300 ਮੁਸਾਫ਼ਰਾਂ ਨੂੰ ਲੈ ਕੇ ਜਹਾਜ਼ ਨਿਊਜ਼ੀਲੈਂਡ ਲਈ ਹੋਇਆ ਰਵਾਨਾ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 24 ਅਪ੍ਰੈਲ, 2020 : ਅੱਜ ਰਾਤ ਵਿਸ਼ੇਸ਼ ਚਾਰਟਰ ਜਹਾਜ਼ ਦੇ ਵਿਚ ਦਿੱਲੀ ਤੋਂ ਔਕਲੈਂਡ ਦੀ 'ਵਤਨ ਵਾਪਿਸੀ' ਫਲਾਈਟ ਫੜ ਰਹੇ ਯਾਤਰੀ ਜਿੱਥੇ ਸ਼ੁਰੂ ਦੇ ਵਿਚ ਵਿਦੇਸ਼ ਮੰਤਰੀ ਵਿਨਸਨ ਪੀਟਰਜ਼ ਦੇ ਅਹਿਸਾਨ ਅਧੀਨ ਰਹਿਣਗੇ ਉਥੇ ਵਤਨ ਪਰਤਦਿਆਂ ਖਾਤਿਆਂ ਨੂੰ 5500 ਡਾਲਰ ਦੇ ਹਿਲਦਾ ਵੇਖ ਸ਼ਾਇਦ ਅਹਿਸਾਨ ਸ਼ਬਦ ਦਾ ਵਿਰੋਧੀ ਸ਼ਬਦ ਲੱਭ ਕੇ ਇਨ੍ਹਾਂ ਨੂੰ 'ਫਿਕਸ' ਕਰਨ ਦੀ ਕੋਸ਼ਿਸ਼ ਕਰਨ। ਕਹੀਏ ਜਿੱਦਾਂ ਮਰਜ਼ੀ ਇਸ ਵਿਸੇਸ਼ ਜਹਾਜ਼ ਦਾ ਜੁਗਾੜ ਕਰਨ ਵਾਸਤੇ ਵਿਦੇਸ਼ ਮੰਤਰਾਲੇ, ਓਰਬਿਟ ਕੰਪਨੀ ਅਤੇ ਏਸ਼ੀਅਨ ਟਰੈਵਲ ਦਿੱਲੀ ਵਾਲਿਆਂ ਨੂੰ ਕਾਫੀ ਕੰਮ ਕਰਨਾ ਪਿਆ। ਇਧਰੋਂ-ਉਧਰੋਂ ਜਾਣਕਾਰੀ ਪ੍ਰਾਪਤ ਕਰਕੇ ਜਦੋਂ ਜਮ੍ਹਾ ਘਟਾਓ ਕੀਤਾ ਤਾਂ ਪਾਇਆ ਕਿ ਪੰਜਾਬ ਦੇ ਵਿਚ 9 ਵੋਲਵੋ ਬੱਸਾਂ ਨੇ ਲਗਪਗ 240 ਦੇ ਕਰੀਬ ਯਾਤਰੀ ਇਕੱਠੇ ਕੀਤੇ।
ਜਲੰਧਰ ਤੋਂ ਦਿੱਲੀ ਵਾਲੀ ਬੱਸ ਵਿਚ ਕੁੱਲ 38 (26 ਸਿਟੀਜ਼ਨ-12 ਪੀ. ਆਰ.), ਮੋਹਾਲੀ ਤੋਂ ਦਿੱਲੀ ਦੇ ਵਿਚ ਕੁੱਲ 29 (21 ਸਿਟੀਜ਼ਨ-8 ਪੀ. ਆਰ.), ਫਰੀਦਕੋਟ-ਬਠਿੰਡਾ-ਸੰਗਰੂਰ ਦੇ ਵਿਚ ਕੁੱਲ 29 (17 ਸਿਟੀਜ਼ਨ-12 ਪੀ. ਆਰ.), ਜਲੰਧਰ ਤੋਂ ਦਿੱਲੀ ਕੁੱਲ 29 (24 ਸਿਟੀਜ਼ਨ-5 ਪੀ. ਆਰ.), ਲੁਧਿਆਣਾ-ਖੰਨਾ-ਫਤਹਿਗੜ੍ਹ ਸਾਹਿਬ ਦੇ ਵਿਚ ਕੁੱਲ 21 (26 ਸਿਟੀਜ਼ਨ-6 ਪੀ. ਆਰ.), ਹੁਸ਼ਿਆਰਪੁਰ-ਕਪੂਰਥਲਾ ਫਿਲੌਰ ਦੇ ਵਿਚ ਕੁੱਲ 31 (20 ਸਿਟੀਜ਼ਨ-11 ਪੀ. ਆਰ.), ਨਵਾਂਸ਼ਹਿਰ ਦੇ ਵਿਚ ਕੁੱਲ 28 (16 ਸਿਟੀਜ਼ਨ-12 ਪੀ. ਆਰ.), ਪਟਿਆਲਾ-ਰਾਜਪੁਰਾ, ਕੁਰੂਕਸ਼ੇਤਰ-ਕਰਨਾਲ ਦੇ ਵਿਚ ਕੁੱਲ 24 (13 ਸਿਟੀਜ਼ਨ-11 ਪੀ. ਆਰ.), ਗੁਰਦਾਸਪੁਰ ਦੇ ਵਿਚ 1 ਸਵਾਰੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਬੱਸਾਂ, ਇਨੈਵੋ ਅਤੇ ਸਵਿਫਟ ਕਾਰਾਂ ਦੀ ਵਰਤੋਂ ਵੀ ਕੀਤੀ ਗਈ ਹੈ ਜੋ ਕਿ ਉਦੈਪੁਰ-ਜੈਪੁਰ, ਖੇੜੀ-ਬਰੇਲੀ, ਕਾਨਪੁਰ-ਮਥੁਰਾ, ਰਿਸ਼ੀਕੇਸ਼, ਗੁਆਨਾ, ਦਿੱਲੀ ਲੋਕਲ ਅਤੇ ਜੰਮੂ ਕਸ਼ਮੀਰ ਮਿਲਾ ਕੇ ਲਗਪਗ 300 ਤੋਂ ਉਪਰ ਸਵਾਰੀਆਂ ਇਕੱਠੀਆਂ ਕੀਤੀਆਂ ਗਈਆਂ। ਮੋਟੀ-ਮੋਟੀ ਗਿਣਤੀ ਮੁਤਾਬਿਕ 210 ਦੇ ਕਰੀਬ ਸਿਟੀਜ਼ਨ ਅਤੇ 91 ਦੇ ਕਰੀਬ ਪੀ. ਆਰ. ਵਿਅਕਤੀ ਇਸ ਫਲਾਈਟ ਦੇ ਵਿਚ ਸਫਰ ਕਰ ਰਹੇ ਹਨ।
ਹੁਣ ਤੱਕ ਇਹ ਫਲਾਈਟ ਔਕਲੈਂਡ ਹੀ ਜਾਣ ਦੇ ਚਰਚੇ ਹਨ ਅਤੇ ਫਲਾਈਟ ਸਟੇਟਸ ਉਤੇ ਆ ਰਿਹਾ ਹੈ। ਕਈ ਲੋਕਾਂ ਨੂੰ ਪਤਾ ਲੱਗਾ ਹੈ ਕਿ ਸ਼ਾਇਦ ਇਹ ਫਲਾਈਟ 14 ਦਿਨ ਦੇ ਇਕਾਂਤਵਾਸ ਲਈ ਹੋਰ ਕਿਤੇ ਜਾਵੇ। ਹੋ ਸਕਦਾ ਹੈ ਕਿ ਪਹੁੰਚਣ ਉਤੇ ਘਰੇਲੂ ਉਡਾਣ ਦੀ ਵਰਤੋਂ ਕੀਤੀ ਜਾਵੇ। ਕੁਝ ਲੋਕਾਂ ਦੇ ਕ੍ਰਾਈਸਟਚਰਚ ਭੇਜੇ ਜਾਣ ਦੇ ਵੀ ਚਰਚੇ ਹਨ।