ਐਮ.ਪੀ ਮੁਨੀਸ਼ ਤਿਵਾੜੀ ਨੇ ਲੁਧਿਆਣਾ ਵਿੱਚ ਲਾਈਨ ਵਿੱਚ ਲੱਗ ਕੇ ਪਾਈ ਵੋਟ
ਲੁਧਿਆਣਾ, 20 ਫਰਵਰੀ 2022 - ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਲੁਧਿਆਣਾ ਦੇ ਸਰਾਭਾ ਨਗਰ ਵਿਖੇ ਵੋਟ ਪਾਈ ਗਈ, ਜੋ ਇਸ ਦੌਰਾਨ ਆਮ ਵੋਟਰਾਂ ਦੀ ਤਰ੍ਹਾਂ ਲਾਈਨ ਵਿੱਚ ਲੱਗੇ ਅਤੇ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਲੋਕਤੰਤਰ ਵਿੱਚ ਜੋ ਸੰਵਿਧਾਨ ਡਾ ਬੀਆਰ ਅੰਬੇਡਕਰ ਨੇ ਸਾਨੂੰ ਦਿੱਤਾ ਹੈ, ਉਸ ਵਿੱਚ ਹਰ ਨਾਗਰਿਕ ਇਕ ਸਮਾਨ ਹੈ। ਜਦੋਂ ਵੋਟ ਪਾਉਣ ਜਾਓ ਤੇ ਤੁਹਾਡੇ ਅੱਗੇ ਕੋਈ ਖੜ੍ਹਾ ਹੋਵੇ, ਤਾਂ ਸ਼ਿਸ਼ਟਾਚਾਰ ਇਹ ਕਹਿੰਦਾ ਹੈ ਕਿ ਤੁਸੀਂ ਆਪਣੀ ਵਾਰੀ ਦੀ ਉਡੀਕ ਕਰੋ। ਅੱਜ ਆਪਣੀ ਵਾਰੀ ਦੀ ਉਡੀਕ ਕਰਕੇ ਅਤੇ ਵੋਟ ਪਾ ਕੇ ਉਹ ਆਪਣੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਹਨ।
ਉਹ ਪੰਜਾਬ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਪੰਜਾਬ ਦੇ ਹੱਕਾਂ ਹਕੂਕਾਂ ਨੂੰ ਮੁੱਖ ਰੱਖਦੇ ਹੋਏ, ਪੰਜਾਬ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਨ੍ਹਾਂ ਨੂੰ ਮੁੱਖ ਰੱਖਦਿਆਂ ਹੋਇਆਂ, ਪੰਜਾਬ ਦੀ ਨੌਜਵਾਨੀ ਤੇ ਕਿਸਾਨੀ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਉਨ੍ਹਾਂ ਨੂੰ ਮੁੱਖ ਰੱਖਦਿਆਂ ਹੋਇਆਂ, ਜਾਤ ਧਰਮ ਤੋਂ ਉੱਪਰ ਉੱਠ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਮੁੱਖ ਰੱਖਦਿਆਂ ਵੋਟ ਪਾਓ।