ਦੇਵਾ ਨੰਦ ਸ਼ਰਮਾ
- ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿੱਚੋਂ ਦਿੱਤੀ ਗਈ ਛੁੱਟੀ
- ਘਰ ਜਾ ਰਹੇ ਲੋਕਾਂ ਵਿੱਚੋਂ ਹਜ਼ੂਰ ਸਾਹਿਬ ਤੋਂ ਪਰਤੇ 35 ਸ਼ਰਧਾਲੂ ਅਤੇ 4 ਰਾਜਸਥਾਨ ਤੋਂ ਪਰਤੀ ਲੇਬਰ ਨਾਲ ਸਬੰਧਤ
- ਘਰ ਭੇਜੇ ਹਰ ਵਿਅਕਤੀ ਦੇ ਮੋਬਾਈਲ ਵਿੱਚ ਹੈਲਥ ਅੱਪਡੇਟ ਅਤੇ ਟ੍ਰੈਕਿੰਗ ਲਈ ਕੋਵਾ ਐਪ ਡਾਊਨਲੋਡ ਕਰਵਾਈ ਗਈ
ਫ਼ਰੀਦਕੋਟ, 16 ਮਈ 2020 - ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤੇ ਗਏ ਕੁੱਲ 51 ਕੋਰੋਨਾ ਮਰੀਜ਼ਾਂ ਵਿੱਚੋਂ ਅੱਜ 39 ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ। ਇਨ੍ਹਾਂ ਵਿੱਚੋਂ 35 ਲੋਕ ਹਜ਼ੂਰ ਸਾਹਿਬ ਨੰਦੇੜ ਤੋਂ ਪਰਤੇ ਸ਼ਰਧਾਲੂ ਅਤੇ 4 ਲੋਕ ਰਾਜਸਥਾਨ ਤੋਂ ਪਰਤੀ ਲੇਬਰ ਨਾਲ ਸਬੰਧਤ ਹਨ ,ਜਿਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਮਗਰੋਂ ਉਨ੍ਹਾਂ ਨੂੰ ਇੱਥੋਂ ਦੀ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਸੀ।
ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਆਈਸੋਲੇਸ਼ਨ ਵਾਰਡ ਵਿੱਚੋਂ ਇਨ੍ਹਾਂ ਲੋਕਾਂ ਨੂੰ ਘਰ ਭੇਜਣ ਸਮੇਂ ਸਿਵਲ ਸਰਜਨ ਡਾ ਰਜਿੰਦਰ ਕੁਮਾਰ, ਮੈਡੀਕਲ ਸੁਪਰਡੈਂਟ ਡਾ ਰਜੀਵ ਜੋਸੀ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਡਾ ਦੀਪਕ ਜੌਹਨ ਭੱਟੀ ਹਾਜ਼ਰ ਸਨ । ਉਨ੍ਹਾਂ ਇਨ੍ਹਾਂ ਲੋਕਾਂ ਦੀ ਸਿਹਤਯਾਬੀ ਲਈ ਸ਼ੁੱਭ ਇਛਾਵਾਂ ਦਿੱਤੀਆਂ ਤੇ ਇਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਵਿਸੇਸ਼ ਬੱਸਾਂ ਰਾਹੀਂ ਉਨ੍ਹਾਂ ਦੇ ਘਰ ਤੱਕ ਭੇਜਿਆ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿੱਚ ਜ਼ਿਲ੍ਹੇ ਨਾਲ ਸਬੰਧਤ ਕੁੱਲ 56 ਕਰੋਨਾ ਪਾਜਟਿਵ ਮਰੀਜ਼ ਸਨ ,ਜਿਨ੍ਹਾਂ ਵਿੱਚੋਂ ਅੱਜ 39 ਮਰੀਜ਼ਾਂ ਨੂੰ ਸਿਹਤਯਾਬ ਹੋਣ ਅਤੇ ਇਨ੍ਹਾਂ ਦੀ ਕਰੋਨਾ ਰਿਪੋਰਟ ਨੈਗਟਿਵ ਆਉਣ ਮਗਰੋਂ ਛੁੱਟੀ ਦਿੱਤੀ ਗਈ ਹੈ ਜ਼ਦ ਕਿ 6 ਮਰੀਜਾਂ ਨੂੰ ਇਸ ਤੋਂ ਪਹਿਲਾਂ ਛੁੱਟੀ ਦਿੱਤੀ ਜਾ ਚੁੱਕੀ ਹੈ ਅਤੇ ਹੁਣ 11 ਐਕਟਿਵ ਮਰੀਜ ਜੋ ਹੁਣ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚ ਰਹਿ ਗਏ ਹਨ।ਉਨ੍ਹਾਂ ਦੱਸਿਆ ਕਿ ਘਰ ਭੇਜੇ ਗਏ ਲੋਕਾਂ ਵਿਚ 35 ਹਜ਼ੂਰ ਸਾਹਿਬ ਤੋਂ ਪਰਤੇ ਤੇ 4 ਰਾਜਸਥਾਨ ਤੋਂ ਪਰਤੀ ਲੇਬਰ ਦੇ ਨਾਲ ਸਬੰਧਤ ਸਨ।ਉਨ੍ਹਾਂ ਦੱਸਿਆ ਕਿ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ 39 ਜਦ ਕਿ ਇਕ ਹੋਰ ਜ਼ਿਲ੍ਹੇ ਨਾਲ ਸਬੰਧਤ ਕੁੱਲ 40 ਮਰੀਜ਼ਾਂ ਨੂੰ ਕਰੋਨਾ ਰਿਪੋਰਟਾਂ ਨੈਗਟਿਵ ਆਉਣ ਉਪਰੰਤ ਅਤੇ ਸਿਹਤਯਾਬ ਹੋਣ ਉਪਰੰਤ ਛੁੱਟੀ ਦਿੱਤੀ ਗਈ ਹੈ।
ਇਕ ਮੌਕੇ ਗੁਰੂ ਗੋਬਿੰਦ ਸਿਘ ਮੈਡੀਕਲ ਕਾਲਜ ਮੈਡੀਕਲ ਸੁਪਰਡੈਂਟ ਡਾ ਰਜੀਵ ਜੋਸ਼ੀ ਨੇ ਦੱਸਿਆ ਕਿ ਹਸਪਤਾਲ ਤੋਂ ਘਰ ਭੇਜੇ ਗਏ ਵਿਅਕਤੀ ਦੇ ਮੋਬਾਈਲ ਵਿੱਚ ਕੋਵਾ ਐਪ ਵੀ ਡਾਊਨਲੋਡ ਕਰਵਾਈ ਗਈ ਹੈ ਜਿਸ ਅਨੁਸਾਰ ਇੱਕ ਤਾਂ ਇਸ ਐਪ ਵਿੱਚ ਜੀ ਪੀ ਐੱਸ ਟਰੈਕਰ ਰਾਹੀਂ ਇਨ੍ਹਾਂ ਵਿਅਕਤੀਆਂ ਨੂੰ ਟਰੈਕ ਕੀਤਾ ਜਾਵੇਗਾ ਕਿ ਇਨ੍ਹਾਂ ਵਿੱਚੋਂ ਕੋਈ ਵੀ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕਰਦਾ ਅਤੇ ਦੂਜਾ ਰੋਜ਼ਾਨਾ ਇਸ ਐਪ ਵਿੱਚ ਇਨ੍ਹਾਂ ਵਿਅਕਤੀਆਂ ਵੱਲੋਂ ਆਪਣੀ ਹੈਲਥ ਸਬੰਧੀ ਅੱਪਡੇਟ ਵੀ ਕੀਤਾ ਜਾਵੇਗਾ ।
ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਆਈਸੋਲੇਸ਼ਨ ਵਾਰਡ ਵਿੱਚੋਂ ਘਰ ਭੇਜੇ ਜਾਣ ਵਾਲੇ ਲੋਕਾਂ ਨੇ ਉਨ੍ਹਾਂ ਦੀ ਚੰਗੀ ਦੇਖਭਾਲ ,ਵਧੀਆ ਖਾਣੇ ਅਤੇ ਸਮੇਂ ਸਿਰ ਦਵਾਈ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਮੈਡੀਕਲ ਕਾਲਜ ਦੇ ਸਟਾਫ਼ , ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ।ਇਸ ਮੌਕੇ ਸਿਵਲ ਸਰਜਨ ਡਾ ਰਜਿੰਦਰ ਕੁਮਾਰ ਅਤੇ ਹਸਪਤਾਲ ਦੇ ਸਟਾਫ ਵੱਲੋਂ ਘਰ ਜਾ ਰਹੇ ਲੋਕਾਂ ਨੂੰ ਮਠਿਆਈਆਂ ਵੀ ਭੇਟ ਕੀਤੀਆਂ ਗਈਆਂ।
ਇਸ ਮੌਕੇ ਡਾ ਕਿਰਨ, ਅਮਨਦੀਪ ਨਰਸਿੰਗ ਸੁਪਰਡੈਂਟ ਤੋਂ ਇਲਾਵਾ ਪੈਰਾਮੈਡੀਕਲ ਸਟਾਫ ਵੀ ਹਾਜ਼ਰ ਸੀ।