ਰਾਜਵੰਤ ਸਿੰਘ
- 29 ਮਰੀਜ਼ਾਂ ਨੂੰ ਮਿਲੀ ਛੁੱਟੀ, ਐਕਟਿਵ ਕੇਸ ਹੋਏ 494
ਸ੍ਰੀ ਮੁਕਤਸਰ ਸਾਹਿਬ, 8 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਅੱਜ ਫ਼ਿਰ ਇੱਕ ਹੋਰ ਮੌਤ ਹੋ ਗਈ ਹੈ, ਜਦੋਂਕਿ ਕੋਰੋਨਾ ਦੇ 24 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਜ਼ਿਲ੍ਹੇ ਅੰਦਰ ਆਏ ਪਾਜ਼ੀਟਿਵ ਮਾਮਲਿਆਂ ਵਿੱਚੋਂ 4 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 8 ਕੇਸ ਮਲੋਟ, 7 ਕੇਸ ਗਿੱਦੜਬਾਹਾ, 1 ਕੇਸ ਪਿੰਡ ਚੋਟੀਆਂ, 1 ਕੇਸ ਪਿੰਡ ਭਾਰੂ, 1 ਕੇਸ ਪਿੰਡ ਹੁਸਨਰ, 1 ਕੇਸ ਪਿੰਡ ਖੁੱਡੀਆਂ ਤੇ 1 ਕੇਸ ਪਿੰਡ ਚਿੱਬੜਾਂਵਾਲੀ ਨਾਲ ਸਬੰਧਿਤ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਦੋਦਾ ਨਾਲ ਸਬੰਧਿਤ ਇੱਕ ਕੋਰੋਨਾ ਮਰੀਜ਼ ਦੀ ਅੱਜ ਮੌਤ ਵੀ ਹੋਈ ਹੈ। ਰਿਪੋਰਟ ਅਨੁਸਾਰ ਅੱਜ 282 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1449 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 573 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਮਾਮਲਿਆਂ ਦੀ ਗਿਣਤੀ 1358 ਹੋ ਗਈ ਹੈ, ਜਿਸ ਵਿੱਚੋਂ 847 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 494 ਕੇਸ ਐਕਟਿਵ ਚੱਲ ਰਹੇ ਹਨ। ਅੱਜ ਹੋਈ ਮੌਤ ਤੋਂ ਬਾਅਦ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਹੋਈਆਂ ਮੌਤਾਂ ਦੀ ਗਿਣਤੀ ਹੁਣ 17 ਹੋ ਗਈ ਹੈ।