ਬਠਿੰਡਾ ’ਚ ਗੋਲੀ ਚੱਲੀ: ਅਕਾਲੀ ਦਲ ਵੱਲੋਂ ਕਾਂਗਰਸ 'ਤੇ ਵੋਟਾਂ ਖਰੀਦਣ ਦੇ ਦੋਸ਼
ਅਸ਼ੋਕ ਵਰਮਾ
ਬਠਿੰਡਾ, 20 ਫਰਵਰੀ 2022: ਵਿਧਾਨ ਸਭਾ ਚੋਣਾਂ ਦੇ ਅਮਲ ਦੌਰਾਨ ਅੱਜ ਬਠਿੰਡਾ ਦੇ ਨਰੂਆਣਾ ਰੋਡ ’ਤੇ ਕੁੱਝ ਅਣਪਛਾਤਿਆਂ ਵੱਲੋਂ ਸਾਬਕਾ ਅਕਾਲੀ ਕੌਂਸਲਰ ਦੇ ਲੜਕੇ ਤੇ ਗੋਲੀਆਂ ਚਲਾਕੇ ਕਾਤਲਾਨਾ ਹਮਲਾ ਕਰਨ ਤੋਂ ਇਲਾਵਾ ਗੱਡੀ ਦੀ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਦਹਿਸ਼ਤ ਵਾਲਾ ਬਣ ਗਿਆ ਹੈ। ਥਾਣਾ ਕੈਨਾਲ ਕਲੋਨੀ ਨੇ ਸ਼ਕਾਇਤ ਮਿਲਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਅਕਾਲੀ ਵਰਕਰਾਂ ਦਾ ਦੋਸ਼ ਹੈ ਕਿ ਬਗ਼ੈਰ ਨੰਬਰੀ ਕਰੀਬ ਚਾਰ ਸਕਾਰਪਿਓ ਗੱਡੀਆਂ ’ਤੇ ਸਵਾਰ ਤਕਰੀਬਨ ਦੋ ਦਰਜਨ ਕਥਿਤ ਕਾਂਗਰਸੀ ਵਰਕਰ ਇਸ ਇਨਾਕੇ ’ਚ ਵੋਟਾਂ ਖ਼ਰੀਦ ਰਹੇ ਸਨ। ਸਾਬਕਾ ਅਕਾਲੀ ਕੌਂਸਲਰ ਹਰਜਿੰਦਰ ਸਿੰਘ ਟੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਵੋਟਾਂ ਦੀ ਖਰੀਦੋ ਫਰੋਖਤ ਕਰਨ ਲਈ ਪੈਸੇ ਆਦਿ ਵੰਡਣ ਦੀ ਸੂਚਨਾ ਮਿਲੀ ਸੀ।
ਉਨ੍ਹਾਂ ਦੱਸਿਆ ਕਿ ਮਾਮਲਾ ਆਪਣੇ ਵਾਰਡ ਨਾਲ ਸਬੰਧਤ ਹੋਣ ਕਰਕੇ ਜਦੋਂ ਉਹ ਉਨ੍ਹਾਂ ਤੋਂ ਪੁੱਛ ਪੜਤਾਲ ਕਰਨ ਲਈ ਗਏ ਤਾਂ ਸਾਡੇ ਵੱਲੋਂ ਰੋਕੇ ਜਾਣ ’ਤੇ ਉਨ੍ਹਾਂ ਦੋ ਰਾਊਂਡ ਫ਼ਾਇਰ ਕੀਤੇ ਅਤੇ ਬੇਸਬਾਲਾਂ ਨਾਲ ਇੱਕ ਗੱਡੀ ਦੀ ਭੰਨਤੋੜ ਕੀਤੀ। ਉਨ੍ਹਾਂ ਦੱਸਿਆ ਕਿ ਫਾਇਰਿੰਗ ਦੌਰਾਨ ਉਨ੍ਹਾਂ ਦੇ ਲੜਕੇ ਨੇ ਭੱਜਕੇ ਮਸਾਂ ਜਾਨ ਬਚਾਈ ਹੈ। ਉਨ੍ਹਾਂ ਇਸ ਮੌਕੇ ਇੱਕ ਕਾਂਗਰਸੀ ਦਾ ਨਾਮ ਲੈਕੇ ਦੋਸ਼ ਵੀ ਲਾਇਆ ਕਿ ਘਟੀਆ ਰਾਜਨੀਤੀ ਕਾਰਨ ਮਹੌਲ ਖਰਾਬ ਕੀਤਾ ਜਾ ਰਿਹਾ ਹੈ। ਅਕਾਲੀ ਆਗੂ ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਵੰਡ ਵੰਡਾਰੇ ਦਾ ਕੰਮ ਜਾਰੀ ਰਹਿਣ ਦੀ ਚਰਚਾ ਸੀ ਜਿਸ ਕਰਕੇ ਅੱਜ ਇਹ ਮਾਮਲਾ ਵਿਗੜਿਆ ਹੈ।
ਅਕਾਲੀ ਵਰਕਰਾਂ ਨੇ ਜਦੋਂ ਗੱਡੀ ’ਚ ਸਵਾਰ ਕਾਂਗਰਸੀ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾਂ ਉਹ ਵਾਪਿਸ ਚਲੇ ਗਏ ਪਰ ਕੁੱਝ ਦੂਰੀ ’ਤੇ ਜਾ ਕੇ ਉਨ੍ਹਾਂ ਗੱਡੀਆਂ ਰੋਕ ਲਈ ਅਤੇ ਝਗੜਾ ਸ਼ੁਰੂ ਕਰ ਦਿੱਤਾ। ਇਸ ਮੌਕੇ ਹਮਲਾਵਰਾਂ ਨੇ ਆਪਣੀਆਂ ਗੱਡੀਆਂ ਵਿੱਚੋਂ ਬੇਸਬਾਲ ਕੱਢ ਲਏ ਅਤੇ ਗੱਡੀ ਦੀ ਭੰਨਤੋੜ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਨੇ ਗੋਲੀਆਂ ਵੀ ਚਲਾਈਆਂ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਭਾਰੀ ਪੁਲਿਸ ਫੋਰਸ ਮੌਕੇ ਤੇ ਪੱਜ ਗਈ ਅਤੇ ਥਾਣਾ ਕੈਨਾਲ ਕਲੋਨੀ ਦੇ ਪੁਲਿਸ ਅਧਿਕਾਰੀ ਵੀ ਘਟਨਾ ਵਾਲੀ ਥਾਂ ਤੇ ਆਏ ਅਤੇ ਸਥਿਤੀ ਦਾ ਜਾਇਜਾ ਲਿਆ। ਪਤਾ ਲੱਗਦਿਆਂ ਹੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਵੀ ਮੌਕੇ ’ਤੇ ਪਹੁੰਚੇ ਅਤੇ ਐਸ ਐਸ ਪੀ ਬਠਿੰਡਾ ਨੂੰ ਸਥਿਤੀ ਤੋਂ ਜਾਣੂੰ ਕਰਵਾਇਆ।
ਉਨ੍ਹਾਂ ਆਖਿਆ ਕਿ ਸੁਰੱਖਿਆ ਦੇ ਸਖਤ ਪ੍ਰਬੰਧਾਂ ਦੇ ਦਾਅਵਿਆਂ ਦਰਮਿਆਨ ਹਮਲਾਵਾਰਾਂ ਦਾ ਸ਼ਰੇਆਮ ਅਸਲਾ ਲੈਕੇ ਘੁੰਮਣਾ ਸਵਾਲ ਖੜ੍ਹੇ ਕਰਦਾ ਹੈ ਜਿਸ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਥਾਣਾ ਕੈਨਾਲ ਕਲੋਨੀ ਦੇ ਪੁਲੀਸ ਅਧਿਕਾਰੀ ਦਲਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਟੋਨੀ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਗਿਆ ਕਿ ਘਟਨਾ ’ਚ ਇੱਕ ਸਕੌਡਾ ਕਾਰ ਦੇ ਸ਼ੀਸ਼ੇ ਟੁੱਟੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਨੇ ਦੋ ਤਿੰਨ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ ਪਰ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ।