ਫਰੀਦਕੋਟ ਜ਼ਿਲ੍ਹੇ ਦੇ ਵੋਟਰਾਂ ਨੇ ਉਤਸਵ ਵਾਂਗ ਮਨਾਇਆ ਵੋਟਾਂ ਦਾ ਦਿਨ- ਹਰਬੀਰ ਸਿੰਘ
- ਲੋਕਾਂ ਨੇ ਦੁਕਾਨਾਂ/ਕਾਰੋਬਾਰ ਬੰਦ ਕਰਕੇ ਵੱਡੀ ਗਿਣਤੀ ਵਿੱਚ ਪਾਈਆਂ ਵੋਟਾਂ
- ਸ਼ਾਮ 5 ਵਜੇ ਤੱਕ ਜ਼ਿਲੇ ਵਿੱਚ ਹੋਇਆ 66.53 ਪ੍ਰਤੀਸ਼ਤ ਮਤਦਾਨ
- ਡਿਪਟੀ ਕਮਿਸ਼ਨਰ ਨੇ ਸ਼ਾਂਤਮਈ ਚੋਣਾਂ ਲਈ ਸਮੂਹ ਜ਼ਿਲ੍ਹਾ ਵਾਸੀਆਂ, ਰਾਜਨੀਤਿਕ
- ਪਾਰਟੀਆਂ,ਅਧਿਕਾਰੀਆਂ/ਮੁਲਾਜਮਾਂ, ਪੁਲਿਸ ਤੇ ਅਰਧ ਸੈਨਿਕ ਬਲਾਂ ਦਾ ਕੀਤਾ ਧੰਨਵਾਦ
- ਪਹਿਲੀ ਵਾਰ ਬਣੇ ਵੋਟਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 20 ਫਰਵਰੀ 2022 - ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਅੱਜ ਫਰੀਦਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਫਰੀਦਕੋਟ-ਕੋਟਕਪੂਰਾ ਅਤੇ ਜੈਤੋ ਵਿੱਚ ਲੋਕਾਂ ਨੇ ਵਧ-ਚੜ੍ਹ ਕੇ ਮਤਦਾਨ ਕੀਤਾ ਅਤੇ ਇਸ ਦਿਨ ਨੂੰ ਉਤਸੱਵ ਵਾਂਗ ਮਨਾਇਆ। ਜ਼ਿਲ੍ਹੇ ਵਿੱਚ ਸ਼ਾਂਤਮਈ ਪਾਰਦਰਸ਼ੀ ਤੇ ਬਿਨਾਂ ਕਿਸੇ ਡਰ-ਭੈਅ ਤੋਂ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ, ਚੋਣ ਅਮਲ ਵਿੱਚ ਲੱਗੇ ਅਧਿਕਾਰੀਆਂ/ਕਰਮਚਾਰੀਆਂ, ਪੁਲਿਸ ਅਤੇ ਅਰਧ ਸੈਨਿਕ ਬਲਾਂ, ਰਾਜਨੀਤਿਕ ਪਾਰਟੀਆਂ, ਉਮੀਦਵਾਰਾਂ ਸਮੇਤ ਸਮੂਹ ਧਿਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਪਾਰਦਰਸ਼ੀ, ਨਿਰਪੱਖ ਅਤੇ ਬਿਨਾਂ ਡਰ ਭੈਅ ਤੋਂ ਚੋਣਾਂ ਕਰਵਾਉਣ ਦਾ ਜ਼ੋ ਤਹੱਈਆ ਕੀਤਾ ਸੀ ਉਸ ਵਿੱਚ ਜ਼ਿਲ੍ਹਾ ਵਾਸੀਆਂ ਨੇ ਪੂਰਨ ਸਹਿਯੋਗ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਅਪੀਲ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਵੋਟ ਪਾਉ ਤੇ ਅਮਲ ਕਰਦੇ ਹੋਏ ਜ਼ਿਲੇ ਵਿੱਚ ਰਿਕਾਰਡ ਤੋੜ ਵੋਟਾਂ ਪਈਆਂ ਅਤੇ ਸ਼ਾਮ 5 ਵਜੇ ਤੱਕ ਜ਼ਿਲ੍ਹੇ ਵਿਚ ਕਰੀਬ 66.53 ਪ੍ਰਤੀਸ਼ਤ ਮਤਦਾਨ ਹੋਇਆ।
ਉਨ੍ਹਾਂ ਕਿਹਾ ਕਿ ਜਿਲੇ ਦੇ ਪੋਲਿੰਗ ਬੂਥਾਂ ਤੇ ਸਮੂਹ ਆਰ.ਓ, ਸਵੀਪ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਤੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਤੇ ਜਿਲੇ ਵਿੱਚ ਕੁੱਲ 24 ਮਾਡਲ ਪੋਲਿੰਗ ਬੂਥ, 7 ਪਿੰਕ (ਔਰਤ ਸੰਚਾਲਕ) ਅਤੇ 3 ਦਿਵਿਆਂਗਾਂ ਦੁਆਰਾ ਸੰਚਾਲਿਤ ਪੋਲਿੰਗ ਬੂਥ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਬ੍ਰਿਜਿੰਦਰਾ ਕਾਲਜ ਦੇ ਪੋਲਿੰਗ ਸਟੇਸ਼ਨ ਤੇ ਬਹੁਤ ਹੀ ਖੁਸ਼ਗਵਾਰ ਮਾਹੌਲ ਸੀ, ਜਿੱਥੇ ਔਰਤਾਂ ਨੇ ਅੱਜ ਦੇ ਵੋਟਾਂ ਦੇ ਦਿਨ ਨੂੰ ਉਤਸ਼ਾਹ ਵਜੋ ਮਨਾਇਆ ਅਤੇ ਗਿੱਧਾ ਪਾ ਕੇ ਲੋਕਾਂ ਨੂੰ ਵੋਟ ਪਾਉਣ ਅਤੇ ਲੋਕਤੰਤਰ ਮਜਬੂਤ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੇ ਦੇ ਪਿੰਡ ਦਲ ਸਿੰਘ ਵਾਲਾ ਪੋਲਿੰਗ ਬੂਥ ਨੂੰ ਪੁਰਾਤਨ ਢੰਗ ਨਾਲ ਸਜਾਇਆ ਗਿਆ ਸੀ ਜਿੱਥੇ ਕਿ ਪੁਰਾਤਨ ਖੇਤੀ ਸੰਦਾਂ, ਬਰਤਨ ਤੇ ਹੋਰ ਸਾਮਾਨ ਨੂੰ ਸਜਾ ਕੇ ਰੱਖਿਆ ਗਿਆ ਸੀ ਜੋ ਕਿ ਵੋਟਰਾਂ ਲਈ ਨਵੀਂ ਕਿਸਮ ਅਤੇ ਖਿੱਚ ਦਾ ਕੇਂਦਰ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ ਪਹਿਲੀ ਵਾਰ ਬਣੇ ਵੋਟਰ ਜਿਨ੍ਹਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨ ਪੱਤਰ ਵੀ ਦਿੱਤੇ ਗਏ। ਇਸ ਤੋਂ ਇਲਾਵਾ ਵੱਧ ਉਮਰ ਵਾਲੇ ਬਜੁਰਗ ਵੋਟਰਾਂ ਦਾ ਵੀ ਫੁੱਲਾਂ ਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਦੱਸਿਆ ਕਿ ਸ਼ਾਮ 5 ਵਜੇ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਵਿਧਾਨ ਸਭਾ ਹਲਕਾ ਫਰੀਦਕੋਟ ਵਿੱਚ 67 ਪ੍ਰਤੀਸ਼ਤ, ਵਿਧਾਨ ਸਭਾ ਹਲਕਾ ਕੋਟਕਪੂਰਾ ਵਿੱਚ 65.90 ਪ੍ਰਤੀਸਤ ਅਤੇ ਵਿਧਾਨ ਸਭਾ ਹਲਕਾ ਜੈਤੋ ਵਿੱਚ 66.67 ਪ੍ਰਤੀਸਤ ਦੇ ਕਰੀਬ ਵੋਟਿੰਗ ਹੋਈ ਅਤੇ ਸਮੁੱਚੇ ਜਿਲੇ ਵਿੱਚ ਇਸ ਸਮੇਂ ਤੱਕ 66.53 ਪੋਲਿੰਗ ਹੋਈ। ਉਨ੍ਹਾਂ ਚੋਣ ਅਮਲ ਨੂੰ ਸ਼ਾਤਮਈ ਨੇਪਰੇ ਚਾੜਨ ਅਤੇ ਰਿਕਾਰਡ ਤੋੜ ਵੋਟਿੰਗ ਕਰਨ ਤੇ ਫਿਰ ਤੋਂ ਸਮੂਹ ਜਿਲਾ ਵਾਸੀਆਂ ਅਤੇ ਚੋਣ ਅਮਲ ਵਿੱਚ ਲੱਗੇ ਅਧਿਕਾਰੀਆ/ਕਰਮਚਾਰੀਆਂ ਦਾ ਧੰਨਵਾਦ ਕੀਤਾ।