਾਗਮ, ਮੇਲੇ, ਪ੍ਰਦਰਸ਼ਨੀਆਂ ਤੇ ਹੋਰ ਜਨਤਕ ਇਕੱਠਾਂ ’ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਲੋਕ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਸਮਾਗਮ ਮੌਕੇ 20 ਵਿਅਕਤੀਆਂ ਤੋਂ ਵੱਧ ਇੱਕਠ ਨਾ ਕਰਨ। ਉਨਾਂ ਦੱਸਿਆ ਕਿ ਅੱਜ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਮੈਰਿਜ ਪੈਲੇਸ ਮਾਲਕਾਂ ਖਿਲਾਫ਼ ਕੇਸ ਦਰਜ ਵੀ ਦਰਜ ਕੀਤਾ ਗਿਆ ਹੈ।