ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਅੰਦਰ ਕੋਰੋਨਾ ਕਾਰਨ ਲਗਾਤਾਰ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਨੇ ਤਿੰਨ ਹੋਰ ਜਾਨਾਂ ਲੈ ਲਈਆਂ ਹਨ, ਜਦੋਂਕਿ ਦੂਜੇ ਪਾਸੇ 43 ਨਵੇਂ ਕੇਸਾਂ ਦੀ ਪੁਸ਼ਟੀ ਵੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 7 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 10 ਜ਼ਿਲ੍ਹਾ ਜੇਲ੍ਹ, 15 ਕੇਸ ਮਲੋਟ, 3 ਕੇਸ ਗਿੱਦੜਬਾਹਾ, 1 ਕੇਸ ਮਿੱਡਾ, 1 ਕੇਸ ਚੱਕ ਕਾਲਾ ਸਿੰਘ ਵਾਲਾ, 1 ਕੇਸ ਭੀਟੀਵਾਲਾ, 1 ਕੇਸ ਮਹਾਂਬੱਧਰ, 2 ਕੇਸ ਕੋਟਭਾਈ, 1 ਕੇਸ ਮਾਹੂਆਣਾ ਤੇ 1 ਕੇਸ ਪਿੰਡ ਘੁਮਿਆਰਾ ਨਾਲ ਸਬੰਧਿਤ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਉੁਥੇ ਹੀ ਅੱਜ 63 ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜਿਆ ਗਿਆ ਹੈ। ਅੱਜ 426 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂਕਿ ਹੁਣ 1051 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 401 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 2457 ਹੋ ਗਿਆ ਹੈ, ਜਿਸ ਵਿੱਚੋਂ 1817 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 601 ਕੇਸ ਐਕਟਿਵ ਹਨ।
ਕੋਰੋਨਾ ਨਾਲ ਹੋਈਆਂ ਤਿੰਨ ਹੋਰ ਮੌਤਾਂ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਕਰਕੇ ਹੋਰ ਤਿੰਨ ਮੌਤਾਂ ਹੋ ਗਈਆਂ ਹਨ। ਮਿ੍ਰਤਕਾਂ ਵਿੱਚ ਦੋ ਔਰਤਾਂ ਤੇ ਇੱਕ ਵਿਅਕਤੀ ਸ਼ਾਮਲ ਹੈ। ਪਹਿਲਾ ਮਿ੍ਰਤਕ 58 ਸਾਲਾ ਵਿਅਕਤੀ ਹੈ, ਜੋ ਮਲੋਟ ਨਾਲ ਸਬੰਧਿਤ ਸੀ, ਜਿਸਨੂੰ ਇਲਾਜ ਲਈ ਬਠਿੰਡਾ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਅੱਜ ਉਸਦੀ ਮੌਤ ਹੋ ਗਈ ਹੈ। ਮਿ੍ਰਤਕ ਪਹਿਲਾਂ ਹੀ ਕੋਰੋਨਾ ਪੀੜ੍ਹਤ ਸੀ। ਦੂਜੀ ਮਿ੍ਰਤਕ 45 ਸਾਲਾ ਔਰਤ ਪਿੰਡ ਘੁਮਿਆਰਾ ਨਾਲ ਸਬੰਧਿਤ ਸੀ, ਜਿਸਨੂੰ ਸਾਹ ਦੀ ਤਕਲੀਫ਼ ਸੀ ਤੇ ਫਰੀਦਕੋਟ ਵਿਖੇ ਦਾਖ਼ਲ ਸੀ, ਜਿਸਦੀ ਅੱਜ ਮੌਤ ਹੋ ਗਈ ਹੈ। ਤੀਜੀ ਮਿ੍ਰਤਕ ਔਰਤ ਸ੍ਰੀ ਮੁਕਤਸਰ ਸਾਹਿਬ ਤੋਂ ਸੀ, ਜਿਸਦੀ ਉਮਰ ਕਰੀਬ 56 ਸਾਲ ਸੀ। ਮਿ੍ਰਤਕ ਸਿਵਲ ਹਸਪਤਾਲ ਵਿਖੇ ਟੈਸਟ ਲਈ ਗਈ ਸੀ, ਜਿਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਦੁਬਾਰਾ ਹਸਪਤਾਲ ਵਿਖੇ ਆਈਸੂਲੇਟ ਹੋਣ ਤੋਂ ਬਾਅਦ ਅੱਜ ਉਸਦੀ ਮੌਤ ਹੋ ਗਈ ਹੈ।