ਲਗਾਤਾਰ 3 ਵਾਰ ਹਾਰਨ ਵਾਲੇ ਜੱਸੀ ਇਸ ਵਾਰ ਤਲਵੰਡੀ ਸਾਬੋ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਹਨ ਚੋਣ, ਕਾਂਗਰਸ ਨੇ ਡੇਰਾ ਮੁੱਖੀ ਦੇ ਕੁੜਮ ਜੱਸੀ ਨੂੰ ਪਾਰਟੀ ਵਿਚੋਂ ਕੀਤਾ ਸੀ ਬਾਹਰ
ਦੀਪਕ ਗਰਗ
ਕੋਟਕਪੂਰਾ / ਚੰਡੀਗੜ੍ਹ 18 ਫਰਵਰੀ 2022 - ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਕਰੀਬੀ ਹਰਮਿੰਦਰ ਜੱਸੀ ਨੂੰ ਕਾਂਗਰਸ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਜੱਸੀ ਇਸ ਵਾਰ ਤਲਵੰਡੀ ਸਾਬੋ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਪਾਰਟੀ ਨੇ 5 ਫਰਵਰੀ 2022 ਨੂੰ ਜੱਸੀ ਨੂੰ ਹਟਾਉਣ ਸਬੰਧੀ ਪੱਤਰ ਜਾਰੀ ਕੀਤਾ ਸੀ, ਜੋ ਹੁਣ ਸਾਹਮਣੇ ਆ ਗਿਆ ਹੈ। ਇਸ ਪੱਤਰ ਦੇ ਜਾਰੀ ਹੋਣ ਤੋਂ ਇੱਕ ਦਿਨ ਪਹਿਲਾਂ ਜੱਸੀ ਨੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਸੀ।
ਦਰਅਸਲ ਜੱਸੀ ਦੀ ਬੇਟੀ ਦਾ ਵਿਆਹ ਰਾਮ ਰਹੀਮ ਦੇ ਬੇਟੇ ਨਾਲ ਹੋਇਆ ਹੈ। ਡੇਰੇ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਹੈ ਕਿ ਜੱਸੀ ਦਾ ਸਮਰਥਨ ਕੀਤਾ ਜਾ ਰਿਹਾ ਹੈ ਕਿਉਂਕਿ ਜੱਸੀ ਡੇਰਾ ਮੁਖੀ ਦੇ ਰਿਸ਼ਤੇਦਾਰ ਅਤੇ ਡੇਰਾ ਪ੍ਰੇਮੀ ਹਨ। ਜੱਸੀ ਜਨਵਰੀ ਵਿੱਚ ਸਿਰਸਾ ਗਏ ਸਨ ਅਤੇ ਉਥੋਂ ਦੇ ਸਿਆਸੀ ਵਿੰਗ ਦੇ ਅਧਿਕਾਰੀਆਂ ਨੂੰ ਮਿਲੇ ਸਨ। ਲਗਾਤਾਰ ਤਿੰਨ ਚੋਣਾਂ ਹਾਰਨ ਵਾਲੇ ਜੱਸੀ ਕਾਂਗਰਸ ਵਿੱਚ ਸਨ ਅਤੇ ਤਲਵੰਡੀ ਸਾਬੋ ਸੀਟ ਤੋਂ ਚੋਣ ਲੜਨ ਦੇ ਚਾਹਵਾਨ ਸਨ। ਜਦੋਂ ਪਾਰਟੀ ਨੇ ਟਿਕਟ ਨਾ ਦਿੱਤੀ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
2012 ਦੀਆਂ ਚੋਣਾਂ ਵਿੱਚ ਬਠਿੰਡਾ ਵਿਧਾਨ ਸਭਾ ਸੀਟ ਤੋਂ ਹਰਮਿੰਦਰ ਸਿੰਘ ਜੱਸੀ ਅਕਾਲੀ ਉਮੀਦਵਾਰ ਸਰੂਪ ਚੰਦਰ ਸਿੰਗਲਾ ਤੋਂ 6445 ਵੋਟਾਂ ਨਾਲ ਹਾਰ ਗਏ ਸਨ। 2014 ਵਿਚ ਜਦੋਂ ਤਲਵੰਡੀ ਸਾਬੋ ਸੀਟ 'ਤੇ ਉਪ ਚੋਣ ਹੋਈ ਤਾਂ ਕਾਂਗਰਸ ਨੇ ਜੱਸੀ ਨੂੰ ਟਿਕਟ ਦਿੱਤੀ ਪਰ ਉਦੋਂ ਵੀ ਜੱਸੀ ਹਾਰ ਗਏ ਸਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਬਠਿੰਡਾ ਜ਼ਿਲ੍ਹੇ ਦੀ ਮੌੜ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ। ਫਿਰ ਵੋਟਾਂ ਤੋਂ ਇੱਕ ਦਿਨ ਪਹਿਲਾਂ ਮੌੜ ਮੰਡੀ ਵਿੱਚ ਜੱਸੀ ਦੀ ਰੈਲੀ ਵਿੱਚ ਧਮਾਕਾ ਹੋਇਆ ਜਿਸ ਵਿੱਚ ਕਈ ਲੋਕ ਮਾਰੇ ਗਏ।
ਜੱਸੀ ਇਸ ਚੋਣ ਵਿੱਚ ਵੀ ਹਾਰ ਗਏ ਸਨ। ਮੌੜ ਮੰਡੀ ਧਮਾਕੇ ਦੀ ਜਾਂਚ ਪੰਜਾਬ ਦੀ ਐਸਆਈਟੀ ਕਰ ਰਹੀ ਹੈ ਅਤੇ ਇਸ ਧਮਾਕੇ ਦੀਆਂ ਤਾਰਾਂ ਵੀ ਸਿਰਸਾ ਡੇਰੇ ਨਾਲ ਜੁੜੀਆਂ ਹੋਈਆਂ ਹਨ। ਡੇਰੇ ਦੀ ਵਰਕਸ਼ਾਪ ਦੇ ਵਰਕਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।