ਹਰਜਿੰਦਰ ਸਿੰਘ ਭੱਟੀ
- ਕਿਹਾ- ਜਦ ਤਕ ਬੀਮਾਰੀ ਦੀ ਵੈਕਸੀਨ ਨਹੀਂ ਬਣਦੀ, ਉਦੋਂ ਤਕ ਸਾਰਿਆਂ ਨੂੰ ਸਾਵਧਾਨੀਆਂ ਵਰਤਣੀਆਂ ਪੈਣਗੀਆਂ
ਐਸ.ਏ.ਐਸ ਨਗਰ, 5 ਨਵੰਬਰ 2020 - ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਅਪਣੀ ਤਾਜ਼ਾ ਕਵਿਤਾ ਰਾਹੀਂ ਲੋਕਾਂ ਨੂੰ ਸੁਨੇਹਾ ਦਿਤਾ ਹੈ ਕਿ ਭਾਵੇਂ 'ਕੋਰੋਨਾ ਵਾਇਰਸ' ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਕਾਫ਼ੀ ਘੱਟ ਰਹੀ ਹੈ ਪਰ ਇਸ ਮਹਾਂਮਾਰੀ ਵਿਰੁਧ ਸ਼ੁਰੂ ਕੀਤੀ ਗਈ ਜੰਗ ਹਾਲੇ ਵੀ ਜਾਰੀ ਹੈ।
ਉਨ੍ਹਾਂ ਕਿਹਾ, 'ਲੋਕਾਂ ਨੂੰ ਇਹ ਖ਼ੁਸ਼ਫ਼ਹਿਮੀ ਨਹੀਂ ਪਾਲਣੀ ਚਾਹੀਦੀ ਕਿ ਇਹ ਮਾਰੂ ਬੀਮਾਰੀ ਹੁਣ ਖ਼ਤਮ ਹੋ ਗਈ ਹੈ ਅਤੇ ਹੁਣ ਮਾਸਕ ਪਾਉਣ, ਵਾਰ-ਵਾਰ ਹੱਥ ਧੋਣ ਅਤੇ ਇਕ ਦੂਜੇ ਤੋਂ ਦੂਰੀ ਰੱਖਣ ਜਿਹੀਆਂ ਬੁਨਿਆਦੀ ਸਾਵਧਾਨੀਆਂ ਵਰਤਣ ਦੀ ਲੋੜ ਨਹੀਂ ਸਗੋਂ ਅਪਣੇ ਅਤੇ ਅਪਣੇ ਪਰਵਾਰਕ ਜੀਆਂ, ਰਿਸ਼ੇਤਦਾਰਾਂ ਤੇ ਸਮੁੱਚੇ ਸਮਾਜ ਦੇ ਬਚਾਅ ਲਈ ਇਹ ਅਮਲ ਪਹਿਲਾਂ ਵਾਂਗ ਹਾਲੇ ਵੀ ਜਾਰੀ ਰਹਿਣਾ ਚਾਹੀਦਾ ਹੈ।'
'ਜੰਗ ਜਾਰੀ ਹੈ' ਸਿਰਲੇਖ ਵਾਲੀ ਕਵਿਤਾ ਰਾਹੀਂ ਉਨ੍ਹਾਂ ਕਿਹਾ ਕਿ ਹੁਣ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ, ਇਸ ਲਈ ਇਸ ਬੀਮਾਰੀ ਤੋਂ ਬਚਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ, 'ਜਦ ਤਕ ਇਸ ਬੀਮਾਰੀ ਦੀ ਵੈਕਸੀਨ ਜਾਂ ਦਵਾਈ ਨਹੀਂ ਬਣਦੀ, ਉਦੋਂ ਤਕ ਸਾਨੂੰ ਸਾਰਿਆਂ ਨੂੰ ਸਾਵਧਾਨੀਆਂ ਵਰਤਣੀਆਂ ਪੈਣਗੀਆਂ।' ਡਾ. ਮਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਕੋਰੋਨਾ ਵਾਇਰਸ' ਦਾ ਪਤਾ ਲਾਉਣ ਲਈ ਅਪਣੇ ਟੈਸਟ ਕਰਵਾਉਣ ਤੋਂ ਬਿਲਕੁਲ ਨਾ ਘਬਰਾਉਣ ਕਿਉਂਕਿ ਜਿੰਨੇ ਜ਼ਿਆਦਾ ਟੈਸਟ ਹੋਣਗੇ, ਓਨਾ ਜ਼ਿਆਦਾ ਅਸੀਂ ਸੁਰੱਖਿਅਤ ਹੋਵਾਂਗੇ।
ਉਨ੍ਹਾਂ ਕਿਹਾ ਕਿ ਸਾਰਿਆਂ ਦੀ ਜਾਨ ਬੇਹੱਦ ਕੀਮਤੀ ਹੈ, ਇਸ ਲਈ ਸਾਰਿਆਂ ਨੂੰ ਅਪਣੇ ਬਚਾਅ ਲਈ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ 'ਕੋਰੋਨਾ ਜੰਗ' ਵਿਚ ਡਟੇ ਹੋਏ ਸਿਹਤ ਕਾਮਿਆਂ ਦੇ ਇਸ ਬੀਮਾਰੀ ਦੀ ਲਪੇਟ ਵਿਚ ਆ ਕੇ ਸ਼ਹਾਦਤਾਂ ਪਾਉਣ ਦਾ ਵੀ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਿਹਤ ਵਿਭਾਗ, ਪੰਜਾਬ ਦੇ ਡਾਇਰੈਕਟਰ ਬਣੇ ਡਾ. ਮਨਜੀਤ ਸਿੰਘ ਸਾਹਿਤਿਕ ਰੁਚੀਆਂ ਦੇ ਮਾਲਕ ਹਨ ਅਤੇ ਪਹਿਲਾਂ ਵੀ ਅਪਣੀਆਂ ਕਵਿਤਾਵਾਂ ਰਾਹੀਂ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਵਾਸਤੇ ਬੇਨਤੀਆਂ ਕਰ ਚੁੱਕੇ ਹਨ।
ਜੰਗ ਹਾਲੇ ਜਾਰੀ ਹੈ
(ਡਾ. ਮਨਜੀਤ ਸਿੰਘ, ਡਾਇਰੈਕਟਰ, ਸਿਹਤ ਵਿਭਾਗ, ਪੰਜਾਬ)....
ਕੋਰੋਨਾ ਦੀਆਂ ਹਦਾਇਤਾਂ ਦਾ ਹਾਲੇ ਹੋਰ ਕਰੋ ਸਤਿਕਾਰ,
ਕਿਤੇ ਜਿੱਤੀ ਹੋਈ ਜੰਗ ਆਪਾਂ ਜਾਈਏ ਨਾ ਹਾਰ।
ਦੂਜੇ ਮੁਲਕਾਂ ਦੇ ਹਾਲਾਤ ਤੋਂ ਕੁਝ ਸਿੱਖਣਾ ਵੀ ਚਾਹੀਦੈ,
ਉਥੇ ਹੋਇਆ ਲਾਕਡਾਊਨ ਸਾਨੂੰ ਦਿਖਣਾ ਵੀ ਚਾਹੀਦੈ।
ਲਾਪਰਵਾਹੀਆਂ ਦਾ ਹੈ ਨਤੀਜਾ ਇਹ ਲਿਖਣਾ ਵੀ ਚਾਹੀਦੈ,
ਪੰਜਾਬ ਨੂੰ ਤਾਂ ਬਚਾ ਲਓ ਯਾਰੋ ਸਾਡਾ ਇਹ ਵਿਚਾਰ,
ਕਰੋਨਾ ਦੀਆਂ ਹਦਾਇਤਾਂ ਦਾ ਹਾਲੇ...
ਮੇਲੇ ਤੇ ਤਿਉਹਾਰ ਤਾਂ ਮੁੜ-ਮੁੜ ਆਉਣਗੇ,
ਵਿੱਛੜ ਗਏ ਜਿਹੜੇ ਮੁੜ ਕਦੇ ਨਾ ਥਿਆਉਣਗੇ।
ਮੰਨਣਗੇ ਨਹੀਂ ਜੋ ਉਹ ਬਹੁਤ ਪਛਤਾਉਣਗੇ,
ਖ਼ੁਦ ਵੀ ਬਚੋ ਯਾਰੋ ਬਚਾਲੋ ਆਪਣੇ ਪਰਵਾਰ।
ਕਰੋਨਾ ਦੀਆਂ ਹਦਾਇਤਾਂ ਦਾ ਹਾਲੇ...
ਜੰਗੇ ਕਰੋਨਾ 'ਚ ਸਿਹਤ ਕਾਮਿਆਂ ਕਦੇ ਪਿੱਠ ਨਾ ਵਿਖਾਈ,
ਤਾਹੀਂਉਂ 1200 ਤੋਂ ਵੱਧ ਕਾਮਿਆਂ ਦੀ ਰਿਪੋਰਟ ਪਾਜ਼ੇਟਿਵ ਆਈ,
14 ਸਾਡੇ ਸਾਥੀਆਂ ਨੇ ਤਾਂ ਸ਼ਹਾਦਤ ਵੀ ਪਾਈ,
ਹੁਣ ਬੇਨਤੀ ਹੈ ਸਾਡੀ ਤੁਸੀਂ ਕਰ ਲਓ ਸਵੀਕਾਰ,
ਕਰੋਨਾ ਦੀਆਂ ਹਦਾਇਤਾਂ ਦਾ ਹਾਲੇ...
ਆਸ ਹੈ ਪੰਜਾਬੀ, ਹੱਥ ਧੋਣ ਦੀ ਆਦਤ ਪਾਉਣਗੇ,
ਮਾਸਕ ਪਾ ਕੇ ਇਕੱਠਾਂ ਵਿਚ ਵਿੱਥਾਂ ਵੀ ਬਣਾਉਣਗੇ।
ਸ਼ੱਕ ਵੇਲੇ ਟੈਸਟ ਕਰਵਾਉਣ ਤੋਂ ਰਤਾ ਨਾ ਘਬਰਾਉਣਗੇ,
ਮਨਜੀਤ ਵੈਕਸੀਨ ਆਉਣ ਤਕ ਕਰੀਏ ਖੁੱਲ੍ਹਾਂ ਦਾ ਇੰਤਜ਼ਾਰ।
ਕਰੋਨਾ ਦੀਆਂ ਹਦਾਇਤਾਂ ਦਾ ਹਾਲੇ ਹੋਰ ਕਰੋ ਸਤਿਕਾਰ,
ਮੰਨ ਲਉ ਪੁਕਾਰ ਪੰਜਾਬੀਉ ਮੰਨ ਲਉ ਪੁਕਾਰ।