ਹਵਾਰਾ ਕਮੇਟੀ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਲਿਖਿਆ ਪੱਤਰ, ਕੀਤੇ ਇਹ ਇਤਰਾਜ਼
ਨਵੀਂ ਦਿੱਲੀ, 1 ਮਈ, 2020 : ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕੀਤੇ ਗਏ ਭਾਈ ਜਗਤਾਰ ਹਵਾਲਾ ਕਮੇਟੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਪੱਤਰ ਲਿਖ ਕੇ ਉਹਨਾਂ ਵੱਲੋਂ ਕੀਤੇ ਕਈ ਕੰਮਾਂ 'ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।
ਪੜੋ ਚਿੱਠੀ ਦੇ ਵੇਰਵੇ :
ਗੁਰੂ ਪਿਆਰੇ ਸ.ਮਨਜਿੰਦਰ ਸਿੰਘ ਸਿਰਸਾ ਜੀਓ,
ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ,
ਨਵੀਂ ਦਿੱਲੀ
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਿਤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਜਸ਼ੀਲ ਜਥੇਦਾਰ ਹਵਾਰਾ ਕਮੇਟੀ ਵੱਲੋਂ ਆਪ ਜੀ ਨੂੰ ਹੇਠ ਲਿਖੇ ਇਤਰਾਜ ਕੀਤੇ ਜਾ ਰਹੇ ਹਨ।
1.ਦਿੱਲੀ ਪੁਲਿਸ ਵੱਲੋਂ 27 ਅਪ੍ਰੈਲ ਨੂੰ ਧੰਨਵਾਦ ਕਰਨਾ ਸਿਆਸਤ ਤੋਂ ਪ੍ਰੇਰਿਤ: ਭਾਰਤ ਵਿੱਚ ਕਰੋਨਾ ਮਹਾਂਮਾਰੀ ਦੌਰਾਨ ਲੰਗਰ ਰਾਹੀਂ ਮਨੁੱਖਤਾ ਦੀ ਸੇਵਾ ਕਰਨ ਵਿੱਚ ਸਿੱਖ ਕੌਮ ਨੇ ਬਹੁਤ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ ਜਿਸਦੇ ਚੱਲਦਿਆਂ ਦੇਸ਼ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਧਾਈ ਦੀਆਂ ਪਾਤਰ ਹਨ ਕਿਉਂਕਿ ਲੰਗਰ ਰਾਹੀਂ ਗੁਰੂ ਨਾਨਕ ਪਾਤਸ਼ਾਹ ਦਾ ਸਰਬ ਸਾਂਝੀਵਾਲਤਾ ਦਾ ਬ੍ਰਹਿਮੰਡੀ ਸੰਦੇਸ਼ ਦੇਣ ਵਿੱਚ ਸਿੱਖ ਕੌਮ ਸਫਲ ਰਹੀ ਹੈ। ਅਸੀਂ ਤੁਹਾਨੂੰ ਵੀ ਵਧਾਈ ਦਿੰਦੇ ਹਾਂ ਕਿ ਦਿੱਲੀ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਰੋਜ਼ਾਨਾ ਲੋੜਵੰਦਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਪਰ ਇਹ ਸਾਰੇ ਕੰਮ ਧਰਮ ਦੇ ਮੁਢਲੇ ਸਿਧਾਂਤ ਤੇ ਖਰੇ ਉੱਤਰਨ ਦੀ ਬਜਾਏ ਰਾਜਨੀਤਿਕ ਪਲੇਟ ਫਾਰਮ ਤੋਂ ਇੱਕ ਵੱਡੇ ਸਿਆਸਤ ਦਾਨ ਵਜੋਂ ਸਥਾਪਤ ਕਰਨ ਲਈ ਯਤਨਸ਼ੀਲ ਵਿਅਕਤੀ ਦੀ ਜੱਦੋ ਜਹਿਦ ਜ਼ਿਆਦਾ ਲੱਗਦੇ ਹਨ।
ਲੰਗਰ ਸੇਵਾ ਦਾ ਧੰਨਵਾਦ ਕਰਨ ਲਈ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਜਿਪਸੀਆਂ ਅਤੇ ਮੋਟਰਸਾਈਕਲਾਂ ਰਾਹੀਂ ਹੂਟਰ ਵਜਾ ਕੇ ਕੀਤੀ ਗਈ ਉਹ ਸਵੈ ਇੱਛਾ ਨਾਲ ਕੀਤਾ ਗਿਆ ਕਾਰਾ ਨਹੀਂ ਜਾਪਦਾ ਬਲਕਿ ਉਹ ਤੁਹਾਡੇ ਵੱਲੋਂ ਆਪਣੀ ਸਿਆਸਤ ਨੂੰ ਚਮਕਾਉਣ ਦੀ ਕਾਰਵਾਈ ਹੈ। ਪੁਲਿਸ ਅਧਿਕਾਰੀਆਂ ਦੇ ਆਉਣ ਤੇ ਆਪ ਵੱਲੋਂ ਇੱਕ ਐਂਕਰ ਦੀ ਤਰਜ਼ ਤੇ ਸਵਾਗਤ ਕਰਨਾ ਸਿੱਖ ਕੌਮ ਦੀ ਇੱਕ ਜ਼ਿੰਮੇਵਾਰ ਸੰਸਥਾ ਦੇ ਪ੍ਰਧਾਨ ਵਜੋਂ ਜਾਇਜ਼ ਨਹੀਂ ਹੈ। ਇੱਥੇ ਹੀ ਬੱਸ ਨਹੀਂ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨਾ ਬੇਹੱਦ ਅਫ਼ਸੋਸਨਾਕ ਲੱਗਾ ਕਿਉਂਕਿ ਦਿੱਲੀ ਪੁਲਿਸ ਦੇ ਹੱਥ ਅੱਜ ਤੱਕ ਸਿੱਖਾਂ ਦੇ ਕਤਲੇਆਮ ਨਾਲ ਰੰਗੇ ਹੋਏ ਹਨ।
2. ਕੌਮੀ ਮੁੱਦਿਆਂ ਨੂੰ ਹੱਲ ਕਰਾਉਣ ਵਿੱਚ ਅਸਫਲ: ਇਹ ਜੱਗ ਜ਼ਾਹਿਰ ਹੈ ਕਿ ਤੁਸੀਂ ਸਿੱਖਾਂ ਦੀ ਇਕ ਨਾਮਵਰ ਸੰਸਥਾ ਦੇ ਪ੍ਰਧਾਨ ਹੋਣ ਦੇ ਬਾਵਜੂਦ ਵੀ ਭਾਜਪਾ/ਆਰ.ਐਸ.ਐਸ ਦੇ ਮੰਚ ਤੋਂ ਸਿਆਸਤ ਚਲਾਉਂਦੇ ਹੋ ਅਤੇ ਇਸ ਦਾ ਅਸਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਇਸ ਦੇ ਅਧੀਨ ਚੱਲਦੀਆਂ ਸੰਸਥਾਵਾਂ ਵਿੱਚ ਵੱਡੇ ਪੱਧਰ ਤੇ ਦੇਖਿਆ ਜਾ ਸਕਦਾ ਹੈ। ਜਿਸ ਦੇ ਚੱਲਦਿਆਂ ਗੁਰਮੱਤ ਦੇ ਮੂਲ ਸਿਧਾਂਤਾਂ ਦਾ ਅਨੇਕਾਂ ਵਾਰ ਖਿਲਵਾੜ ਹੋਇਆ ਹੈ। ਬਿਨਾਂ ਸ਼ੱਕ ਇਹ ਇਸ ਕਰਕੇ ਹੈ ik ਤੁਹਾਡੀ ਚੋਣ ਕਰਨ ਵਾਲੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਵੀ ਭਾਜਪਾ/ਆਰ.ਐਸ.ਐਸ ਪੱਖੀ ਤਰਜ਼ ਤੇ ਚੱਲਦੀ ਹੈ। ਪੂਰੇ ਸੰਸਾਰ ਵਿੱਚ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜੇਲ੍ਹਾਂ ਵਿੱਚੋਂ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਪਰ ਤੁਹਾਡੇ ਤੇ ਦੋਸ਼ ਹੈ ਤੁਸੀਂ ਦਿੱਲੀ ਵਿੱਚ ਬੈਠਿਆਂ ਤਿਹਾੜ ਜੇਲ੍ਹ ਅਤੇ ਹੋਰ ਜੇਲ੍ਹਾਂ ਵਿੱਚ ਨਜ਼ਰਬੰਦ ਰਾਜਸੀ ਬੰਦੀ ਸਿੰਘਾਂ ਨੂੰ ਸਪੈਸ਼ਲ ਪੈਰੋਲ ਦਿਵਾਉਣ ਵਿੱਚ ਆਪਣੇ ਸਿਆਸੀ ਗੁਰੂਆਂ ਅੱਗੇ ਅਸਫਲ ਰਹੇ ਹੋ। ਕੌਮ ਦੇ ਚੌਕੀਦਾਰ ਹੋਣ ਦੇ ਨਾਤੇ ਅਸੀਂ ਤੁਹਾਨੂੰ ਸੁਝਾਅ ਦਿੰਦੇ ਹਾਂ ਕਿ ਗੁਰੂ ਦੀ ਗੋਲਕ ਅਤੇ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਤੁਸੀਂ ਆਪਣੀ ਸਿਆਸਤ ਨੂੰ ਚਮਕਾਉਣਾ ਤੁਰੰਤ ਬੰਦ ਕਰੋ।
ਖ਼ਾਲਸਾ ਪੰਥ ਦੇ ਸ਼ੁਭਚਿੰਤਕ
ਐਡਵੋਕੇਟ ਅਮਰ ਸਿੰਘ ਚਾਹਲ
ਬਾਪੂ ਗੁਰਚਰਨ ਸਿੰਘ
ਪ੍ਰੋਫ਼ੈਸਰ ਬਲਜਿੰਦਰ ਸਿੰਘ
ਬਲਬੀਰ ਸਿੰਘ ਹਿਸਾਰ