ਜੀ ਐਸ ਪੰਨੂ
ਘਨੌਰ, 21 ਫਰਵਰੀ, 2022: ਵੋਟਾਂ ਪੈਣ ਉਪਰੰਤ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ ਆਪਣੇ ਢੰਗ ਨਾਲ ਆਪਣੀ ਚੋਣ ਥਕਾਨ ਲਾਹੀ। ਕਿਸੇ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਇਆ ਅਤੇ ਕਿਸੇ ਨੇ ਕਿੱਤੇ ਘੁੰਮ ਫਿਰ ਕੇ ਚੋਣਾਂ ਦੀ ਥਕਾਨ ਲਾਹੁਣ ਦੀ ਕੋਸ਼ਿਸ਼ ਕੀਤੀ, ਪਰ ਹਲਕਾ ਘਨੌਰ ਤੋਂ ਅਕਾਲੀ-ਭਾਜਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣਾਂ ਤੋਂ ਅਗਲੇ ਦਿਨ ਵੀ ਆਪਣੀ ਰੁਟੀਨ ਉਸੇ ਤਰ੍ਹਾਂ ਜਾਰੀ ਰੱਖੀ। ਸਵੇਰੇ ਸਵਖਤੇ ਉੱਠ ਕੇ ਨਿਤਨੇਮ ਕਰਨ ਉਪਰੰਤ ਉਹ ਆਪਣੇ ਰੋਜ਼ਾਨਾ ਦੇ ਸਮੇਂ ਵਾਂਗ ਹੀ ਤਿਆਰ ਹੋ ਗਏ ਅਤੇ ਆਪਣੇ ਸਮਰਥਕਾਂ ਨੂੰ ਮਿਲ ਕੇ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ।
ਪ੍ਰੋ. ਚੰਦੂਮਾਜਰਾ ਅੱਜ ਆਪਣੇ ਸਮੁੱਚੇ ਪਰਿਵਾਰਕ ਮੈਂਬਰਾਂ ਸਮੇਤ ਸਵੇਰੇ ਹੀ ਸ੍ਰੀ ਗੁਰੂ ਹਰਿਸ਼ਨ ਸਾਹਿਬ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪਜੋਖਰਾ ਸਾਹਿਬ ਵਿਖੇ ਨਤਮਸਤਕ ਹੋਏ। ਪ੍ਰਮਾਤਮਾ ਦੇ ਸ਼ੁਕਰਾਨੇ ਲਈ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਜਿਥੇ ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਕੀਰਤਨ ਸਰਵਣ ਕੀਤਾ ਉਥੇ ਹੀ ਪੰਥ ਦੀ ਚੜ੍ਹਦੀਕਲਾ ਲਈ ਅਰਦਾਸ ਵੀ ਕੀਤੀ। ਉਪਰੰਤ ਪ੍ਰੋ. ਚੰਦੂਮਾਜਰਾ ਹਲਕੇ ਦੇ ਆਪਣੇ ਸਪੋਟਰਾਂ ਨਾਲ ਉਸੇ ਤਰ੍ਹਾਂ ਮੀਟਿੰਗਾਂ ਵਿਚ ਰੁੱਝ ਗਏ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਉਨ੍ਹਾਂ ਨੂੰ ਚੋਣਾਂ ਦੀ ਕੋਈ ਥਕਾਨ ਨਹੀਂ , ਸਗੋਂ ਆਪਣੇ ਪਾਰਟੀ ਵਰਕਰਾਂ ਨੂੰ ਮਿਲ ਕੇ ਉਨ੍ਹਾਂ ਦੀ ਥਕਾਨ ਦੂਰ ਹੁੰਦੀ ਹੈ। ਹਲਕੇ ਦੇ ਲੋਕ ਹੀ ਮੇਰਾ ਪਰਿਵਾਰ ਹਨ, ਇਨ੍ਹਾਂ ਵਿਚ ਰਹਿਣ ਨਾਲ ਮੈਨੂੰ ਊਰਜਾ ਮਿਲਦੀ ਹੈ ਅਤੇ ਮੈਂ ਇਨ੍ਹਾਂ ਵਿਚ ਰਹਿ ਕੇ ਹੀ ਆਪਣੇ ਆਪ ਕਦੇ ਵੀ ਥੱਕਿਆ ਹੋਇਆ ਮਹਿਸੂਸ ਨਹੀਂ ਕਰਦਾ।
ਇਸ ਮੌਕੇ ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ, ਅਬਰਿੰਦਰ ਸਿੰਘ ਕੰਗ, ਕਰਨ ਸਿੰਘ ਜਲੰਧਰ, ਹਰਦੇਵ ਸਿੰਘ ਹਰਪਾਲਪੁਰ ਵੀ ਹਾਜ਼ਰ ਸਨ।