ਹਰਿੰਦਰ ਨਿੱਕਾ
ਬਰਨਾਲਾ, 25 ਅਪ੍ਰੈਲ 2020 - ਸ਼ਨੀਵਾਰ ਨੂੰ ਵੀ ਜਿਲ੍ਹੇ ਦੇ ਵੱਖ ਵੱਖ ਖੇਤਰਾਂ ਚੋਂ, ਸਿਹਤ ਵਿਭਾਗ ਦੀਆਂ ਟੀਮਾਂ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਲਈ ਜੁਟੀਆਂ ਰਹੀਆਂ। ਜਿਨ੍ਹਾਂ ਨੇ ਸ਼ਹਿਰੀ ਤੇ ਪੇਂਡੂ ਖੇਤਰਾਂ ਚੋਂ 80 ਹੋਰ ਨਵੇਂ ਸ਼ੱਕੀ ਮਰੀਜਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਜਦੋਂ ਕਿ ਅੱਜ 69 ਜਣਿਆਂ ਦੀ ਰਿਪੋਰਟ ਨੈਗੇਟਿਵ ਆ ਜਾਣ ਨਾਲ ਇਲਾਕੇ ਚ, ਥੋੜੀ ਰਾਹਤ ਦਾ ਬੁੱਲਾ ਵੀ ਆਇਆ ਹੈ। ਇਸ ਸਬੰਧ ਚ, ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਵੀ 80 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਇਹ ਉਹ ਮਰੀਜ਼ ਹਨ। ਜਿਨ੍ਹਾਂ ਨੂੰ ਹਲਕੀ ਖੰਘ ਜਾਂ ਬੁਖਾਰ ਦੀ ਸ਼ਿਕਾਇਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੰਘ, ਜੁਕਾਮ ਜਾਂ ਬੁਖਾਰ ਦੀ ਸ਼ਿਕਾਇਤ ਹੋਣ ਤੇ ਨਜ਼ਦੀਕੀ ਹਸਪਤਾਲ ਚ, ਜਰੂਰ ਜਾਣ, ਕੋਈ ਡਰਨ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਖੰਘ, ਜੁਕਾਮ ਜਾਂ ਬੁਖਾਰ ਦੀ ਸ਼ਿਕਾਇਤ ਹੋਣ ਵਾਲੇ ਨੂੰ ਕੋਰੋਨਾ ਦਾ ਮਰੀਜ਼ ਵੀ ਨਹੀਂ ਕਿਹਾ ਜਾ ਸਕਦਾ। ਪਰ ਇਨ੍ਹਾਂ ਲੱਛਣਾਂ ਨੂੰ ਨਜਰਅੰਦਾਜ ਕਰਨਾ ਵੀ ਮੁਸੀਬਤ ਖੜੀ ਕਰ ਸਕਦਾ ਹੈ।