ਸੀ ਆਰ ਪੀ ਐਫ ਬਟਾਲੀਅਨ ਦੇ 46 ਜਵਾਨ ਪਾਜ਼ੀਟਿਵ, 1 ਦੀ ਮੌਤ
ਨਵੀਂ ਦਿੱਲੀ, 29 ਅਪ੍ਰੈਲ, 2020 : ਦਿੱਲੀ ਵਿਚ ਸੀ ਆਰ ਪੀ ਐਫ ਬਟਾਲੀਅਨ ਦੇ 46 ਜਵਾਨ ਪਾਜ਼ੀਟਿਵ ਪਾਏ ਗਏ ਹਨ ਜਦਕਿ ਇਕ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਐਨ ਡੀ ਟੀ ਵੀ ਦੀ ਇਕ ਰਿਪੋਰਟ ਅਨੁਸਾਰ ਬਟਾਲੀਅਨ ਦੇ 1000 ਜਣਿਆਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। 31ਵੀਂ ਬਟਾਲੀਅਨ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਵਿਚ ਰੁਕੀ ਹੋਈ ਹੈ ਜਿਥੇ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਕੇਸਾਂ ਵਿਚ ਲਗਾਤਾਰ ਵਾਧਾ ਹੋਇਆ ਹੈ।
ਜਿਹੜੇ ਜਵਾਨ ਪਾਜ਼ੀਟਿਵ ਪਾਏ ਗਏ ਹਨ, ਉਹਨਾਂ ਦਾ ਮੰਡਵਾਲੀ ਸਥਿਤ ਠਿਕਾਣ 'ਤੇ ਇਲਾਜ ਕੀਤਾ ਜਾ ਰਿਹਾ ਹੈ। ਹੋਰ ਕੇਸਾਂ ਦੀ ਪੜਤਾਲ ਲਈ ਹੋਰ ਜਵਾਨਾਂ ਦੇ ਟੈਸਟ ਕੀਤੇ ਜਾ ਰਹੇ ਹਨ। 55 ਸਾਲਾ ਜਵਾਨ ਆਸਾਮ ਦਾ ਰਹਿਣ ਵਾਲਾ ਸੀ ਜਿਸਦੀ ਮੌਤ ਕੱਲ ਸਫਦਰਜੰਗ ਹਸਪਤਾਲ ਵਿਚ ਹੋਈ। ਉਸਨੂੰ ਸ਼ੂਗਰ ਤੇ ਬੀ ਪੀ ਦੀ ਵੀ ਸ਼ਿਕਾਇਤ ਸੀ। ਸ਼ੁਰੂਆਤ ਵਿਚ ਜੋ ਜਵਾਨ ਪਾਜ਼ੀਟਿਵ ਪਾਇਆ ਗਿਆ ਸੀ, ਉਹ ਪੈਰਾ ਮੈਡੀਕਲ ਯੂਨਿਟ ਵਿਚ ਨਰਸਿੰਗ ਅਸਿਸਟੈਂਟ ਸੀ। ਉਸਨੂੰ ਦਿੱਲੀ ਦੇ ਰਾਜੀਵ ਗਾਂਧੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।