ਪੰਜਾਬ ਦੇ ਇਸ ਪਿੰਡ 'ਚ ਵਿਚ ਲੱਗਿਆ 'ਨੋਟਾ' ਦਾ ਬੂਥ
ਨਵਾਂਸ਼ਹਿਰ 20 ਫਰਵਰੀ 2022 - ਭਾਰਤੀ ਕਮਿਊਨਿਸਟ ਪਾਰਟੀ(ਮਾਰਕਸਵਾਦੀ-ਲੈਨਿਨਵਾਦੀ)ਨਿਊ ਡੈਮੋਕਰੇਸੀ ਵਲੋਂ ਪਿੰਡ ਉੜਾਪੜ ਵਿਚ ਹਲਕੇ ਦੇ ਸਾਰੇ ਉਮੀਦਵਾਰਾਂ ਨੂੰ ਨਕਾਰਦਿਆਂ ਨੋਟਾ ਦਾ ਬੂਥ ਲਾਇਆ ਗਿਆ।
ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਐਡਵੋਕੇਟ ਨੇ ਦੱਸਿਆ ਕਿ ਚੋਣਾਂ ਲੜ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ , ਸਿਆਸੀ ਗੱਠਜੋੜ ਅਤੇ ਆਜਾਦ ਉਮੀਦਵਾਰ ਪੰਜਾਬ ਦੇ ਬੁਨਿਆਦੀ ਮਸਲਿਆਂ ਉੱਤੇ ਸੰਬੋਧਤ ਨਹੀਂ ਹੋਏ ਅਤੇ ਨਾ ਹੀ ਇਹਨਾਂ ਦਾ ਹੱਲ ਹੀ ਦੱਸਿਆ ਹੈ।ਉਹਨਾਂ ਕਿਹਾ ਕਿ ਪੰਜਾਬ ਖੇਤੀ -ਪ੍ਰਧਾਨ ਸੂਬਾ ਹੈ।ਖੇਤੀ ਖੇਤਰ ਗੰਭੀਰ ਸੰਕਟ ਦਾ ਸ਼ਿਕਾਰ ਹੈ।ਮੌਜੂਦਾ ਖੇਤੀ ਮਾਡਲ ਨੇ ਧਰਤੀ ਹੇਠਲਾ ਪਾਣੀ ਖਤਮ ਹੋਣ ਕੰਢੇ ਪਹੁੰਚਾ ਦਿੱਤਾ ਹੈ,ਪ੍ਰਦੂਸ਼ਣ ਕਾਰਨ ਪੰਜਾਬੀਆਂ ਨੂੰ ਭਿਆਨਕ ਬਿਮਾਰੀਆਂ ਦਿੱਤੀਆਂ ਹਨ, ਕਿਸਾਨਾਂ ਖਾਸਕਰ ਗਰੀਬ ਅਤੇ ਬੇਜਮੀਨੇ ਕਿਸਾਨਾਂ ਨੂੰ ਕਰਜਈ ਕਰ ਦਿੱਤਾ ਹੈ।
ਇਸ ਸਾਮਰਾਜੀ ਖੇਤੀ ਮਾਡਲ ਦੀ ਥਾਂ ਕੁਦਰਤ ਪੱਖੀ ਅਤੇ ਕਿਸਾਨ ਪੱਖੀ ਖੇਤੀ ਮਾਡਲ ਕੋਈ ਪਾਰਟੀ ਨਹੀਂ ਦੇ ਰਹੀ। ਨਾ ਹੀ ਲੈਂਡ ਸੀਲਿੰਗ ਐਕਟ ਲਾਗੂ ਕਰਨ ਦੀ ਗੱਲ ਕਰਦੇ ਹਨ।ਉਹਨਾਂ ਕਿਹਾ ਕਿ ਸਿਆਸੀ ਢਾਂਚੇ ਦੀ ਆਪਾਸ਼ਾਹੀ ਖਤਮ ਕਰਨ ਲਈ ਸਿਵਲ ਅਤੇ ਪੁਲਸ ਦੀ ਅਫਸਰਸ਼ਾਹੀ ਨੂੰ ਲੋਕਾਂ ਅੱਗੇ ਜਵਾਬਦੇਹ ਬਣਾਉਣ,ਪੰਚਾਇਤਾਂ ਤੋਂ ਪਾਰਲੀਮੈਂਟ ਤੱਕ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਨਾ ਉਤਰਨ ਵਾਲੇ ਚੁਣੇ ਹੋਏ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ,ਕੇਂਦਰ ਵਲੋਂ ਗਵਰਨਰ ਨਿਯੁਕਤ ਕਰਨ ਦੀ ਪ੍ਰਣਾਲੀ ਅਤੇ ਧਾਰਾ 356 ਖਤਮ ਕਰਨ,ਤਸਕਰਾਂ, ਬਲੈਕੀਆਂ,ਗੈਂਗਸਟਰਾਂ ਦਾ ਵੋਟ ਦਾ ਅਧਿਕਾਰ ਖਤਮ ਕਰਨ,ਦਰਿਆਈ ਪਾਣੀਆਂ ਦਾ ਮਸਲਾ ਕੌਮਾਂਤਰੀ ਕਾਨੂੰਨ ਅਨੁਸਾਰ ਅਤੇ ਰਿਪੇਰੀਅਨ ਐਕਟ ਤਹਿਤ ਹੱਲ ਕਰਨ ,ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਪਾਣੀਆਂ ਦੀ ਰਾਇਲਟੀ ਦੇਣ ਅਤੇ ਇਸ ਰਾਇਲਟੀ ਨਾਲ ਪੰਜਾਬ ਸਿਰ ਚੜ੍ਹਿਆ ਕਰਜਾ ਉਤਾਰਨ ਦੀ ਕਿਸੇ ਨੇ ਗੱਲ ਨਹੀਂ ਕੀਤੀ। ਕੋਈ ਵੀ ਨਿੱਜੀਕਰਨ ਖਤਮ ਕਰਨ ਦੀ ਵੀ ਗੱਲ ਨਹੀਂ ਕੀਤੀ।ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਨੋਟਾ ਦੇ ਬੂਥ ਲਾਕੇ ਨਵ ਜਮਹੂਰੀ ਇਨਕਲਾਬ ਲਈ ਇਨਕਲਾਬੀ ਬਦਲ ਉਸਾਰਨ ਦਾ ਸੱਦਾ ਦਿੱਤਾ ਹੈ।ਇਸ ਮੌਕੇ ਨਰਿੰਦਰ ਸਿੰਘ ਉੜਾਪੜ ਅਤੇ ਹੋਰ ਆਗੂ ਵੀ ਹਾਜਰ ਸਨ।