ਰਾਜਵੰਤ ਸਿੰਘ
- ਪੀੜਤਾਂ ’ਚ ਡੀਸੀ ਦਾ ਰਸੋਈਆ ਤੇ ਸਾਬਕਾ ਵਿਧਾਇਕ ਵੀ ਸ਼ਾਮਲ
ਸ੍ਰੀ ਮੁਕਤਸਰ ਸਾਹਿਬ, 16 ਅਗਸਤ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਦੇ ਇੱਕ ਦਰਜਨ (12) ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਅੰਦਰ ਕੁੱਲ 12 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿੰਨ੍ਹਾਂ ਵਿੱਚੋਂ 5 ਕੇਸ ਸ੍ਰੀ ਮੁਕਤਸਰ ਸਾਹਿਬ, 3 ਕੇਸ ਗਿੱਦੜਬਾਹਾ, 2 ਕੇਸ ਮਲੋਟ, 1 ਕੇਸ ਪਿੰਡ ਲੱਖੇਵਾਲੀ ਅਤੇ 1 ਕੇਸ ਪਿੰਡ ਸੰਮੇਵਾਲੀ ਨਾਲ ਸਬੰਧਿਤ ਹਨ।
ਇਸ ਤੋਂ ਇਲਾਵਾ ਅੱਜ 5 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ 76 ਮਾਮਲਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1100 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 178 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 387 ਹੋ ਗਿਆ ਹੈ, ਜਿੰਨ੍ਹਾਂ ਵਿੱਚੋਂ 279 ਮਰੀਜਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 105 ਕੇਸ ਐਕਟਿਵ ਹਨ।
ਬਾਕਸ
ਸਾਬਕਾ ਵਿਧਾਇਕ ਤੇ ਡੀਸੀ ਦਾ ਰਸੋਈਆ ਨਿਕਲੇ ਕੋਰੋਨਾ ਪਾਜ਼ੀਟਿਵ
ਮਲੋਟ ਤੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਦਾ ਰਸੋਈਆ ਵੀ ਕੋਰੋਨਾ ਪਾਜ਼ੀਟਿਵ ਆਏ ਹਨ। ਸਾਬਕਾ ਵਿਧਾਇਕ ਨੇ ਇਸਦੀ ਜਾਣਕਾਰੀ ਖ਼ੁਦ ਆਪਣੇ ਫੇਸਬੁੱਕ ਖ਼ਾਤੇ ’ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਉਨ੍ਹਾਂ ਨਾਲ ਸੰਪਰਕ ਵਿੱਚ ਰਹਿਣ ਵਾਲੇ ਲੋਕ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਾਉਣ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਦਾ ਰਸੋਈਆ, ਜਿਸਦਾ ਵਿਭਾਗ ਵੱਲੋਂ ਪਿਛਲੇ ਦਿਨੀਂ ਸੈਂਪਲ ਲਿਆ ਗਿਆ ਸੀ, ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ।