ਕੇਂਦਰੀ ਪਹਿਰਾ: ਪੰਜਾਬ ਪੁਲਿਸ ਦੀ ‘ਵੱਢੂ ਖਾਊਂ ‘ ਤੋਂ ਬਿਨਾਂ ਪਈਆਂ ਵੋਟਾਂ
ਅਸ਼ੋਕ ਵਰਮਾ
ਬਠਿੰਡਾ,20 ਫਰਵਰੀ2022:ਵਿਧਾਨ ਸਭਾ ਚੋਣਾਂ ਕਾਰਨ ਬਠਿੰਡਾ ਸ਼ਹਿਰੀ ਹਲਕੇ ’ਚ ਪੋÇਲੰਗ ਬੂਥਾਂ ਤੇ ਬੀ ਐਸ ਐਫ ਅਤੇ ਸੀ ਆਰ ਪੀ ਆਦਿ ਵਰਗੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕਾਰਨ ਅੱਜ ਵੋਟਾਂ ਪੈਣ ਦਾ ਕੰਮ ਪੂਰੇ ਅਮਨ ਅਮਾਨ ਨਾਲ ਚੱਲਿਆ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਹਲਕਾ ਸੁਰੱਖਿਆ ਦੇ ਨਜ਼ਰੀਏ ਤੋਂ ‘ਅਤੀਸੰਵੇਦਨਸ਼ੀਲ ਜੋਨ’ ’ਚ ਰੱਖਿਆ ਗਿਆ ਹੈ। ਇਸ ਕਰਕੇ ਚੋਣ ਪ੍ਰਸ਼ਾਸ਼ਨ ਨੇ ਅਰਧ ਸੈਨਿਕ ਬਲਾਂ ਨੂੰ ਪੂਰੀ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਸਨ । ਹਲਕੇ ’ਚ ਸਖਤ ਮੁਕਾਬਲਿਆਂ ਕਾਰਨਕਿਸੇ ਕਿਸਮ ਦੀ ਗੜਬੜ ਹੋਣ ਦੇ ਖਦਸ਼ਿਆਂ ਕਾਰਨ ਪੋਲਿੰਗ ਬੂਥਾਂ ਦੀ ਸੁਰੱਖਿਆ ਦਾ ਕੰਮ ਕੇਂਦਰੀ ਸੁਰੱਖਿਆ ਬਲਾਂ ਦਾ ਹਵਾਲੇ ਕੀਤਾ ਗਿਆ ਸੀ।
ਮਹੱਤਵਪੂਰਨ ਤੱਥ ਹੈ ਕਿ ਕੇਂਦਰੀ ਦਸਤਿਆਂ ਦੀ ਸਹਾਇਤਾ ਲਈ ਸਿਰਫ ਇੱਕ ਜਾਂ ਦੋ ਪੁਲਿਸ ਅਧਿਕਾਰੀ ਸਹਾਇਤਾ ਦੇ ਤੌਰ ਤੇ ਤਾਇਨਾਤ ਸਨ ਪ੍ਰੰਤੂ ਪੋਲਿੰਗ ਬੂਥ ਦੇ ਅੰਦਰ ਜਾਣ ਤੋਂ ਲੈਕੇ ਵੋਟਾਂ ਪੈਣ ਦੀ ਸਮੁੱਚੀ ਦੇਖ ਰੇਖ ਅਰਧ ਸੈਨਿਕ ਬਲਾਂ ਦੇ ਜਵਾਨ ਕਰ ਰਹੇ ਸਨ। ਕੇਂਦਰ ਸਰਕਾਰ ਦੀਆਂ ਫੋਰਸਾਂ ਤਾਇਨਾਤ ਕਰਨ ਨੂੰ ਸ਼ਹਿਰ ਵਾਸੀਆਂ ਨੇ ਵੀ ਸਲਾਹਿਆ ਹੈ। ਇੰਨ੍ਹਾਂ ਜਵਾਨਾਂ ਵੱਲੋਂ ਸੁਰੱਖਿਆ ਦੇ ਨਾਲ ਨਾਲ ਵੋਟ ਪਾਉਣ ਲਈ ਆਈਆਂ ਔਰਤਾਂ, ਬਜ਼ੁਰਗਾਂ ਅਤੇ ਹੋਰਨਾਂ ਵੋਟਰਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਸੀ। ਅੰਗਹੀਣ ਵੋਟਰਾਂ ਲਈ ਹਰ ਪੋਲਿੰਗ ਬੂਥ ਤੇ ਬਕਾਇਦਾ ਵਹੀਲ ਚੇਅਰਾਂ ਦੇ।ਪ੍ਰਬੰਧ ਕੀਤੇ ਹੋਏ ਸਨ।
ਵਿਸ਼ੇਸ਼ ਤੱਥ ਹੈ ਕਿ ਅਰਧ ਸੈਨਿਕ ਬਲਾਂ ਦੇ ਜਵਾਨਾਂ ਵੱਲੋਂ ਹਰ ਕਿਸੇ ਨਾਲ ਪੂਰੀ ਹਲੀਮੀ ਵਾਲੀ ਭਾਸ਼ਾ ’ਚ ਗੱਲਬਾਤ ਕੀਤੀ ਜਾ ਰਹੀ ਸੀ। ਕਈ ਥਾਵਾਂ ਤੇ ਕੋਵਿਡ 19 ਕਾਰਨ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਮਾਸਕ ਆਦਿ ਪਹਿਨਣ ਤੋਂ ਬਗੈਰ ਵੋਟਰ ਅੰਦਰ ਜਾਣ ਤੋਂ ਰੋਕੇ ਜਾ ਰਹੇ ਸਨ। ਅੱਜ ਇਸ ਪੱਤਰਕਾਰ ਨੇ ਤਕਰੀਬਨ ਅੱਧੀ ਦਰਜਨ ਸਕੂਲਾਂ ’ਚ ਚੱਲ ਰਹੀ ਪੋਲਿੰਗ ਨੂੰ ਨੇੜਿਓਂ ਤੱਕਿਆ ਤਾਂ ਹਰ ਥਾਂ ਇਹੋ ਨਜ਼ਾਰਾ ਸੀ। ਵੱਡੀ ਗੱਲ ਹੈ ਕਿ ਕੇਂਦਰੀ ਬਲਾਂ ਦੀ ਮੌਜੂਦਗੀ ਕਾਰਨ ਅੱਜ ਪੋਲਿੰਗ ਬੂਥਾਂ ’ਚ ਬੇਲੋੜੀ ਮਟਰਗਸ਼ਤੀ ਤੋਂ ਵੀ ਬਚਾਅ ਰਿਹਾ ਜਦੋਂਕਿ ਇਸ ਤੋਂ ਪਹਿਲੀਆਂ ਚੋਣਾਂ ਦੌਰਾਨ ਪੰਜਾਬ ਪੁਲਿਸ ਦੀ ਤਾਇਨਾਤੀ ਕਰਕੇ ਅਕਸਰ ਸਿਆਸੀ ਲੋਕਾਂ ਦਾ ਜਮਾਵੜਾ ਲੱਗਿਆ ਰਹਿੰਦਾ ਸੀ ।
ਇਹ ਲੋਕ ਵੋਟਾਂ ਪਾਉਣ ਨੂੰ ਲੈਕੇ ਆਪਸ ’ਚ ਖਹਿਬੜ ਪੈਂਦੇ ਸਨ ਜਿਸ ਨਾਲ ਅਸੁਰੱਖਿਆ ਦੀ ਭਾਵਨਾ ਅਤੇ ਮਹੌਲ ਖਰਾਬ ਹੁੰਦਾ ਸੀ। ਆਮ ਲੋਕਾਂ ਨਾਲ ਜਾਣ ਪਛਾਣ ਹੋਣ ਕਾਰਨ ਵੀ ਪੁਲਿਸ ਮੁਲਾਜਮਾਂ ਦੀ ਨੂੰ ਸਖਤੀ ਕਰਨ ’ਚ ਸਮੱਸਿਆ ਆਉਂਦੀ ਸੀ । ਕਈ ਵਾਰ ਕਥਿਤ ਸਿਆਸੀ ਪ੍ਰਭਾਵ ਕਾਰਨ ਵੀ ਪੁਲਿਸ ਮੁਲਾਜਮ ਸਖਤ ਵਤੀਰਾ ਅਖਤਿਆਰ ਕਰਨ ਤੋਂ ਪਾਸਾ ਵੱਟ ਜਾਂਦੇ ਸਨ। ਇਸ ਦੇ ਉਲਟ ਅੱਜ ਅਰਧ ਸੈਨਿਕ ਬਲਾਂ ਵੱਲੋਂ ਵੋਟਰਾਂ ਨੂੰ ਵੀ ਵੋਟਰ ਸਲਿੱਪ ਦੇਖਣ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਵੋਟ ਪਾਉਣ ਵਾਲਿਆਂ ਦੇ ਪੋਲਿੰਗ ਬੂਥ ਦੇ ਅੰਦਰ ਮੋਬਾਇਲ ਫੋਨ ਲਿਜਾਣ ਤੇ ਵੀ ਲਾਈ ਰੋਕ ਵੀ ਪੂਰੀ ਤਰਾਂ ਲਾਗੂ ਕੀਤੀ ਜਾ ਰਹੀ ਸੀ।
ਪੋਲਿੰਗ ਬੂਥਾਂ ਦੇ ਅੰਦਰ ਤੱਕ ਤਾਂ ਪੋਲਿੰਗ ਏਜੰਟਾਂ ਤੋਂ ਸਿਵਾਏ ਹਰ ਕਿਸੇ ਦਾਖਲ ਹੋਣ ਦੀ ਮਨਾਹੀ ਕੀਤੀ ਹੋਈ ਸੀ। ਅੱਜ ਸਵੇਰ ਵਕਤ ਇੱਕ ਪੋਲਿੰਗ ਬੂਥ ਤੇ ਦਾਖਲ ਹੋਣ ਲੱਗੇ ਇੱਕ ਕਾਂਗਰਸੀ ਕੌਂਸਲਰ ਨੂੰ ਰੋਕਿਆ ਤਾਂ ਉਹ ਸੁਰੱਖਿਆ ਜਵਾਨਾਂ ਨਾਲ ਬਹਿਸਣ ਲੱਗ ਪਿਆ ਪਰ ਪੁਲਿਸ ਮੁਲਾਜਮ ਵੱਲੋਂ ਆਪਣੇ ਢੰਗ ਨਾਲਸਮਝਾਉਣ ਬੁਝਾਉਣ ਤੇ ਉਹ ਵਾਪਿਸ ਪਰਤ ਗਿਆ । ਇਸੇ ਤਰਾਂ ਦੀਆਂ ਇੱਕ ਦੁੱਕਾ ਛੋਟੀ ਮੋਟੀ ਬਹਿਸ ਹੋਰ ਵੀ ਕਈ ਥਾਵਾਂ ਤੇ ਹੋਈ ਜੋ ਪੁਲਿਸ ਨੇ ਦਖਲ ਦੇਕੇ ਖਤਮ ਕਰਵਾ ਦਿੱਤੀ । ਲਾਈਨੋ ਪਾਰ ਇਲਾਕੇ ’ਚ ਇੱਕ ਸੀਨੀਅਰ ਕਾਂਗਰਸੀ ਆਗੂ ਵੱਲੋਂ ਸਰਕਾਰੀ ਸਕੂਲ ਦੇ ਬਾਹਰ ਬੈਠ ਕੇ ਆਨੰਦ ਮਾਣਿਆ ਜਾ ਰਿਹਾ ਸੀ।
ਹੋਰ ਵੀ ਕਈ ਥਾਵਾਂ ਤੇ ਸੱਤਾ ਪੱਖ ਦੇ ਆਗੂ ਬੜੇ ਅਰਾਮ ਨਾਲ ਵੋਟਾਂ ਪੁਆ ਰਹੇ ਸਨ। ਇਸ ਇਲਾਕੇ ’ਚ ਆਮ ਆਦਮੀ ਪਾਰਟੀ ਦੇ ਇੱਕ ਸਮਰਥਕ ਨੇ ਮੰਨਿਆ ਕਿ ਐਤਕੀਂ ਵੋਟਾਂ ਪੈਣ ਦੇ ਕਾਰਜ ਦੌਰਾਨ ਤਲਖੀ ਵਾਲਾ ਮਹੌਲ ਨਹੀਂ ਸੀ। ਪਰਸ ਰਾਮ ਨਗਰ ’ਚ ਵੋਟ ਪਾਉਣ ਆਏ ਬਜ਼ੁਰਗ ਨੇ ਉਸ ਨੂੰ ਅੰਦਰ ਲਿਜਾਣ ਅਤੇ ਬਾਹਰ ਛੱਡਣ ਨੂੰ ਲੈਕੇ ਬੀ ਐਸ ਐਫ ਦੇ ਜਵਾਨ ਨੂੰ ਥਾਪੀ ਦਿੱਤੀ ਅਤੇ ਧੰਨਵਾਦ ਵੀ ਕੀਤਾ। ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਵਿਨੀਤ ਕੁਮਾਰ ਦਾ ਕਹਿਣਾ ਸੀ ਕਿ ਪੋਲਿੰਗ ਲਈ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਜਿੰਨ੍ਹਾਂ ਦੇਚੰਗੇ ਨਤੀਜੇ ਸਾਹਮਣੇ ਆਏ ਹਨ।