ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਲਗਾਤਾਰ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਦੇ 22 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ ਕੋਰੋਨਾ ਕਰਕੇ ਤਿੰਨ ਜਣਿਆਂ ਦੀ ਮੌਤ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 5 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 5 ਕੇਸ ਜ਼ਿਲ੍ਹਾ ਜੇਲ੍ਹ, 5 ਕੇਸ ਮਲੋਟ, 2 ਕੇਸ ਗਿੱਦੜਬਾਹਾ, 1 ਕੇਸ ਖੁੱਡੀਆਂ ਗੁਲਾਬ ਸਿੰਘ ਵਾਲਾ, 1 ਕੇਸ ਮੱਲਣ, 1 ਕੇਸ ਕਾਉਣੀ, 1 ਕੇਸ ਤਰਖ਼ਾਣਵਾਲਾ ਤੇ 1 ਕੇਸ ਸਰਾਵਾਂ ਬੋਦਲਾਂ ਤੋਂ ਸਾਹਮਣੇ ਆਏ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਅੱਜ 41 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 516 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 249 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 334 ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 2677 ਹੋ ਗਿਆ ਹੈ, ਜਿਸ ਵਿੱਚੋਂ 2203 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 422 ਕੇਸ ਐਕਟਿਵ ਚੱਲ ਰਹੇ ਹਨ।
ਔਰਤ ਸਮੇਤ ਤਿੰਨ ਜਣਿਆਂ ਦੀ ਕੋਰੋਨਾ ਨਾਲ ਮੌਤ
ਜ਼ਿਲ੍ਹੇ ਅੰਦਰ ਅੱਜ ਫ਼ਿਰ ਤਿੰਨ ਜਣਿਆਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਮਿ੍ਰਤਕਾਂ ਵਿੱਚ ਇੱਕ ਔਰਤ ਤੇ ਦੋ ਵਿਅਕਤੀ ਸ਼ਾਮਲ ਹਨ। ਪਹਿਲੀ ਮਿ੍ਰਤਕ ਔਰਤ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਅੰਗਦ ਦੇਵ ਨਗਰ ਨਾਲ ਸਬੰਧਿਤ ਸੀ, ਜਿਸਦੀ ਉਮਰ ਕਰੀਬ 61 ਸਾਲ ਸੀ, ਜਿਸਨੂੰ ਮੋਹਾਲੀ ਦੇ ਇੱਕ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਸੀ, ਜਿੱਥੇ ਉਸਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ।
ਅੱਜ ਇਲਾਜ ਦੌਰਾਨ ਇਸ ਔਰਤ ਦੀ ਮੌਤ ਹੋ ਗਈ ਹੈ। ਦੂਜਾ ਮਿ੍ਰਤਕ 63 ਸਾਲਾ ਮਲੋਟ ਦੇ ਏਕਤਾ ਨਗਰ ਦਾ ਵਾਸੀ ਸੀ, ਜੋ ਕੋਰੋਨਾ ਪਾਜ਼ੇਟਿਵ ਸੀ ਤੇ ਬਠਿੰਡਾ ਦੇ ਹਸਪਤਾਲ ’ਚ ਦਾਖ਼ਲ ਸੀ, ਜਿਸਦੀ ਅੱਜ ਮੌਤ ਹੋਈ ਹੈ। ਤੀਜਾ ਮਿ੍ਰਤਕ 68 ਸਾਲਾ ਸਥਾਨਕ ਆਦਰਸ਼ ਨਗਰ ਤੋਂ ਸੀ, ਜੋ ਕੋਰੋਨਾ ਪਾਜ਼ੇਟਿਵ ਸੀ ਤੇ ਇਕਾਂਤਵਾਸ ਚੱਲ ਰਿਹਾ ਸੀ, ਜਿਸਦੀ ਅੱਜ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 52 ਹੋ ਗਈ ਹੈ।