ਹੈਲਥ ਇੰਸਪੈਕਟਰਾਂ ਦਾ ਕੀਤਾ ਸਨਮਾਨ
ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਵਿੱਚ ਹੈਲਥ ਇੰਸਪੈਕਟਰ ਤੇ ਹੈਲਥ ਵਰਕਰਾਂ ਦਾ ਅਹਿਮ ਯੋਗਦਾਨ - ਸਰਪੰਚ ਦਲਜੀਤ ਸਿੰਘ
ਦਿਨੇਸ਼
ਗੁਰਦਾਸਪੁਰ 17 ਅਪ੍ਰੈਲ 2020 - ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੇ ਡਾਕਟਰ ਅਤੇ ਬਾਕੀ ਸਿਹਤ ਅਮਲਾ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਸਿਹਤ ਵਿਭਾਗ ਦੇ ਇੰਸਪੈਕਟਰ ਅਤੇ ਹੈਲਥ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰ ਰਹੇ ਹਨ। ਪੰਜਾਬ ਸਰਕਾਰ ਦੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਪੀ.ਐੱਚ.ਸੀ ਭੁੱਲਰ ਦੇ ਐੱਸ.ਐੱਮ.ਓ ਡਾ. ਸੁਦੇਸ਼ ਭਗਤ ਦੀ ਅਗਵਾਈ ਹੇਠ ਹੈਲਥ ਇੰਸਪੈਕਟਰ ਜਤਿੰਦਰ ਸਿੰਘ, ਵਰਿੰਦਰਜੀਤ ਸਿੰਘ, ਗੋਪਿੰਦਰ ਸਿੰਘ ਪੱਡਾ ਵੱਲੋਂ ਪੀਐੱਚਸੀ ਭੁੱਲਰ ਅਧੀਨ ਆਉਂਦੇ ਪਿੰਡਾਂ ਅੰਮੋਨੰਗਲ, ਰੰਘੜ ਨੰਗਲ, ਜਾਹਦਪੁਰ ਸੇਖਵਾਂ, ਜੈਤੋਸਰਜਾ, ਚਾਹਲ ਕਲਾਂ, ਮਿਸਰਪੁਰਾ ਅਤੇ ਚੂਹੇਵਾਲ ਦੇ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਦੱਸਿਆ।
ਇੰਸਪੈਕਟਰ ਵਰਿੰਦਰਜੀਤ ਸਿੰਘ ਨੇ ਪਿੰਡ ਚੂਹੇਵਾਲ ਵਿਖੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਕਿ ਇਹ ਵਾਇਰਸ ਓਨਾ ਚਿਰ ਤੁਹਾਡੇ ਘਰ ਨਹੀਂ ਆਵੇਗਾ ਜਿਨ੍ਹਾਂ ਚਿਰ ਇਸ ਨੂੰ ਕੋਈ ਬਾਹਰੋਂ ਜਾ ਕੇ ਨਹੀਂ ਲਿਆਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਮਜਬੂਰੀ ਵੱਸ ਬਾਹਰ ਜਾਣਾ ਵੀ ਪੈਂਦਾ ਹੈ ਤਾਂ ਆਪਣੇ ਮੂੰਹ ਨੂੰ ਢੱਕ ਕੇ ਬਾਹਰ ਜਾਇਆ ਜਾਵੇ। ਦੂਸਰੇ ਵਿਅਕਤੀਆਂ ਕੋਲੋਂ ਘੱਟੋ-ਘੱਟ 2 ਮੀਟਰ ਦੀ ਦੂਰੀ ਜ਼ਰੂਰ ਬਣਾ ਕੇ ਰੱਖੀ ਜਾਵੇ ਅਤੇ ਵਾਰ-ਵਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਖੰਘ, ਜ਼ੁਕਾਮ, ਬੁਖ਼ਾਰ ਜਾਂ ਸਾਹ ਲੈਣ ਵਿੱਚ ਪਰੇਸ਼ਾਨੀ ਹੋਵੇ ਤਾਂ ਉਸ ਨੂੰ ਤੁਰੰਤ ਸਿਹਤ ਵਿਭਾਗ ਨਾਲ ਰਾਬਤਾ ਕਰਨਾ ਚਾਹੀਦਾ ਹੈ।
ਇਸ ਮੌਕੇ ਪਿੰਡ ਚੂਹੇਵਾਲ ਦੇ ਸਰਪੰਚ ਦਲਜੀਤ ਸਿੰਘ ਬੰਮਰਾ ਨੇ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਜਤਿੰਦਰ ਸਿੰਘ, ਵਰਿੰਦਰਜੀਤ ਸਿੰਘ, ਗੋਪਿੰਦਰ ਸਿੰਘ ਪੱਡਾ ਨੂੰ ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਸਰਪੰਚ ਦਲਜੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਬਿਮਾਰੀ ਬਾਰੇ ਜਾਗਰੂਕ ਕਰਨ ਵਿੱਚ ਹੈਲਥ ਇੰਸਪੈਕਟਰ ਅਤੇ ਹੈਲਥ ਵਰਕਰਾਂ ਦਾ ਰੋਲ ਬਹੁਤ ਅਹਿਮ ਹੈ ਅਤੇ ਇਨ੍ਹਾਂ ਕਰਮਚਾਰੀਆਂ ਦੀ ਬਦੌਲਤ ਲੋਕਾਂ ਵਿੱਚ ਜਾਗਰੂਕਤਾ ਆਈ ਹੈ। ਉਹ ਕਿਹਾ ਕਿ ਇਹ ਕਰਮਚਾਰੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪਿੰਡੋਂ-ਪਿੰਡੀ ਲੋਕਾਂ ਦੀ ਖ਼ਬਰ-ਸਾਰ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਸਮਝਾ ਰਹੇ ਹਨ। ਸਰਪੰਚ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਹ ਸੁਹਿਰਦ ਯਤਨ ਜਲਦੀ ਹੀ ਕੋਰੋਨਾ ਨਾਮ ਦੀ ਮਹਾਂਮਾਰੀ ਉੱਪਰ ਕਾਬੂ ਪਾ ਲੈਣਗੇ।