ਮਨਪ੍ਰੀਤ ਸਿੰਘ ਜੱਸੀ
- ਅੱਜ ਫਿਰ 19 ਯਾਤਰੀ ਕੋਰੋਨਾ ਤੋਂ ਮੁਕਤ ਹੋ ਘਰਾਂ ਨੂੰ ਪਰਤੇ
- ਹਸਪਤਾਲ ਦੇ ਸਟਾਫ ਵੱਲੋਂ ਦਿੱਤੇ ਪਿਆਰ-ਸਤਿਕਾਰ ਦੀ ਕੀਤਾ ਸ਼ੁਕਰੀਆ
ਅੰਮ੍ਰਿਤਸਰ, 13 ਮਈ 2020 - ਸ੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਜੋ ਕਿ ਕੋਰੋਨਾ ਟੈਸਟ ਵਿਚ ਪਾਜ਼ੀਟਿਵ ਆਉਣ ਕਾਰਨ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸਨ, ਨੂੰ ਠੀਕ ਹੋਣ ਮਗਰੋਂ ਲਗਤਾਰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਰਿਹਾ ਹੈ ਅਤੇ ਰੋਜ਼ਨਾ ਵੱਡੀ ਗਿਣਤੀ ਵਿਚ ਠੀਕ ਹੋ ਰਹੇ ਸ਼ਰਧਾਲੂਆਂ ਤੋਂ ਇਉਂ ਲੱਗ ਰਿਹਾ ਹੈ, ਜਿਵੇਂ ਸੰਗਤ ਨੇ ਕੋਰੋਨਾ ਨੂੰ ਅੱਗੇ ਲਗਾ ਲਿਆ ਹੋਵੇ। ਕੱਲ੍ਹ 13 ਮਈ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚੋਂ 25 ਸ਼ਰਧਾਲੂਆਂ ਨੂੰ ਦਿੱਤੀ ਛੁੱਟੀ ਮਗਰੋਂ ਅੱਜ ਫਿਰ 20 ਲੋਕਾਂ ਨੂੰ ਠੀਕ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜਿਆ ਗਿਆ, ਜਿਸ ਵਿਚ 19 ਉਹ ਸ਼ਰਧਾਲੂ ਹਨ, ਜੋ ਕਿ ਸ੍ਰੀ ਹਜੂਰ ਸਾਹਿਬ ਤੋਂ ਪਰਤੇ ਹਨ।। ਇਕ ਮਰੀਜ ਜੰਡਿਆਲਾ ਗੁਰੂ ਤੋਂ ਸੀ, ਜੋ ਕਿ 7 ਅਪ੍ਰੈਲ ਤੋਂ ਹਸਪਤਾਲ ਵਿਚ ਦਾਖਲ ਸੀ, ਅੱਜ ਪੰਜ ਹਫ਼ਤਿਆਂ ਮਗਰੋਂ ਠੀਕ ਹੋ ਕੇ ਘਰ ਨੂੰ ਗਿਆ। ਹਸਪਤਾਲ ਵਿਚ ਲਗਾਤਾਰ ਚੰਗੀਆਂ ਖ਼ਬਰਾਂ ਮਿਲਣ ਕਾਰਨ ਦਾਖਲ ਦੂਸਰੇ ਮਰੀਜ਼ਾਂ ਨੂੰ ਵੀ ਮਾਨਸਿਕ ਤੌਰ ਉਤੇ ਤਾਕਤ ਮਿਲੀ ਹੈ। ਡਾਕਟਰਾਂ ਨੇ ਦੱਸਿਆ ਕਿ ਭਾਵੇਂ ਸ੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਦੇ ਟੈਸਟ ਪਾਜ਼ਿਟਵ ਆਉਣ ਕਾਰਨ ਇੰਨਾਂ ਨੂੰ ਹਸਪਪਤਾਲ ਵਿਚ ਰੱਖਿਆ ਗਿਆ ਸੀ, ਪਰ ਸਾਰੇ ਸ਼ਰਧਾਲੂ ਬੜੇ ਚੜ੍ਹਦੀ ਕਲਾ ਵਿਚ ਰਹੇ ਅਤੇ ਕਿਸੇ ਨੂੰ ਸਰੀਰਕ ਤੌਰ ਉਤੇ ਵੀ ਕੋਈ ਮੁਸ਼ਿਕਲ ਨਹੀਂ ਹੋਈ। ਅੱਜ ਵਾਹਿਗੁਰੂ ਦੀ ਕ੍ਰਿਪਾ ਨਾਲ ਇਨਾਂ ਦੇ ਲਗਾਤਾਰ ਦੋ ਟੈਸਟ ਨੈਗੇਟਿਵ ਆਉਣ ਕਾਰਨ ਅੱਜ ਇੰਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਘਰ ਜਾ ਰਹੇ ਸਾਰੇ ਸ਼ਰਧਾਲੂ ਨੂੰ ਵਧਾਈ ਦਿੰਦੇ ਦੱਸਿਆ ਕਿ ਅਸੀਂ ਇੰਨ੍ਹਾਂ ਦੇ ਟੈਸਟ ਪਾਜ਼ੀਟਿਵ ਆਉਣ ਮਗਰੋਂ ਸ਼ਰਧਾਲੂਆਂ ਨੂੰ ਇਕਾਂਤਵਾਸ ਵਿਚੋਂ ਕੱਢ ਕੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਉਨਾਂ ਦੱਸਿਆ ਕਿ ਇਹ ਸਾਰੇ ਪਹਿਲੇ ਦਿਨ ਤੋਂ ਹੀ ਸਰੀਰਕ ਅਤੇ ਮਾਨਸਿਕ ਤੌਰ ਉਤੇ ਤੰਦਰੁਸਤ ਸਨ, ਜਿਸ ਕਾਰਨ ਕੋਈ ਸਮੱਸਿਆ ਨਹੀਂ ਆਈ। ਹਸਪਤਾਲ ਸਟਾਫ ਵੱਲੋਂ ਇਨਾਂ ਦੀ ਹਰ ਸੰਭਵ ਸਹਾਇਤਾ ਤੇ ਸੇਵਾ ਕੀਤੀ ਗਈ। ਲਗਭਗ 13 ਦਿਨਾਂ ਵਿਚ ਹੀ ਇਹ ਠੀਕ ਹੋ ਕੇ ਘਰਾਂ ਨੂੰ ਆ ਰਹੇ ਹਨ। ਉਨਾਂ ਹਸਪਤਾਲ ਸਟਾਫ ਵੱਲੋਂ ਦਿੱਤੀਆਂ ਸੇਵਾਵਾਂ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਘਰ ਜਾ ਰਹੇ ਸ਼ਰਧਾਲੂਆਂ ਨੇ ਹਸਪਤਾਲ ਦੇ ਸਟਾਫ, ਜਿਸ ਵਿਚ ਖਾਸ ਤੌਰ ਉਤੇ ਨਰਸਿੰਗ ਤੇ ਹੋਰ ਪੈਰਾ ਮੈਡੀਕਲ ਸਟਾਫ ਸ਼ਾਮਿਲ ਸੀ, ਦੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ। ਸ਼ਰਧਾਲੂਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿਘ ਦਾ ਵੀ ਧੰਨਵਾਦ ਕੀਤਾ, ਸ਼ਰਧਾਲੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਅਸੀਂ ਮਹਾਰਾਸ਼ਟਰ ਤੋਂ ਪੰਜਾਬ ਆ ਸਕੇ ਅਤੇ ਫਿਰ ਉਨਾਂ ਦੇ ਯਤਨਾਂ ਨਾਲ ਸਾਡਾ ਇਲਾਜ ਵੀ ਸੰਭਵ ਹੋ ਸਕਿਆ ਹੈ। ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ ਪੀ ਸੋਨੀ ਨੇ ਵੀ ਸ਼ਰਧਾਲੂਆਂ ਨੂੰ ਫੋਨ ਉਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਨਾਇਬ ਤਹਿਸੀਲਦਾਰ ਰਤਨਜੀਤ ਸਿੰਘ, ਡਾਕਟਰ ਨਰਿੰਦਰ ਸਿੰਘ, ਡਾ. ਹਰਜੀਤ ਸਿੰਘ, ਸ੍ਰੀਮਤੀ ਰਮਨਜੀਤ ਕੌਰ, ਸਰਵਰਿੰਦਰ ਕੌਰ, ਪਰਮਜੀਤ ਕੌਰ, ਕਿਰਨਦੀਪ ਕੌਰ (ਸਟਾਫ ਨਰਸ) ਅਤੇ ਹੋਰ ਸਟਾਫ ਹਾਜ਼ਰ ਸੀ।