ਹਰੀਸ਼ ਕਾਲੜਾ
- ਏਕਾਂਤਵਾਸ ਕੀਤੇ ਵਿਅਕਤੀਆਂ ਨੂੰ ਦਿਨ 'ਚ 5 ਵਾਰ ਕੀਤਾ ਜਾਂਦਾ ਹੈ ਚੈੱਕ
- ਸਿਹਤ ਵਿਭਾਗ ਵਲੋਂ ਏਕਾਂਤਵਾਸ ਕੀਤੇ ਹਰ ਵਿਅਕਤੀਆਂ ਨੂੰ ਕਾਲ ਕਰਕੇ ਵੀ ਕੀਤੀ ਜਾ ਰਹੀ ਜਾਂਚ
ਰੂਪਨਗਰ, 17 ਅਪ੍ਰੈਲ 2020:ਜਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨ ਲਈ ਹਰ ਪੱਧਰ 'ਤੇ ਪੁੱਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਜਿਸ ਤਹਿਤ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਤੋਂ ਇਲਾਵਾ ਹੋਰ ਪ੍ਰਭਾਵਿਤ ਜਿਲ੍ਹਿਆਂ ਤੇ ਰਾਜਾਂ ਤੋਂ ਆਏ ਵਿਅਕਤੀਆਂ ਨੂੰ ਵੀ ਏਕਾਂਤਵਾਸ ਕੀਤਾ ਜਾ ਰਿਹਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪੰਜਾਬ ਦੇ ਪ੍ਰਭਾਵਿਤ ਜਿਲ੍ਹਿਆਂ ਤੇ ਹੋਰ ਰਾਜਾਂ ਤੋਂ ਰੋਪੜ੍ਹ ਜਿਲ੍ਹੇ ਵਿਚ ਪ੍ਰਵੇਸ਼ ਕਰਨ ਵਾਲੇ ਹਰ ਵਿਅਕਤੀ ਦਾ ਵੇਰਵਾ ਲੈਕੇ ਉਨ੍ਹਾਂ ਨੂੰ ਘਰ੍ਹਾਂ ਵਿਚ ਏਕਾਂਤਵਾਸ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ ਕੁੱਲ 414 ਵਿਅਕਤੀਆਂ ਨੂੰ ਏਕਾਂਵਾਸ ਕੀਤਾ ਗਿਆ ਹੈ ਜਿਨ੍ਹਾਂ ਦੀ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵਲੋਂ ਨਿਗਰਾਨੀ ਵੀ ਕੀਤੀ ਜਾ ਰਹੀ ਹੈ ਕਿ ਉਹ ਨਿਯਮਾਂ ਦੀ ਉਲੰਘਣਾ ਕਰਕੇ ਘਰਾਂ ਤੋਂ ਬਾਹਰ ਜਾਂ ਜਨਤਕ ਥਾਂਵਾਂ 'ਤੇ ਨਾ ਜਾਣ। ਇਸ ਪ੍ਰਕਿਰਿਆ ਨੂੰ ਪੂਰੇ ਜਿਲ੍ਹੇ ਵਿਚ ਲਾਗੂ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਨਾਲ ਪੰਚਾਇਤ ਤੇ ਮਾਲ ਵਿਭਾਗ ਆਦਿ ਦੇ ਕਰਮਚਾਰੀ ਵੀ ਇਨ੍ਹਾਂ ਏਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਂਵੇ ਏਕਾਂਤਵਾਸ ਕੀਤੇ ਗਏ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਹਨ ਫਿਰ ਵੀ ਮੌਜੂਦਾ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਵੀ ਬਾਹਰੋਂ ਆਏ ਵਿਅਕਤੀ ਨੂੰ ਏਕਾਂਤਵਾਸ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਏਕਾਂਤਵਾਸ ਕੀਤੇ ਵਿਅਕਤੀਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਨਾਂ ਨੂੰ ਹੈਲਪ-ਲਾਈਨ ਨੰਬਰ ਵੀ ਉਪਲਬੱਧ ਕਰਵਾਏ ਗਏ ਹਨ ਕਿ ਜੇਕਰ ਕਿਸੇ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਨੇੜਲੇ ਸਿਹਤ ਕੇਂਦਰ ਤੋਂ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਉਨਾਂ ਅੱਗੇ ਦੱਸਿਆ ਇਨ੍ਹਾਂ ਏਕਾਂਤਵਾਸ ਕੀਤੇ ਵਿਅਕਤੀਆਂ ਨੂੰ ਸਿਹਤ ਵਿਭਾਗ ਦੇ ਅਫਸਰਾਂ ਤੇ ਮਲਟੀ ਪਰਪਸ ਹੈਲਥ ਵਰਕਰਾਂ ਵਲੋਂ ਫੋਨ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਸੂਚਿਤ ਵੀ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਘਰਾਂ ਵਿਚ ਰਹਿਣ ਅਤੇ ਪੰਜਾਬ ਸਰਕਾਰ ਵਲੋਂ ਦਿਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਉਹ ਘਰਾਂ ਵਿਚ ਰਹਿ ਕੇ ਕੋਰੋਨਾ ਵਿਰੁੱਧ ਇਸ ਜੰਗ ਵਿਚ ਸਰਕਾਰ ਦਾ ਸਾਥ ਦੇਕੇ ਅਹਿਮ ਭੂਮਿਕਾ ਨਿਭਾਉਣ।