ਰਾਜ ਸਭਾ 'ਚ ਅੱਗੇ ਭਾਜਪਾ ਮਜ਼ਬੂਤ ਨਹੀਂ ਰਹੇਗੀ ਤਾਂ ਵਿਵਾਦਤ ਬਿੱਲ ਪਾਸ ਕਰਵਾਉਣਾ ਹੋਵੇਗਾ ਮੁਸ਼ਕਿਲ
- ਇੱਕੋ ਸਮੇਂ 5 ਸੰਸਦ ਮੈਂਬਰਾਂ ਦੇ ਘੱਟਣ ਨਾਲ ਭਾਜਪਾ ਬਿੱਲ ਕਿਵੇਂ ਪਾਸ ਕਰਵਾ ਸਕੇਗੀ ?
ਦੀਪਕ ਗਰਗ
ਕੋਟਕਪੂਰਾ 5 ਮਾਰਚ 2022 - ਜਿਸ ਤਰਾਂ ਬੀਜੇਪੀ ਨੇ ਤਿੰਨ ਖੇਤੀ ਬਿੱਲ ਪਾਸ ਕਰਵਾਕੇ ਦੇਸ਼ ਭਰ ਦੇ ਕਿਸਾਨਾਂ ਨੂੰ ਇਕ ਸਾਲ ਤੋਂ ਵੀ ਵੱਧ ਲੰਬੇ ਚਲੇ ਅੰਦੋਲਨ ਵੱਲ ਧੱਕ ਦਿੱਤਾ ਸੀ। ਹੁਣ ਉਸੇ ਤਰ੍ਹਾਂ ਕਿਸੇ ਬਿੱਲ ਨੂੰ ਰਾਜ ਸਭਾ ਵਿੱਚ ਪਾਸ ਕਰਵਾਉਣਾ ਭਾਜਪਾ ਲਈ ਔਖਾ ਕੰਮ ਹੋਣ ਵਾਲਾ ਹੈ।
ਮੌਜੂਦਾ ਭਾਜਪਾ ਸਰਕਾਰ ਨੂੰ ਸੰਵਿਧਾਨ ਦੀ ਧਾਰਾ 370 ਵਿੱਚ ਸੋਧ, ਜੰਮੂ-ਕਸ਼ਮੀਰ ਦੀ ਵੰਡ, ਤਿੰਨ ਤਲਾਕ ਨੂੰ ਸਜ਼ਾਯੋਗ ਅਪਰਾਧ ਬਣਾਉਣ, ਨਾਗਰਿਕਤਾ ਕਾਨੂੰਨ ਵਿੱਚ ਸੋਧ, ਕਿਰਤ ਕਾਨੂੰਨ, ਖੇਤੀਬਾੜੀ ਆਦਿ ਨਾਲ ਸਬੰਧਤ ਕਈ ਵਿਵਾਦਤ ਬਿੱਲ ਪਾਸ ਕਰਵਾਉਣ ਲਈ ਕਰਾਉਣ ਲਈ ਬੀਜੂ ਜਨਤਾ ਦਲ, ਤੇਲੰਗਾਨਾ,ਰਾਸ਼ਟਰ ਸਮਿਤੀ ਅਤੇ ਵਾਈਐਸਆਰ ਕਾਂਗਰਸ ਵਰਗੀਆਂ ਖੇਤਰੀ ਪਾਰਟੀਆਂ ਦੀ ਮਦਦ ਲੈਣੀ ਪਈ।
ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ ਸੰਸਦ ਦੇ ਹੇਠਲੇ ਸਦਨ, ਲੋਕ ਸਭਾ ਵਿੱਚ ਆਪਣੇ ਦਮ 'ਤੇ ਬਹੁਮਤ ਹੈ, ਪਰ ਉਪਰਲੇ ਸਦਨ ਵਿੱਚ ਭਾਜਪਾ ਦੀ ਸਥਿਤੀ ਅਜਿਹੀ ਨਹੀਂ ਰਹੀ ਹੈ। ਗੱਲ ਸਿਰਫ਼ ਭਾਜਪਾ ਦੀ ਹੀ ਨਹੀਂ, ਪਿਛਲੇ ਤੀਹ ਸਾਲਾਂ ਤੋਂ ਰਾਜ ਸਭਾ ਵਿੱਚ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਹੈ।
ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਕੋਲ ਇਸ ਵੇਲੇ ਰਾਜ ਸਭਾ ਦੀਆਂ 114 ਸੀਟਾਂ ਹਨ, ਜਿਨ੍ਹਾਂ ਵਿੱਚੋਂ ਭਾਜਪਾ ਕੋਲ 97, ਜੇਡੀਯੂ ਕੋਲ 5, ਏ.ਆਈ.ਡੀ.ਐਮ.ਕੇ. ਕੋਲ 5, ਆਜ਼ਾਦ ਕੋਲ 1 ਅਤੇ ਛੋਟੀਆਂ ਪਾਰਟੀਆਂ ਕੋਲ 6 ਸੀਟਾਂ ਹਨ, ਪਰ ਜਲਦੀ ਹੀ ਇਹ ਸਥਿਤੀ ਬਦਲਣ ਜਾ ਰਹੀ ਹੈ। ਰਾਜ ਸਭਾ ਦੀਆਂ 70 ਸੀਟਾਂ ਲਈ ਅਪ੍ਰੈਲ ਤੋਂ ਅਗਸਤ ਤੱਕ ਚੋਣਾਂ ਹੋਣੀਆਂ ਹਨ।
ਜਿਸਦੇ ਚਲਦੇ ਭਾਜਪਾ ਲਈ 5 ਸੀਟਾਂ, ਏਆਈਏਡੀਐਮਕੇ ਲਈ 1 ਸੀਟ ਅਤੇ ਆਜ਼ਾਦ ਉਮੀਦਵਾਰਾਂ ਲਈ 1 ਸੀਟ ਘੱਟ ਜਾਵੇਗੀ। ਇਸ ਤੋਂ ਬਾਅਦ ਨੰਬਰ ਫੋਰਸ 114 ਤੋਂ ਘੱਟ ਕੇ 107 'ਤੇ ਆ ਜਾਵੇਗੀ। ਅਜਿਹੇ 'ਚ ਜੇਕਰ ਸਹਿਯੋਗੀ ਪਾਰਟੀਆਂ ਅੱਖਾਂ ਦਿਖਾਉਂਦੀਆਂ ਹਨ ਅਤੇ ਬੀਜੇਡੀ, ਵਾਈਐੱਸਆਰ ਕਾਂਗਰਸ ਦਾ ਸਮਰਥਨ ਨਹੀਂ ਮਿਲਦਾ ਤਾਂ ਭਾਜਪਾ ਲਈ ਰਾਜ ਸਭਾ 'ਚ ਬਿੱਲ ਪਾਸ ਕਰਵਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ।
ਇਸ ਤੋਂ ਇਲਾਵਾ ਜੇਕਰ ਪੰਜਾਬ, ਉਤਰਾਖੰਡ ਅਤੇ ਯੂਪੀ ਵਿੱਚ ਸੀਟਾਂ ਘੱਟ ਜਾਂਦੀਆਂ ਹਨ ਤਾਂ ਰਾਜ ਸਭਾ ਵਿੱਚ ਭਾਜਪਾ ਦੇ ਸੰਸਦ ਮੈਂਬਰਾਂ ਦੀ ਗਿਣਤੀ ਹੋਰ ਵੀ ਘੱਟ ਸਕਦੀ ਹੈ। ਕਿਉਂਕਿ ਇਨ੍ਹਾਂ ਰਾਜਾਂ ਵਿੱਚ ਰਾਜ ਸਭਾ ਦੀਆਂ 19 ਸੀਟਾਂ ਹਨ। ਇੱਥੇ ਤਸਵੀਰ 10 ਮਾਰਚ 2022 ਤੋਂ ਬਾਅਦ ਸਪੱਸ਼ਟ ਹੋ ਜਾਵੇਗੀ।
ਚਾਹ ਦੇ ਕੱਪ 'ਚ ਸਿਆਸੀ ਤੂਫਾਨ ਖੜ੍ਹਾ ਕਰਕੇ ਕੇਂਦਰ ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ਨੂੰ ਇਕ ਵੋਟ ਨਾਲ ਡੇਗਣ ਵਾਲੇ ਸੁਬਰਾਮਨੀਅਮ ਸਵਾਮੀ ਵੀ ਰਾਜ ਸਭਾ ਛੱਡਣਗੇ। ਕਿਹਾ ਜਾ ਰਿਹਾ ਹੈ ਕਿ ਇਸਦੇ ਨਾਲ ਹੀ ਉਹ ਭਾਜਪਾ ਤੋਂ ਵੀ ਵੱਖ ਹੋ ਜਾਣਗੇ।
ਕੇਂਦਰ ਸਰਕਾਰ 'ਤੇ ਲੰਬੇ ਸਮੇਂ ਤੋਂ ਹਮਲਾਵਰ ਰਹੇ ਸਵਾਮੀ ਦਾ ਰਾਜ ਸਭਾ ਤੋਂ ਕਾਰਜਕਾਲ 24 ਅਪ੍ਰੈਲ ਨੂੰ ਖਤਮ ਹੋਣ ਜਾ ਰਿਹਾ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਪਿਛਲੇ ਸਮੇਂ 'ਚ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ, ਉਸ ਨਾਲ ਉਨ੍ਹਾਂ ਦੇ ਮੁੜ ਚੁਣੇ ਜਾਣ ਦੀਆਂ ਸੰਭਾਵਨਾਵਾਂ ਨਾਮੁਮਕਿਨ ਹਨ। ਭਾਜਪਾ ਦੇ ਉੱਚ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਨਾ ਤਾਂ ਹੁਣ ਨਾਮਜ਼ਦ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਭੇਜਿਆ ਜਾਵੇਗਾ।
ਭਾਜਪਾ ਦੇ ਨਾਲ-ਨਾਲ ਕਾਂਗਰਸ ਦੇ ਕਈ ਦਿੱਗਜ਼ ਆਗੂ ਵੀ ਰਾਜ ਸਭਾ ਤੋਂ ਆਪਣਾ ਕਾਰਜਕਾਲ ਪੂਰਾ ਕਰਨ ਜਾ ਰਹੇ ਹਨ। ਇਸ ਵਿੱਚ ਕਾਂਗਰਸ ਦੇ ਬਾਗੀ ਗਰੁੱਪ ਜੀ-23 ਵਿੱਚ ਸ਼ਾਮਲ ਆਗੂ ਆਨੰਦ ਸ਼ਰਮਾ, ਕਪਿਲ ਸਿੱਬਲ, ਕੇਰਲਾ ਤੋਂ ਏ ਕੇ ਐਂਟਨੀ ਅਤੇ ਪੰਜਾਬ ਤੋਂ ਅੰਬਿਕਾ ਸੋਨੀ ਸ਼ਾਮਲ ਹਨ। ਪੰਜਾਬ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਾਰਜਕਾਲ ਵੀ ਖਤਮ ਹੋਣ ਜਾ ਰਿਹਾ ਹੈ। ਇਨ੍ਹਾਂ ਆਗੂਆਂ ਦੇ ਮੁੜ ਨਾਮਜ਼ਦ ਹੋਣ ਦੀ ਵੀ ਸੰਭਾਵਨਾ ਨਹੀਂ ਹੈ ਅਤੇ ਇਸ ਦੇ ਕਾਰਨ ਵੀ ਹਨ।
ਰਾਜਸਥਾਨ ਚ ਭਾਜਪਾ ਦੇ ਚਾਰ ਰਾਜ ਸਭਾ ਸਾਂਸਦਾਂ ਓਮ ਪ੍ਰਕਾਸ਼ ਮਾਥੁਰ, ਰਾਮ ਕੁਮਾਰ ਵਰਮਾ, ਹਰਸ਼ਵਰਧਨ ਸਿੰਘ ਅਤੇ ਅਲਫੋਂਸ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋ ਰਿਹਾ ਹੈ।
ਹੁਣ ਸੂਬੇ 'ਚ ਕਾਂਗਰਸ ਦੀ ਸਰਕਾਰ ਹੈ। ਅਜਿਹੇ 'ਚ ਕਾਂਗਰਸ ਦੇ ਖਾਤੇ 'ਚ 2 ਅਤੇ ਭਾਜਪਾ ਦੇ ਖਾਤੇ 'ਚ ਸਿਰਫ ਇਕ ਸੀਟ ਜਾਵੇਗੀ, ਜਦਕਿ ਚੌਥੀ ਸੀਟ ਲਈ ਕਾਂਗਰਸ ਅਤੇ ਭਾਜਪਾ ਵਿਚਾਲੇ ਸਖਤ ਟੱਕਰ ਹੋ ਸਕਦੀ ਹੈ। ਜੇਕਰ ਵੋਟ ਪ੍ਰਬੰਧਨ ਵਿੱਚ ਮੁਹਾਰਤ ਰੱਖਣ ਵਾਲੇ ਅਸ਼ੋਕ ਗਹਿਲੋਤ ਆਪਣੇ ਗਣਿਤ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਭਾਜਪਾ ਨੂੰ ਇੱਥੇ ਸਿਰਫ਼ ਇੱਕ ਸੀਟ ਨਾਲ ਹੀ ਸੰਤੁਸ਼ਟ ਹੋਣਾ ਪੈ ਸਕਦਾ ਹੈ।
ਝਾਰਖੰਡ ਚ ਰਾਜ ਸਭਾ ਤੋਂ ਮੁਖਤਾਰ ਅੱਬਾਸ ਨਕਵੀ ਅਤੇ ਮਹੇਸ਼ ਪੋਦਾਰ ਦੀ ਦੋ ਸੀਟਾਂ ਦਾ ਕਾਰਜਕਾਲ 7 ਜੁਲਾਈ ਨੂੰ ਖਤਮ ਹੋ ਰਿਹਾ ਹੈ। ਫਿਲਹਾਲ ਇਹ ਦੋਵੇਂ ਸੀਟਾਂ ਭਾਜਪਾ ਦੇ ਖਾਤੇ 'ਚ ਹਨ।
ਹੁਣ ਸੂਬੇ ਵਿੱਚ ਝਾਰਖੰਡ ਮੁਕਤੀ ਮੋਰਚਾ ਅਤੇ ਕਾਂਗਰਸ ਦੀ ਗੱਠਜੋੜ ਦੀ ਸਰਕਾਰ ਹੈ। ਅਜਿਹੇ 'ਚ ਭਾਜਪਾ ਨੂੰ ਇਕ ਸੀਟ ਦਾ ਨੁਕਸਾਨ ਹੋਣਾ ਯਕੀਨੀ ਹੈ।
ਆਂਧਰਾ ਪ੍ਰਦੇਸ਼ ਚ ਚਾਰ ਰਾਜ ਸਭਾ ਸੀਟਾਂ ਯਾਨੀ ਵਾਈਐਸਆਰ ਤੋਂ ਵੀਵੀ ਰੈਡੀ ਅਤੇ ਭਾਜਪਾ ਤੋਂ ਸੁਰੇਸ਼ ਪ੍ਰਭੂ, ਵਾਈਐਸ ਚੌਧਰੀ, ਟੀਜੀ ਵੈਂਕਟੇਸ਼ ਦਾ ਕਾਰਜਕਾਲ 21 ਜੂਨ ਨੂੰ ਪੂਰਾ ਹੋਵੇਗਾ। ਮੌਜੂਦਾ ਸਮੇਂ 'ਚ 4 'ਚੋਂ 3 ਸੀਟਾਂ 'ਤੇ ਭਾਜਪਾ ਅਤੇ ਇਕ 'ਤੇ ਵਾਈਐੱਸਆਰ ਕਾਂਗਰਸ ਦਾ ਕਬਜ਼ਾ ਹੈ।
ਭਾਜਪਾ ਕੋਲ ਇੱਥੇ ਤਿੰਨ ਸੀਟਾਂ ਸਨ ਕਿਉਂਕਿ ਇਹ ਚੰਦਰਬਾਬੂ ਨਾਇਡੂ ਦੀ ਪਾਰਟੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨਾਲ ਗਠਜੋੜ ਵਿੱਚ ਸੀ, ਪਰ 2018 ਵਿੱਚ ਇਹ ਗਠਜੋੜ ਟੁੱਟ ਗਿਆ ਹੈ ਅਤੇ ਹੁਣ ਭਾਜਪਾ ਆਂਧਰਾ ਵਿੱਚ ਸਰਕਾਰ ਵਿੱਚ ਨਹੀਂ ਹੈ। ਹੁਣ ਇੱਥੇ ਵਾਈਐਸਆਰ ਕਾਂਗਰਸ ਦੀ ਸਰਕਾਰ ਹੈ, ਅਜਿਹੇ ਵਿੱਚ ਇੱਥੇ ਭਾਜਪਾ ਦੀਆਂ 3 ਸੀਟਾਂ ਘੱਟ ਹੋਣੀਆਂ ਯਕੀਨੀ ਹਨ। ਵਾਈਐਸਆਰ ਕਾਂਗਰਸ ਸਾਰੀਆਂ ਚਾਰ ਸੀਟਾਂ 'ਤੇ ਕਬਜ਼ਾ ਕਰੇਗੀ।
ਮਹਾਰਾਸ਼ਟਰ ਚ ਰਾਜ ਸਭਾ ਦੇ ਛੇ ਮੈਂਬਰਾਂ ਦਾ ਕਾਰਜਕਾਲ 4 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ। ਭਾਜਪਾ ਕੋਲ 6 ਵਿੱਚੋਂ 3 ਸੀਟਾਂ ਹਨ ਅਤੇ ਐਨਸੀਪੀ, ਕਾਂਗਰਸ ਅਤੇ ਸ਼ਿਵ ਸੈਨਾ ਕੋਲ 1-1 ਸੀਟ ਹੈ। ਪੀਯੂਸ਼ ਗੋਇਲ, ਵਿਨੈ ਸਹਸ੍ਰਬੁੱਧੇ, ਭਾਜਪਾ ਦੇ ਵਿਕਾਸ ਮਹਾਤਮੇ, ਐਨਸੀਪੀ ਦੇ ਪ੍ਰਫੁੱਲ ਪਟੇਲ, ਕਾਂਗਰਸ ਦੇ ਪੀ ਚਿਤੰਬਰਮ ਅਤੇ ਸ਼ਿਵ ਸੈਨਾ ਦੇ ਸੰਜੇ ਰਾਉਤ ਦਾ ਕਾਰਜਕਾਲ ਖਤਮ ਹੋ ਰਿਹਾ ਹੈ।
ਭਾਜਪਾ ਹੁਣ ਸੂਬੇ ਵਿੱਚ ਸੱਤਾ ਵਿੱਚ ਨਹੀਂ ਹੈ। ਅਜਿਹੇ 'ਚ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਤਾਕਤ ਦੇ ਹਿਸਾਬ ਨਾਲ ਘੱਟ ਹੋਵੇਗੀ।
ਛੱਤੀਸਗੜ੍ਹ ਚ ਰਾਜ ਸਭਾ ਦੀਆਂ ਦੋ ਸੀਟਾਂ ਲਈ 29 ਜੂਨ ਤੋਂ ਪਹਿਲਾਂ ਚੋਣਾਂ ਹੋਣਗੀਆਂ। ਫਿਲਹਾਲ 2 ਸੀਟਾਂ 'ਚੋਂ ਇਕ ਭਾਜਪਾ ਅਤੇ ਦੂਜੀ ਕਾਂਗਰਸ ਕੋਲ ਹੈ। ਇਸ ਵਿੱਚ ਕਾਂਗਰਸ ਤੋਂ ਰਾਮਵਿਚਾਰ ਨੇਤਾਮ ਅਤੇ ਛਾਇਆ ਵਰਮਾ ਸ਼ਾਮਲ ਹਨ। ਵਿਧਾਨ ਸਭਾ 'ਚ ਵਿਧਾਇਕਾਂ ਦੀ ਗਿਣਤੀ ਦੇ ਹਿਸਾਬ ਨਾਲ ਹੁਣ ਦੋਵੇਂ ਸੀਟਾਂ ਕਾਂਗਰਸ ਦੇ ਖਾਤੇ 'ਚ ਜਾਣਗੀਆਂ। ਅਜਿਹੇ 'ਚ ਛੱਤੀਸਗੜ੍ਹ ਤੋਂ ਭਾਜਪਾ ਨੂੰ 1 ਸੀਟ ਦਾ ਨੁਕਸਾਨ ਹੋਵੇਗਾ।
ਮੱਧ ਪ੍ਰਦੇਸ਼ ਦੀਆਂ ਤਿੰਨ ਰਾਜ ਸਭਾ ਸੀਟਾਂ ਦਾ ਕਾਰਜਕਾਲ 29 ਜੂਨ ਨੂੰ ਖਤਮ ਹੋ ਜਾਵੇਗਾ। ਇਸ ਵਿੱਚ ਭਾਜਪਾ ਤੋਂ ਐਮਜੇ ਅਕਬਰ, ਕਾਂਗਰਸ ਤੋਂ ਸੰਪਤਿਆ ਉਈਕੇ ਅਤੇ ਵਿਵੇਕ ਟਾਂਖਾ ਸ਼ਾਮਲ ਹਨ, ਪਰ ਅੰਕੜਿਆਂ ਮੁਤਾਬਕ ਸਥਿਤੀ ਪਹਿਲਾਂ ਵਾਂਗ ਹੀ ਰਹੇਗੀ।
ਭਾਜਪਾ ਦੇ ਰਾਜ ਸਭਾ ਮੈਂਬਰ ਦੁਸ਼ਯੰਤ ਕੁਮਾਰ ਅਤੇ ਆਜ਼ਾਦ ਸੁਭਾਸ਼ ਚੰਦਰ ਦਾ ਕਾਰਜਕਾਲ 1 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਇਕ ਸੀਟ ਭਾਜਪਾ ਦੀ ਪੱਕੀ ਹੈ, ਜਦਕਿ ਦੂਜੀ ਸੀਟ ਕਾਂਗਰਸ ਦੇ ਹਿੱਸੇ ਜਾ ਸਕਦੀ ਹੈ।
ਬਿਹਾਰ ਦੀਆਂ ਪੰਜ ਸੀਟਾਂ ਦਾ ਕਾਰਜਕਾਲ 7 ਜੁਲਾਈ ਨੂੰ ਖਤਮ ਹੋ ਰਿਹਾ ਹੈ। ਭਾਜਪਾ ਦੀਆਂ ਦੋ ਸੀਟਾਂ, ਜੇਡੀਯੂ ਦੀ ਇੱਕ, ਰਾਸ਼ਟਰੀ ਜਨਤਾ ਦਲ ਦੀ ਇੱਕ ਅਤੇ ਸ਼ਰਦ ਯਾਦਵ ਦੀ ਇੱਕ ਸੀਟ ਲਈ ਚੋਣ ਹੋਵੇਗੀ। ਗਿਣਤੀ ਦੇ ਲਿਹਾਜ਼ ਨਾਲ ਭਾਜਪਾ ਨੂੰ ਦੋ, ਜੇਡੀਯੂ ਨੂੰ ਇੱਕ ਅਤੇ ਆਰਜੇਡੀ ਨੂੰ ਦੋ ਸੀਟਾਂ ਮਿਲਣ ਦੀ ਉਮੀਦ ਹੈ।
ਅਸਾਮ ਤੋਂ ਕਾਂਗਰਸ ਦੇ ਰਾਜ ਸਭਾ ਸਾਂਸਦਾਂ ਰਿਪੁਨ ਬੋਰਾ ਅਤੇ ਰਾਣੀ ਨਾਰਾ ਦਾ ਕਾਰਜਕਾਲ 2 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ। ਹੁਣ ਉੱਥੇ ਭਾਜਪਾ ਦੀ ਸਰਕਾਰ ਹੈ। ਵਿਧਾਇਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਕਾਂਗਰਸ ਦੀ ਇਕ ਸੀਟ ਘਟੇਗੀ, ਜਦਕਿ ਭਾਜਪਾ ਦੀ ਇਕ ਸੀਟ ਵਧੇਗੀ।
ਹਿਮਾਚਲ ਪ੍ਰਦੇਸ਼ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਆਨੰਦ ਸ਼ਰਮਾ ਦਾ ਕਾਰਜਕਾਲ ਵੀ 2 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ ਪਰ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ। ਅਜਿਹੇ 'ਚ ਹੁਣ ਇਹ ਸੀਟ ਕਾਂਗਰਸ ਦੇ ਹੱਥੋਂ ਨਿਕਲ ਗਈ ਹੈ। ਇਸ ਸੀਟ 'ਤੇ ਭਾਜਪਾ ਤੋਂ ਚੁਣਿਆ ਗਿਆ ਵਿਅਕਤੀ ਰਾਜ ਸਭਾ 'ਚ ਪਹੁੰਚੇਗਾ।
ਤ੍ਰਿਪੁਰਾ ਤੋਂ ਸੀਪੀਐਮ ਦੀ ਰਾਜ ਸਭਾ ਮੈਂਬਰ ਝਰਨਾ ਦਾਸ ਦਾ ਕਾਰਜਕਾਲ 2 ਅਪ੍ਰੈਲ ਨੂੰ ਖ਼ਤਮ ਹੋ ਜਾਵੇਗਾ। ਹੁਣ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ। ਅਜਿਹੇ 'ਚ ਇਹ ਸੀਟ ਭਾਜਪਾ ਦੇ ਖਾਤੇ 'ਚ ਜਾਵੇਗੀ।
ਸਿੱਟਾ: ਕੁੱਲ 8 ਰਾਜਾਂ ਵਿੱਚੋਂ, ਭਾਜਪਾ ਦੀਆਂ 5 ਰਾਜਾਂ ਵਿੱਚ 8 ਸੀਟਾਂ ਘੱਟ ਹੋਣਗੀਆਂ ਪਰ 3 ਰਾਜਾਂ ਤੋਂ 3 ਸੀਟਾਂ ਵਧਣਗੀਆਂ। ਇਸ ਤਰ੍ਹਾਂ ਭਾਜਪਾ ਨੂੰ ਕੁੱਲ 5 ਸੀਟਾਂ ਦਾ ਨੁਕਸਾਨ ਹੋਵੇਗਾ।
ਰਾਜ ਸਭਾ ਦੀਆਂ 19 ਸੀਟਾਂ ਦਾ ਫੈਸਲਾ ਯੂਪੀ, ਪੰਜਾਬ ਅਤੇ ਉੱਤਰਾਖੰਡ ਦੇ ਚੋਣ ਨਤੀਜਿਆਂ ਤੋਂ ਹੋਵੇਗਾ
ਯੂਪੀ, ਪੰਜਾਬ ਅਤੇ ਉੱਤਰਾਖੰਡ ਭਾਜਪਾ ਅਤੇ ਵਿਰੋਧੀ ਪਾਰਟੀਆਂ ਲਈ ਨਾ ਸਿਰਫ਼ ਵਿਧਾਨ ਸਭਾ ਦੇ ਨਜ਼ਰੀਏ ਤੋਂ, ਸਗੋਂ ਰਾਜ ਸਭਾ ਦੇ ਨਜ਼ਰੀਏ ਤੋਂ ਵੀ ਮਹੱਤਵਪੂਰਨ ਹਨ। ਕਿਉਂਕਿ ਇਨ੍ਹਾਂ ਤਿੰਨਾਂ ਸੂਬਿਆਂ ਦੀਆਂ ਚੋਣਾਂ ਦਾ ਸਿੱਧਾ ਅਸਰ ਰਾਜ ਸਭਾ ਦੀਆਂ 19 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ 'ਤੇ ਪਵੇਗਾ।
ਜੇਕਰ ਇਨ੍ਹਾਂ ਸੁੱਬਿਆਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੇ ਵਿਧਾਇਕਾਂ ਦੀ ਗਿਣਤੀ ਨਾ ਵਧੀ ਤਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਹੋਰ ਮਜ਼ਬੂਤ ਹੋ ਕੇ ਉਭਰੇਗੀ, ਜਿਸ ਲਈ ਕੇਂਦਰ ਸਰਕਾਰ ਵੱਲੋਂ ਸਿੱਧੇ ਪਾਸ ਕੀਤੇ ਸਾਰੇ ਬਿੱਲਾਂ ਨੂੰ ਰਾਜ ਸਭਾ ਵਿੱਚ ਪਾਸ ਕਰਵਾਉਣਾ ਆਸਾਨ ਨਹੀਂ ਹੋਵੇਗਾ। ਇਸ ਸਮੇਂ ਕੁੱਲ 19 ਸੀਟਾਂ ਵਿੱਚੋਂ 6 ਭਾਜਪਾ, 5 ਕਾਂਗਰਸ, 3 ਸਪਾ, 3 ਸ਼੍ਰੋਮਣੀ ਅਕਾਲੀ ਦਲ, 2 ਬਸਪਾ ਕੋਲ ਹਨ।