ਮੁੱਖ ਚੋਣ ਅਫਸਰ ਪੰਜਾਬ ਵੱਲੋਂ ਪੰਜਾਬ ਦੇ ਵੋਟਰਾਂ ਨੂੰ ਲੋਕਤੰਤਰ ਦੇ ਮਹਾ ਉਤਸਵ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
ਚੰਡੀਗੜ੍ਹ, 19 ਫਰਵਰੀ 2022 - ਪੰਜਾਬ ਰਾਜ ਦੇ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਅੱਜ ਇੱਥੇ ਸੂਬੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕੀ ਉਹ ਭਾਰਤੀ ਲੋਕਤੰਤਰ ਦੇ ਇਸ ਮਹਾ ਉਤਸਵ ਵਿੱਚ ਵਧ ਚੜ ਕੇ ਹਿੱਸਾ ਲੈਣ ਅਤੇ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਗਏ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ।
ਉਨਾਂ ਕਿਹਾ ਕਿ ਜੇਕਰ ਕੋਈ ਉਮੀਦਵਾਰ ਜਾਂ ਉਸਦਾ ਚੋਣ ਏਜੰਟ ਜਾਂ ਕੋਈ ਹੋਰ ਵਿਅਕਤੀ ਜਿਸਨੂੰ ਕਿ ਉਮੀਦਵਾਰ ਜਾਂ ਉਸਦੇ ਚੋਣ ਏਜੰਟ ਵੱਲੋਂ ਸਹਿਮਤੀ ਦਿੱਤੀ ਗਈ ਹੋਵੇ, ਵੱਲੋਂ ਵੋਟ ਦੇ ਅਧਿਕਾਰ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਪ੍ਰਭਾਵਿਤ ਕਰਨ ਲਈ ਰਿਸ਼ਵਤ ਜਾਂ ਕਿਸੇ ਵਸਤੂ ਬਦਲੇ ਵੋਟ ਪਾਉਣ ਜਾਂ ਵੋਟ ਪਾਉਣ ਤੋਂ ਰੋਕਣਾ ਜਾਂ ਵੋਟਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਾ ਲੋਕ ਪ੍ਰਤੀਨਿੱਧ ਕਾਨੂੰਨ 1951 ਦੀ ਧਾਰਾ 123 ਦੀ ਉਲੰਘਣਾ ਹੈ। ਇਸ ਕਾਨੂੰਨ ਅਨੁਸਾਰ ਰਿਸ਼ਵਤ ਦੇ ਰੂਪ ਵਿੱਚ ਸਿਰਫ ਪੈਸੇ ਨੂੰ ਹੀ ਨਹੀਂ ਮੰਨਿਆ ਜਾਂਦਾ ਸਗੋਂ ਹਰੇਕ ਤਰਾਂ ਦੇ ਮਨੋਰੰਜਨ ਦੇ ਸਾਧਨ ਅਤੇ ਹਰੇਕ ਤਰਾਂ ਦੀ ਨੌਕਰੀ ਦੇਣਾ ਵੀ ਇਸ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਮੀਦਵਾਰ ਜਾਂ ਉਸਦਾ ਚੋਣ ਏਜੰਟ ਜਾਂ ਕੋਈ ਹੋਰ ਵਿਅਕਤੀ ਜਿਸਨੂੰ ਕਿ ਉਮੀਦਵਾਰ ਜਾਂ ਉਸਦੇ ਚੋਣ ਏਜੰਟ ਵੱਲੋਂ ਸਹਿਮਤੀ ਦਿੱਤੀ ਗਈ ਹੋਵੇ ਵੱਲੋਂ, ਵੋਟਰ ਨੂੰ ਪ੍ਰਭਾਵਿਤ ਕਰਨ ਲਈ ਸੱਟ ਚੋਟ ਦਾ ਡਰ ਦੇਣਾ, ਸਮਾਜਿਕ ਬਾਈਕਾਟ ਜਾਂ ਕਿਸੇ ਜਾਤੀ ਜਾਂ ਸਮੂਹ ਵਿੱਚੋਂ ਛੇਕਣਾ ਆਦਿ, ਅਧਿਆਤਮਕ ਡਰ ਦਿਖਾਣਾ ਵੀ ਇਸ ਕਾਨੂੰਨ ਦੀ ਉਲੰਘਣਾ ਮੰਨਿਆ ਗਿਆ ਹੈ।
ਉਨਾਂ ਕਿਹਾ ਕਿ ਇਸ ਤੋਂ ਇਲਾਵਾ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਲੈ ਕੇ ਜਾਣ ਲਈ ਗੱਡੀਆਂ ਜਾਂ ਹੋਰ ਕੋਈ ਸਾਧਨ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਮੀਦਵਾਰ ਜਾਂ ਉਸਦਾ ਚੋਣ ਏਜੰਟ ਜਾਂ ਕੋਈ ਹੋਰ ਵਿਅਕਤੀ ਜਿਸਨੂੰ ਕਿ ਉਮੀਦਵਾਰ ਜਾਂ ਉਸਦੇ ਚੋਣ ਏਜੰਟ ਵੱਲੋਂ ਸਹਿਮਤੀ ਦਿੱਤੀ ਗਈ ਹੋਵੇ ਵੱਲੋਂ, ਮੁਹਈਆ ਕਰਵਾਉਣਾ ਵੀ ਇਸ ਧਾਰਾ ਦੀ ਉਲੰਘਣਾ ਹੈ।
ਡਾ. ਰਾਜੂ ਨੇ ਕਿਹਾ ਕਿ ਚਲਣ-ਫਿਰਨ ਵਿੱਚ ਅਸਮਰਥ ਵੋਟਰਾਂ ਦੀ ਸਹੂਲਤ ਲਈ ਵੋਟ ਪਾਉਣ ਲਈ ਜਾਣ ਅਤੇ ਵਾਪਿਸ ਘਰ ਆਉਣ ਵਾਸਤੇ ਗੱਡੀ ਦੀ ਸਹੂਲਤ, ਵੀਲ ਚੇਅਰ, ਵੋਟ ਬੂਥ ਤੱਕ ਜਾਣ ਲਈ ਸਹਾਇਕ ਵੱਜੋਂ ਵਲੰਟੀਅਰ ਦੀ ਸਹੁਲਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੀ.ਡਬਲਯੂ.ਡੀ. ਵੋਟਰਜ਼ ਲਈ ਰੈਂਪ ਦੀ ਸਹੂਲਤ ਅਤੇ ਬਿਨਾਂ ਲਾਈਨ ਵਿੱਚ ਲੱਗੇ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ।
ਮੁੱਖ ਚੋਣ ਅਫਸਰ ਨੇ ਪੰਜਾਬ ਰਾਜ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਜੇਕਰ ਵੋਟ ਬਦਲੇ ਕੋਈ ਵਿਅਕਤੀ ਉਨਾਂ ਨੂੰ ਪੈਸਾ, ਦਾਰੂ, ਨਸ਼ੀਲਾ ਪਦਾਰਥ ਜਾਂ ਉਪਰੋਕਤ ਵਿੱਚੋਂ ਕੋਈ ਲਾਲਚ ਜਾਂ ਡਰ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਸੀਵਿਜਲ ਐਪ ਜਾਂ ਵੋਟਰ ਹੈਲਪਲਾਈਨ ਨੰ 1950 ਤੇ ਤੁਰੰਤ ਸ਼ਿਕਾਇਤ ਦਰਜ਼ ਕਰਨ।