ਕਿੱਧਰ ਭੁਗਤ ਰਿਹੈ ਡੇਰਾ ਸਿਰਸਾ ? ਕਿਸ ਨੂੰ ਵੋਟ ਪਾਉਣਗੇ ਡੇਰਾ ਪ੍ਰੇਮੀ ? ’ਸਿਆਸੀ ਪੱਤਿਆਂ’ ਤੋਂ ਪਰਦਾ ਚੁੱਕਣ ਲੱਗਿਆ ਡੇਰੇ ਦੇ
ਅਸ਼ੋਕ ਵਰਮਾ
ਬਠਿੰਡਾ,19 ਫਰਵਰੀ 2022: ਵਿਧਾਨ ਸਭਾ ਚੋਣਾਂ ਦੌਰਾਨ ਅਕਸਰ ਚਰਚਾ ਦਾ ਵਿਸ਼ਾ ਬਣਨ ਵਾਲਾ ਡੇਰਾ ਸੱਚਾ ਸੌਦਾ ਸਿਰਸਾ ਚੋਣਾਂ ਤੋਂ ਐਨ ਪਹਿਲਾਂ ਹੌਲੀ ਹੌਲੀ ਆਪਣੇ ‘ਸਿਆਸੀ ਪੱਤਿਆਂ’ ਤੋਂ ਪਰਦਾ ਚੁੱਕਣ ਲੱਗਿਆ ਹੈ। ਵਿਸ਼ੇਸ਼ ਤੱਥ ਹੈ ਕਿ ਇਸ ਵਾਰ ਡੇਰੇ ਦੇ ਸਿਆਸੀ ਵਿੰਗ ਨੇ ਕਿਸੇ ਇੱਕ ਧਿਰ ਨੂੰ ਨਹੀਂ ਬਲਕਿ ਇੱਕ ਅੱਧ ਨੂੰ ਛੱਡਕੇ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਚੋਗਾ ਪਾਇਆ ਹੈ। ਜਾਣਕਾਰੀ ਅਨੁਸਾਰ ਡੇਰਾ ਸਿਰਸਾ ਐਤਕੀਂ ਸਿਆਸੀ ਟਕਰਾਅ ਤੋਂ ਪਾਸਾ ਵੱਟਦਾ ਦਿਖਾਈ ਦੇ ਰਿਹਾ ਹੈ । ਨਵੀਂ ਸਰਕਾਰ ਕਿਸ ਦੀ ਬਣੇਗੀ, ਉਸ ਦਾ ਪੁਖਤਾ ਭੇਤ ਸਾਹਮਣੇ ਨਾ ਆਉਣ ਕਰਕੇ ਡੇਰਾ ਸਿਰਸਾ ਨੇ ਪੰਜਾਬ ਵਿੱਚ ਸਾਰੀਆਂ ਹੀ ਮੁੱਖ ਸਿਆਸੀ ਧਿਰਾਂ ਦੀ ਬਾਂਹ ਫੜਣ ਦੀ ਰਣਨੀਤੀ ਘੜੀ ਹੈ।
ਡੇਰੇ ਨੇ ਇਸ ਵਾਰ ਮੁੱਖ ਤੌਰ ਤੇ ਭਾਰਤੀ ਜੰਤਾ ਪਾਰਟੀ ਨਾਲ ਗੱਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਆਸ਼ੀਰਵਾਦ ਦਿੱਤਾ ਹੈ ਜਦੋਂਕਿ ਦੂਸਰੇ ਸਥਾਨ ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਹਨ। ਡੇਰਾ ਸਿਰਸਾ ਦੇ ਅਖਬਾਰ ’ਚ ਅੱਜ ਭਾਜਪਾ ਵੱਲੋਂ ਵੋਟਾਂ ਪਾਉਣ ਦੀ ਅਪੀਲ ਕਰਨ ਸਬੰਧੀ ਲੱਗੇ ਇਸ਼ਤਿਹਾਰ ਤੋਂ ਡੇਰੇ ਦੇ ਝੁਕਾਅ ਦਾ ਪਤਾ ਲੱਗਦਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਇੰਸਾਂ ਦੇ ਜੇਲ੍ਹ ਜਾਣ ਤੋਂ ਬਾਅਦ ਡੇਰਾ ਪ੍ਰਬੰਧਕ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਦੇ ਦਬਾਅ ਹੇਠ ਹਨ।
ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਮਿਲੀਆਂ ਸਜ਼ਾਵਾਂ ਕਾਰਨ ਹੀ ਦੋਵੇਂ ਸਰਕਾਰਾਂ ਡੇਰਾ ਪ੍ਰਬੰਧਕਾਂ ਦੀ ਬਾਂਹ ਮਰੋੜਨ ਦੀ ਸਥਿਤੀ ’ਚ ਹਨ ਜਿਸ ਕਰਕੇ ਵੀ ਭਾਜਪਾ ਨੂੰ ਹਮਾਇਤ ਦੇਣਾ ਵੀ ਮਜਬੂਰੀ ਹੈ। ਇਸ ਦੇ ਬਾਵਜੂਦ ਡੇਰਾ ਸਿਰਸਾ ਨੇ ਸਿਆਸੀ ਧਿਰ ਬਣਨ ਤੋਂ ਗੁਰੇਜ਼ ਕੀਤਾ ਹੈ। ਡੇਰਾ ਇਸ ਤੋਂ ਪਹਿਲਾਂ ਸਿਆਸੀ ਫੈਸਲਿਆਂ ਨੂੰ ਨਸ਼ਰ ਕਰਕੇ ਵੱਡਾ ਨੁਕਸਾਨ ਝੱਲ ਚੁੱਕਾ ਹੈ। ਇਸੇ ਸੋਚ ਤਹਿਤ ਹੁਣ ਸਿਆਸੀ ਵਿੰਗ ਨੇ ਕਿਸੇ ਵੀ ਸਿਆਸੀ ਧਿਰ ਨੂੰ ਨਾਰਾਜ਼ ਕਰਨ ਦੀ ਭੁੱਲ ਕਰਨੀ ਮੁਨਾਸਬ ਨਹੀਂ ਸਮਝੀ ਹੈ। ਸਿਆਸੀ ਵਿੰਗ ਦੇ ਆਗੂ ਇਸ ਮਾਮਲੇ ’ਤੇ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਜਦੋਂਕਿ ਕਈ ਪੈਰੋਕਾਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਦੱਸਿਆ ਜਾਂਦਾ ਹੈ ਕਿ ਅੱਜ ਵੱਖ ਵੱਖ ਬਲਾਕਾਂ ’ਚ ਡੇਰਾ ਆਗੂਆਂ ਨੇ ਪੈਰੋਕਾਰਾਂ ਨਾਲ ਮੀਟਿੰਗਾਂ ਕੀਤੀਆਂ ਹਨ ਜਿਸ ’ਚ ਫੈਸਲੇ ਤੋਂ ਜਾਣੂੰ ਕਰਵਾਇਆ ਗਿਆ ਹੈ। ਪੰਜਾਬ ਦੀ ਸੱਤਾ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਵਾਲੇ ਮਾਲਵਾ ਖਿੱਤੇ ਨਾਲ ਸਬੰਧਤ 69 ਵਿਧਾਨ ਸਭਾ ਹਲਕਿਆਂ ਵਿੱਚੋਂ 40 ਤੋਂ 43 ਹਲਕੇ ਅਜਿਹੇ ਹਨ ਜਿੰਨ੍ਹਾਂ ਤੇ ਡੇਰਾ ਸੱਚਾ ਸੌਦਾ ਦਾ ਜਬਰਦਸਤ ਪ੍ਰਭਾਵ ਹੈ। ਖਾਸ ਤੱਥ ਹੈ ਕਿ ਮਾਲਵੇ ਵਿਚਲੇ ਬਾਕੀ ਹਲਕੇ ਵੀ ਡੇਰੇ ਦੇ ਅਸਰ ਤੋਂ ਪੂਰੀ ਤਰਾਂ ਮੁਕਤ ਨਹੀਂ ਹਨ। ਅਹਿਮ ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਸਾਲ 2007 ’ਚ ਡੰਕੇ ਦੀ ਚੋਟ ਤੇ ਡੇਰੇ ਦੀ ਹਮਾਇਤ ਹਾਸਲ ਕਰਨ ਵਾਲੀ ਕਾਂਗਰਸ ਇਸ ਵਾਰ ਪਛੜ ਗਈ ਹੈ।
ਦੂਜੇ ਪਾਸੇ ਸਾਲ 2017 ’ਚ ਡੇਰਾ ਸਿਰਸਾ ਤੋਂ ਦੂਰ ਰਹਿਣ ਵਾਲੀ ਆਮ ਆਦਮੀ ਪਾਰਟੀ ਵੱਡੀ ਗਿਣਤੀ ਹਲਕਿਆਂ ’ਚ ਡੇਰੇ ਦੀ ਹਮਾਇਤ ਹਾਸਲ ਕਰਨ ’ਚ ਸਫਲ ਹੋ ਗਈ ਹੈ। ਇੰਨ੍ਹਾਂ ’ਚ ਬਠਿੰਡਾ ਸ਼ਹਿਰੀ ਹਲਕਾ ਵੀ ਸ਼ਾਮਲ ਹੈ ਜਿੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਮੈਦਾਨ ’ਚ ਹੋਣ ਕਾਰਨ ਸਮੁੱਚੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਾਲਾਂਕਿ ਇੱਕ ਡੇਰਾ ਆਗੂ ਨੇ ਗਲ੍ਹਤ ਦੱਸਿਆ ਹੈ ਜਦੋਂਕਿ ਸੂਤਰ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਹਮਾਇਤ ਦੇਣ ਦੀ ਪੁਸ਼ਟੀ ਕਰ ਰਹੇ ਹਨ। ਇਸੇ ਤਰਾਂ ਹੀ ਵਿਧਾਨ ਸਭਾ ਹਲਕਾ ਮੌੜ ’ਚ ਭਾਜਪਾ ਦੇ ਦਿਆਲ ਸੋਢੀ ਨੂੰ ਹਮਾਇਤ ਦਿੱਤੀ ਗਈ ਹੈ ਜਦੋਂ ਕਿ ਬਠਿੰਡਾ ’ਚ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਭੱਟੀ ਬਾਜੀ ਮਾਰ ਗਏ ਹਨ।
ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ’ਚ ਡੇਰਾ ਮੁਖੀ ਦਾ ਕੁੜਮ ਹਰਮਿੰਦਰ ਸਿੰਘ ਜੱਸੀ ਚੋਣ ਮੈਦਾਨ ’ਚ ਹੋਣ ਕਰਕੇ ਡੇਰਾ ਪ੍ਰੇਮੀਆਂ ਨੇ ਪ੍ਰਚਾਰ ਤੋਂ ਲੈਕੇ ਚੋਣ ਮੈਨੇਜਮੈਂਟ ਦਾ ਕੰਮ ਸੰਭਾਲਿਆ ਹੋਇਆ ਹੈ। ਰਾਮਪੁਰਾ ਹਲਕੇ ’ਚ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ , ਲੰਬੀ ਹਲਕੇ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗਿੱਦੜਬਾਹਾ ’ਚ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਮੁਕਤਸਰ ਤੋਂ ਭਾਜਪਾ ਸਫਲ ਰਹੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਜੋ ਗੁਪਤ ਸੁਨੇਹੇ ਲਾਏ ਹਨ, ਉਨ੍ਹਾਂ ’ਚ ਝਾੜੂ ਚੁੱਕਵਾਉਣ ਦੀਆਂ ਖਬਰਾਂ ਵੀ ਹਨ। ਅੱਜ ਵੀ ਕਈ ਹਲਕਿਆਂ ’ਚ ਡੇਰਾ ਪੈਰੋਕਾਰ ਖੁੱਲਕੇ ਆਮ ਆਦਮੀ ਪਾਰਟੀ ਦੇ ਹੱਕ ’ਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ।
ਸਾਈਆਂ ਕਿਤੇ ਵਧਾਈਆਂ ਕਿਤੇ
ਭਾਵੇਂ ਅੱਜ ਡੇਰਾ ਸਿਰਸਾ ਨੇ ਆਪਣਾ ਪੈਂਤੜਾ ਨਸ਼ਰ ਕਰ ਦਿੱਤਾ ਹੈ ਪਰ ਅੱਜ ਪੂਰਾ ਦਿਨ ‘ਆਵੇਂ ਸਾਡੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ ਬੱਲੇ ਓ ਚਲਾਕ ਸੱਜਣਾ’ ਦੀ ਚੁੰਝ ਚਰਚਾ ਚਲਦੀ ਰਹੀ। ਇਸ ਚਰਚਾ ਦਾ ਕੀ ਨਤੀਜਾ ਨਿਕਲਦਾ ਹੈ ਇਹ ਤਾਂ 10 ਮਾਰਚ ਨੂੰ ਸਾਹਮਣੇ ਆਏਗਾ ਪਰ ਇਸ ਤਰਾਂ ਦੀਆਂ ਗੱਲਾਂ ਨੇ ਕਈ ਉਮੀਦਵਾਰਾਂ ਨੂੰ ਢਾਰਸ ਵੀ ਦਿੱਤਾ ਹੈ। ਮਾਨਸਾ ਜਿਲ੍ਹੇ ’ਚ ਇੱਕ ਉਮੀਦਵਾਰ ਇਸ ਚਰਚਾ ਕਾਰਨ ਹੌਂਸਲੇ ’ਚ ਆ ਗਿਆ ਹੈ। ਇਸ ਵਾਰ ਵੱਖ ਵੱਖ ਸਿਆਸੀ ਧਿਰਾਂ ਵਿਚਕਾਰ ਫਸਵੇਂ ਮੁਕਾਬਲੇ ਹੋਣ ਕਾਰਨ ਡੇਰੇ ਦੇ ਸਿਆਸੀ ਵਿੰਗ ਵੱਲੋਂ ਚੱਲਿਆ ਜਾਣ ਵਾਲਾ ਹਰ ਪੱਤਾ ਅਹਿਮ ਮੰਨਿਆ ਜਾਂਦਾ ਹੈ ਅਤੇ ਸਵੇਰ ਸਾਰੇ ਪੱਤੇ ਖੁੱਲ੍ਹ ਸਕਦੇ ਹਨ।