ਕਪੂਰਥਲ਼ਾ: 6.22 ਲੱਖ ਤੋਂ ਵੱਧ ਵੋਟਰ ਕਰਨਗੇ 35 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ
- ਪ੍ਰਸ਼ਾਸਨ ਵਲੋਂ ਸ਼ਾਂਤੀਪੂਰਨ ਤੇ ਨਿਰਪੱਖ ਚੋਣਾਂ ਲਈ ਪੁਖਤਾ ਪ੍ਰਬੰਧ
- 4000 ਤੋਂ ਜ਼ਿਆਦਾ ਚੋਣ ਅਮਲਾ ਅਤੇ 3500 ਦੇ ਕਰੀਬ ਸੁਰੱਖਿਆ ਕਰਮੀ ਤਾਇਨਾਤ
- ਵੈੱਬ ਕਾਸਟਿੰਗ ਰਾਹੀਂ ਸਾਰੇ ਪੋਲਿੰਗ ਬੂਥਾਂ ਉੱਪਰ ਰੱਖੀ ਜਾਵੇਗੀ ਕਰੜੀ ਨਿਗਰਾਨੀ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੱਧ ਚੜ੍ਹ ਕੇ ਵੋਟਿੰਗ ਵਿਚ ਹਿੱਸਾ ਲੈਣ ਦੀ ਅਪੀਲ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ, 19 ਫਰਵਰੀ- 2022 - ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਪੂਰਥਲ਼ਾ ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਲਈ ਕੱਲ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤੀਪੂਰਨ ਤੇ ਨਿਰਪੱਖ ਚੋਣਾਂ ਲਈ ਚੋਣ ਅਮਲੇ ਅਤੇ ਸੁਰੱਖਿਆ ਦਸਤਿਆਂ ਦੀ ਢੁਕਵੀਂ ਤਾਇਨਾਤੀ ਕੀਤੀ ਗਈ ਹੈ।
ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਭੁਲੱਥ,ਕਪੂਰਥਲਾ,ਫਗਵਾੜਾ ਅਤੇ ਸੁਲਤਾਨਪੁਰ ਲੋਧੀ ਦੇ 622305 ਵੋਟਰ 35 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਈ.ਵੀ.ਐਮ ਮਸ਼ੀਨਾਂ ’ਚ ਬੰਦ ਕਰਨਗੇ।
ਭੁਲੱਥ ਹਲਕੇ ਵਿਚ 135245 ਵੋਟਰ ਹਨ ਜਿਨ੍ਹਾਂ ਵਿਚੋਂ 68735 ਮਰਦ ਅਤੇ 66509 ਔਰਤਾਂ ਹਨ। ਕਪੂਰਥਲਾ ਹਲਕੇ ਵਿਚ ਕੁੱਲ ਵੋਟਰ 148267 ਹਨ ਜਿਸ ਵਿਚ 77415 ਮਰਦ ਅਤੇ 70834 ਮਹਿਲਾਵਾਂ ਹਨ। ਸੁਲਤਾਨਪੁਰ ਲੋਧੀ ਹਲਕੇ ਵਿਚ ਕੁੱਲ ਵੋਟਰ 146954 ਜਿਸ ਵਿਚ 77885 ਮਰਦ ਅਤੇ 69067 ਔਰਤਾਂ ਹਨ। ਫਗਵਾੜਾ ਰਾਖਵੇਂ ਹਲਕੇ ਵਿਚ ਕੁੱਲ ਵੋਟਰ 191839 ਵੋਟਰ ਹਨ, ਜਿਸ ਵਿਚ 100970 ਮਰਦ ਅਤੇ 90922 ਮਹਿਲਾਵਾਂ ਹਨ।
ਜ਼ਿਲ੍ਹੇ ਵਿਚ ਕੁੱਲ 324942 ਮਰਦ ਵੋਟਰ ਅਤੇ 297332 ਮਹਿਲਾਂ ਵੋਟਰ ਹਨ। ਤੀਜ਼ੇ ਲਿੰਗ ਵਾਲੇ ਜ਼ਿਲ੍ਹੇ ਵਿਚ 31 ਵੋਟਰ ਹਨ। ਕੁੱਲ ਵੋਟਰਾਂ ਵਿਚੋਂ 6615 ਵੋਟਰ ਅਜਿਹੇ ਹਨ ਜੋ 18 ਤੋਂ 19 ਸਾਲ ਵਾਲੇ ਹਨ ਜਦਕਿ 3952 ਵੋਟਰ ਸਰੀਰਕ ਤੌਰ ’ਤੇ ਅਸਮਰੱਥ ਹਨ।
ਜ਼ਿਲਾ ਚੋਣ ਅਫ਼ਸਰ ਸ੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ. ਪੀ ਕਪੂਰਥਲਾ ਸ਼੍ਰੀ ਦਿਆਮਾ ਹਰੀਸ਼ ਓਮ ਪ੍ਰਕਾਸ਼ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਾਂਤੀਪੂਰਨ ਤੇ ਨਿਰਪੱਖ ਚੋਣਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਹਰੇਕ ਵੋਟਰ ਬਿਨ੍ਹਾਂ ਕਿਸੇ ਡਰ, ਭੈਅ ਤੋਂ ਆਪਣੀ ਵੋਟ ਪਾ ਸਕੇ। ਉਨ੍ਹਾਂ ਅੱਜ ਫਗਵਾੜਾ, ਕਪੂਰਥਲਾ ਆਦਿ ਹਲਕਿਆਂ ਵਿਚ ਪੋਲਿੰਗ ਕੇਂਦਰਾਂ ਦਾ ਵੀ ਦੌਰਾ ਕੀਤਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 793 ਪੋਲਿੰਗ ਬੂਥ ਹਨ ਜਿਸ ਵਿਚ ਭੁਲੱਥ ਦੇ 175,ਕਪੂਰਥਲਾ 196, ਸੁਲਤਾਨਪੁਰ ਲੋਧੀ 195 ਅਤੇ ਫਗਵਾੜਾ 227 ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਦੇ ਵੋਟਰਾਂ ਨੂੰ ਐਪਿਕ ਕਾਰਡ ਅਤੇ ਵੋਟਰ ਸਲਿੱਪਾਂ ਵੰਡੀਆਂ ਜਾ ਚੁੱਕੀਆਂ ਹਨ । ਉਨ੍ਹਾਂ ਇਹ ਵੀ ਦੱਸਿਆ ਕਿ 4000 ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ ।
ਐਸ. ਐਸ.ਪੀ. ਕਪੂਰਥਲਾ ਨੇ ਦੱਸਿਆ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਵਿਚ ਮਾਈਕਰੋ ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਲਿਹਾਜ਼ ਨਾਲ ਲਗਭਗ 3200 ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਵੋਟਰਾਂ ਵਿਚ ਉਤਸ਼ਾਹ ਪੈਦਾ ਕਰਨ ਲਈ 24 ਮਾਡਲ ਪੋਲਿੰਗ ਸਟੇਸ਼ਨ ਵੀ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ 20 ਅਜਿਹੇ ਬੂਥ ਹਨ ਜਿਨ੍ਹਾਂ ਉੱਪਰ ਕੇਵਲ ਮਹਿਲਾਂ ਸਟਾਫ਼ ਹੀ ਤਾਇਨਾਤ ਕੀਤਾ ਗਿਆ ਹੈ। ਮਾਡਲ ਪੋਲਿੰਗ ਸਟੇਸ਼ਨਾਂ ਉੱਪਰ ਚੋਣ ਮਿੱਤਰਾਂ ਵਲੋਂ ਨਵੇਂ ਵੋਟਰਾਂ ਦਾ ਸਵਾਗਤ ਕੀਤਾ ਜਾਵੇਗਾ,ਇਸ ਤੋਂ ਇਲਾਵਾ ਵੋਟਰਾਂ ਦੇ ਬੈਠਣ,ਪੀਣ ਵਾਲੇ ਪਾਣੀ,ਰੰਗੋਲੀ,ਸ਼ਮਿਆਨਾ ਆਦਿ ਵੀ ਲਗਾਇਆ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਵਲੋਂ ਵੋਟਰਾਂ ਨੂੰ ਅਪੀਲਕੀਤੀ ਗਈ ਕਿ ਉਹ 20 ਤਰੀਕ ਨੂੰ ਵੱਡੀ ਗਿਣਤੀ ਵਿਚ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਬਿਨ੍ਹਾਂ ਕਿਸੇ ਡਰ,ਭੈਅ ਤੋਂ ਕਰਨ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।