....ਐਦਾਂ ਵੀ ਹੋ ਜਾਇਆ ਕਰਦੀ ਹੈ ..ਕਦੇ -ਕਦੇ
ਰਛਪਾਲ ਸਹੋਤਾ, ਸਿਨਸਿਨੈਟੀ, ਯੂ ਐੱਸ ਏ
ਸਿਨਸਿਨੈਟੀ, ਯੂ ਐੱਸ ਏ, 28 ਜੂਨ , 2020 : ਦੁਨੀਆ 'ਚ ਜਿਹੜੇ ਲੋਕ ਬਹੁਤੇ ਚਲਾਕ ਬਣਨ ਦਾ ਯਤਨ ਕਰਦੇ ਨੇ , ਕਦੇ -ਕਦੇ ਉਨ੍ਹਾਂ ਲਈ ਵੀ ਬਾਜ਼ੀ ਪੁੱਠੀ ਪੈ ਜਾਂਦੀ ਐ .
ਦੇਖੋ ਕਿਵੇਂ ..
ਅਮਰੀਕਾ ਦੇ ਕੈਲੇਫੋਰਨੀਆ ਦੇ ਸੈਨ ਡਿਏਗੋ ਸ਼ਹਿਰ ਦੀ ਘਟਨਾ ਹੈ .ਇਕ ਗਾਹਕ ਔਰਤ ਸਟਾਰ ਬਕਸ ਤੇ ਆਈ; ਉਸ ਨੇ ਚਿਹਰੇ ਤੇ ਮਾਸਕ ਨਹੀਂ ਸੀ ਪਾਇਆ ਹੋਇਆ । ਜਦੋਂ ਸਟਾਰਬਕਸ ਦੇ ਲੈਨਿਨ ਗਟਿਅਰਜ਼ (Lenin Gutierrez) ਨਾਂ ਦੇ ਕਰਮਚਾਰੀ ਨੇ ਉਹਨੂੰ ਪੁੱਛਿਆ ਕਿ ਕੀ ਉਸ ਕੋਲ ਮਾਸਕ ਹੈ ਤਾਂ ਉਸ ਨੇ ਕਿਹਾ ਕਿ "ਨਹੀਂ, ਮੈਨੂੰ ਜ਼ਰੂਰਤ ਨਹੀਂ ਹੈ।" ਜਦੋਂ ਲੈਨਿਨ ਨੇ ਉਹਨੂੰ, ਉਹ ਪੇਪਰ, ਜਿਹੜਾ ਕਰਮਚਾਰੀਆਂ ਨੂੰ ਕੰਪਨੀ ਵੱਲੋਂ ਗਾਈਡਲਾਈਨਜ਼ ਵਜੋਂ ਦਿੱਤਾ ਗਿਆ ਸੀ ਤੇ ਜਿਸ ਤੇ ਲਿਖਿਆ ਸੀ ਕਿ ਗਾਹਕ ਲਈ ਵੀ ਮਾਸਕ ਪਪਾਉਣਾ ਜ਼ਰੂਰੀ ਹੈ, ਉਸ ਨੂੰ ਵਿਖਾਉਣਾ ਚਾਹਿਆ ਤਾਂ ਉਹ ਬੁਰਾ ਭਲਾ ਬੋਲਦੀ ਬਾਹਰ ਚਲੀ ਗਈ। ਪਰ ਕੁੱਝ ਮਿੰਟਾਂ ਬਾਅਦ ਉਹ ਵਾਪਸ ਆਈ, ਤੇ ਉਸ ਨੇ ਕਰਮਚਾਰੀ ਤੋਂ ਉਸਦਾ ਨਾਂ ਪੁੱਛਿਆ, ਉਹਦੀ ਫ਼ੋਟੋ ਲਈ ਤੇ ਇਹ ਧਮਕੀ ਦਿੰਦੀ ਹੋਈ ਕਿ ਉਹ ਕੰਪਨੀ ਕੋਲ ਉਹਦੀ ਸ਼ਿਕਾਇਤ ਕਰੇਗੀ, ਚਲੀ ਗਈ। ਉਸ ਨੇ ਫੇਸ ਬੁੱਕ ਤੇ ਕਰਮਚਾਰੀ ਦੀ ਫ਼ੋਟੋ ਪਾਈ ਤੇ ਦੱਸਿਆ ਕਿ ਕਿਵੇਂ ਉਸ ਕਰਮਚਾਰੀ ਨੇ ਉਸ ਦੇ ਮਾਸਕ ਨਾਂ ਪਾਉਣ ਕਾਰਨ ਉਹਦੀ ਗਾਹਕ ਦੇ ਤੌਰ ਤੇ ਸਰਵਿਸ ਦੇਣ ਤੋਂ ਨਾਂਹ ਕਰ ਦਿੱਤੀ ਸੀ।
ਪਰ ਇਹ ਸ਼ਿਕਾਇਤ ਉਹਨੂੰ ਪੁੱਠੀ ਪਈ। ਕਿਸੇ ਨੇ ਉਸ ਕਰਮਚਾਰੀ ਦੇ ਨਾਂ ਥੱਲੇ ‘GoFundMe’ ਅਕਾਊਂਟ ਖੋਲ੍ਹ ਦਿੱਤਾ ਤੇ 27 ਜੂਨ, 2020 ਨੂੰ ( ਭਾਰਤੀ ਸਮੇਂ ਦੇ ਰਾਤ 12 ਵਜੇ ) ਇਸ ਖ਼ਬਰ ਲਿਖਣ ਵੇਲੇ ਤੱਕ ਉਸ ਫ਼ੰਡ ਵਿੱਚ ਲੋਕਾਂ ਵੱਲੋਂ ਕਰਮਚਾਰੀ ਦੀ ਮਦਦ ਲਈ 65,000 ਤੋਂ ਵੱਧ ਡਾਲਰ ਪੈ ਚੁੱਕੇ ਸਨ। ਦੂਜੇ ਪਾਸੇ ਲੋਕੀ ਉਸ ਔਰਤ ਦੀ 'ਕੈਰਨ' ਕਹਿ ਕਹਿ ਕੇ ਭੰਡੀ ਕਰ ਰਹੇ ਸਨ - ਅਮਰੀਕਾ ਵਿੱਚ ਕੈਰਨ ਇੱਕ ਚਿੱਟੇ ਰੰਗ ਦੀ ਔਰਤ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਜਿਹੜੀ ਆਪਣੇ ਆਪ ਨੂੰ ਆਪਣੀ ਨਸਲ ਕਰਕੇ ਹੀ ਸਮਾਜ ਵਿੱਚ ਇੱਜ਼ਤ ਕਰਵਾਉਣ ਦੀ ਹੱਕਦਾਰ ਸਮਝਦੀ ਹੋਵੇ। ਔਰਤ ਨੂੰ ਅੰਡਰਗਰਾਊਂਡ ਹੋਣਾ ਪਿਆ ਕਿਉਂਕਿ ਉਸਨੂੰ ਅਣਪਛਾਤੇ ਲੋਕਾਂ ਵੱਲੋਂ ਮਾਰਨ ਦੀਆਂ ਧਮਕੀਆਂ ਆਉਣ ਲੱਗ ਪਈਆਂ ਸਨ।
Rachhpal Sahota <rachhpalsahota@hotmail.com