ਅਸ਼ੋਕ ਵਰਮਾ
ਮਾਨਸਾ, 7 ਮਈ 2020 - ਮਾਨਸਾ ਜ਼ਿਲ੍ਹੇ ’ਚ ਅੱਜ ਇੱਕ 13 ਸਾਲ ਦੇ ਬੱਚੇ ਅੱਗੇ ਕੋਰੋਨਾ ਹਾਰ ਗਿਆ ਹੈ। ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਵਿੱਚ ਸ਼ਾਮਲ ਇਸ ਬੱਚੇ ਵੱਲੋਂ ਜੰਗ ਜਿੱਤਣ ਉਪਰੰਤ ਉਸ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਛੱਤੀਸਗੜ ਤੋਂ ਆਏ ਵਿਅਕਤੀਆਂ ਦੇ ਸੈਂਪਲ ਪਾਜ਼ੀਟਿਵ ਆਉਣ ਤੋਂ ਬਾਅਦ ਉਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਇਸ ਕੋਰੋਨਾ ਮਰੀਜ ਦੇ 7 ਅਪ੍ਰੈਲ ਨੂੰ ਸੈਂਪਲ ਲਏ ਗਏ ਸਨ, ਜਿਸ ਤੋਂ ਬਾਅਦ 9 ਅਪ੍ਰੈਲ ਨੂੰ ਇਸਦਾ ਸੈਂਪਲ ਪਾਜ਼ੀਟਿਵ ਆਉਣ ’ਤੇ ਇਸਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤਾ ਗਿਆ ਸੀ।
ਸਿਵਲ ਸਰਜਨ ਨੇ ਦੱਸਿਆ ਕਿ ਕੱਲ ਦੋ ਕੋਰੋਨਾ ਪਾਜ਼ੀਟਿਵ ਵਿਅਕਤੀ 24 ਸਾਲਾ ਪਿੰਡ ਬੁਰਜ ਰਾਠੀ ਅਤੇ 40 ਸਾਲਾ ਔਰਤ ਪਿੰਡ ਰਣਜੀਤਗੜ ਬਾਂਦਰਾ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ। ਹੁਣ ਮਾਨਸਾ ਵਿੱਚ 14 ਮਰੀਜ਼ਾਂ ਦਾ ਮਾਹਿਰ ਡਾਕਟਰਾਂ ਦੀ ਦੇਖ-ਰੇਖ ਵਿੱਚ ਇਲਾਜ ਕੀਤਾ ਜਾ ਰਿਹਾ ਹੈ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲਾਕਡਾਊਨ ਦੌਰਾਨ ਪ੍ਰਸ਼ਾਸਨ ਦਾ ਸਹਿਯੋਗ ਕਰਨ, ਘਰਾਂ ਤੋਂ ਬਾਹਰ ਨਾ ਨਿਕਲਣ, ਸਿਰਫ ਜਰੂਰੀ ਕੰਮ ਲਈ ਹੀ ਆਪਣੇ ਘਰ ਤੋਂ ਬਾਹਰ ਜਾਇਆ ਜਾਵੇ, ਘਰ ਤੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਇਆ ਜਾਵੇ ਅਤੇ ਸੁੱਕੀ ਖੰਘ, ਜੁਕਾਮ ਅਤੇ ਸਾਹ ਲੈਣ ਵਿੱਚ ਤਕਲੀਫ ਹੋਣ ’ਤੇ ਆਪਣੀ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਸਰਕਾਰ ਦੁਆਰਾ ਸਿਹਤ ਸੇਵਾਵਾਂ ਲਈ ਚਲਾਈ ਗਈ ਈ-ਸੰਜੀਵਨੀ ਆਨ-ਲਾਈਨ ਓ.ਪੀ.ਡੀ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।