ਕੈਪਟਨ ਅਮਰਿੰਦਰ ਨੇ ਕਾਂਗਰਸ ਦੇ ਮੈਨੀਫੈਸਟੋ ਨੂੰ ਹਾਸੋਹੀਣਾ ਦੱਸਿਆ
ਪਟਿਆਲਾ, 19 ਫਰਵਰੀ 2022 - ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵੱਲੋਂ ਕਾਹਲੀ ਵਿੱਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਸਪੱਸ਼ਟ ਕਰਾਰ ਦਿੰਦਿਆਂ, ਉਨ੍ਹਾਂ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਪਾਰਟੀ ਚੋਣ ਮਨੋਰਥ ਪੱਤਰ ਤਿਆਰ ਕਰਨਾ ਭੁੱਲ ਗਈ ਸੀ, ਕਿਉਂਕਿ ਇਸਦੇ ਆਗੂ ਆਪਸ ਵਿੱਚ ਲੜਨ ਵਿੱਚ ਰੁੱਝੇ ਹੋਏ ਹਨ। ਜਦੋਂ ਮੀਡੀਆ ਵੱਲੋਂ ਇਹ ਮੁੱਦਾ ਉਠਾਇਆ ਗਿਆ, ਤਾਂ ਪਾਰਟੀ ਨੇ ਜਲਦਬਾਜ਼ੀ ਵਿੱਚ ਕੁਝ ਗੱਲਾਂ ਜੋੜ ਕੇ ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਗੈਰ-ਹਾਜ਼ਰੀ ਵਿੱਚ ਪ੍ਰੈਸ ਨੂੰ ਜਾਰੀ ਕਰ ਦਿੱਤੀਆਂ।
ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਹਰ ਸਾਲ 1 ਲੱਖ ਨੌਕਰੀਆਂ ਦੇਣ ਦੇ ਵਾਅਦੇ 'ਤੇ ਸਵਾਲ ਚੁੱਕੇ ਹਨ ਅਤੇ ਪਾਰਟੀ ਤੋਂ ਪੁੱਛਿਆ ਹੈ ਕਿ ਉਹ ਕਿਸ ਤਰ੍ਹਾਂ ਦੀਆਂ ਨੌਕਰੀਆਂ ਦੇਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀ ਪੱਧਰ ’ਤੇ ਬੇਰੁਜ਼ਗਾਰੀ ਦੇ ਮੱਦੇਨਜ਼ਰ ਇਸ ਸਮੱਸਿਆ ਦਾ 5 ਸਾਲਾਂ ਵਿੱਚ ਹੱਲ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ 32 ਲੱਖ ਨੌਕਰੀਆਂ ਦਿੱਤੀਆਂ ਸਨ ਅਤੇ ਚਰਨਜੀਤ ਸਿੰਘ ਚੰਨੀ ਜੋ ਉਸ ਸਮੇਂ ਇੰਚਾਰਜ ਮੰਤਰੀ ਸਨ, ਇਸ ਦੇ ਗਵਾਹ ਹਨ।
ਇਸ ਤੋਂ ਇਲਾਵਾ, ਕੈਪਟਨ ਅਮਰਿੰਦਰ ਨੇ ਵੱਖ-ਵੱਖ ਲੋਕ ਲੁਭਾਵਨੀਆਂ ਸਕੀਮਾਂ ਦੇ ਮੱਦੇਨਜ਼ਰ ਸੂਬੇ ਦੀ ਵਿੱਤੀ ਸਮਰੱਥਾ 'ਤੇ ਸ਼ੱਕ ਜਤਾਇਆ ਹੈ, ਜਿਸ ਵਿੱਚ ਹਰੇਕ ਪਰਿਵਾਰ ਨੂੰ ਹਰ ਸਾਲ 8 ਗੈਸ ਸਿਲੰਡਰ ਮੁਹੱਈਆ ਕਰਵਾਉਣਾ, 1100 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਵਿਦਿਆਰਥਣਾਂ ਨੂੰ ਮਹੀਨਾਵਾਰ ਵਜ਼ੀਫ਼ਾ ਆਦਿ ਸ਼ਾਮਲ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਸੱਚਮੁੱਚ ਜਾਣਦੇ ਹੋ ਕਿ ਇਸਦਾ ਕਰਜ਼ੇ ਦੇ ਬੋਝ ਹੇਠ ਦੱਬੇ ਸੂਬੇ ਲਈ ਮੁੱਲ ਹੋਵੇਗਾ? ਇਹ ਵਾਅਦੇ ਝੂਠੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤੇ ਗਏ ਹਨ।