ਈਵੀਐਮ ਮਸ਼ੀਨਾਂ ਦੀ ਸੁਰੱਖਿਆ ਯਕੀਨੀ ਬਣਾਵੇ ਚੋਣ ਕਮਿਸ਼ਨ : ਰਾਘਵ ਚੱਢਾ
- ਸਟ੍ਰਾਂਗ ਰੂਮ ਦੇ ਬਾਹਰ ਅਰਧ ਸੈਨਿਕ ਬਲ ਤਾਇਨਾਤ ਕੀਤੇ ਜਾਣ, ਪ੍ਰਾਪਤ ਸੰਖਿਆ ਵਿੱਚ ਸੀਸੀਟੀਵੀ ਕੈਮਰੇ ਲਾਏ ਜਾਣ ਅਤੇ ਸਾਰੇ ਉਮੀਦਵਾਰਾਂ ਨੂੰ ਆਨਲਾਇਨ ਲਿੰਕ ਪ੍ਰਦਾਨ ਕਰੇ ਚੋਣ ਅਯੋਗ: ਰਾਘਵ ਚੱਢਾ
ਚੰਡੀਗੜ੍ਹ, 23 ਫਰਵਰੀ 2022 - ਆਮ ਆਦਮੀ ਪਾਰਟੀ (ਆਪ) ਨੇ ਚੋਣ ਕਮਿਸ਼ਨ ਤੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ 'ਆਪ' ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਈਵੀਐਮ ਨਾਲ ਛੇੜਛਾੜ ਹੋਣ ਦੇ ਸ਼ੱਕ ਨੂੰ ਦੂਰ ਕਰਨ ਲਈ ਤਿੰਨ ਪਰਤੀ ਸੁਰੱਖਿਆ ਵਿਵਸਥਾ ਵਿੱਚ ਈਵੀਐਮ ਦੀ ਨਿਗਰਾਨੀ ਕੀਤੀ ਜਾਵੇ।
ਰਾਘਵ ਚੱਢਾ ਨੇ ਆਪਣੇ ਪੱਤਰ ਵਿੱਚ ਚੋਣ ਕਮਿਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾ ਲਈ ਵੋਟਾਂ ਪਾਉਣ ਦੀ ਪ੍ਰੀਕਿਰਿਆ ਸ਼ਾਂਤੀਪੂਰਨ ਪੂਰੀ ਹੋ ਗਈ ਹੈ। ਪਰ ਆਮ ਆਦਮੀ ਪਾਰਟੀ ਦੇ ਵੱਖ ਵੱਖ ਉਮੀਦਵਾਰਾਂ ਨੇ ਵੋਟਿੰਗ ਮਸ਼ੀਨਾਂ ਦੀ ਲੋੜੀਂਦੀ ਸੁਰੱਖਿਆ ਨਾ ਹੋਣ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਕਈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਨਾਂ ਥਾਂਵਾਂ 'ਤੇ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਹਨ, ਉਥੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਨਹੀਂ ਹਨ ਅਤੇ ਕਈ ਥਾਂਵਾਂ 'ਤੇ ਸੁਰੱਖਿਆ ਦੇ ਨਾਲ ਨਾਲ ਰੌਸ਼ਨੀ ਦੇ ਵੀ ਲੋੜੀਂਦੇ ਪ੍ਰਬੰਧ ਨਹੀਂ ਹਨ।
ਰਾਘਵ ਚੱਢਾ ਨੇ ਮੁੱਖ ਚੋਣ ਅਧਿਕਾਰੀ ਤੋਂ ਚਾਰ ਮੰਗਾਂ ਕੀਤੀਆਂ ਹਨ, ਜਿਨਾਂ ਚੋਂ ਪਹਿਲੀ ਸਟ੍ਰਾਂਗ ਰੂਮ ਦੀ ਤਿੰਨ ਪਰਤੀ ਸਰੱਖਿਆ ਵਿਵਸਥਾ ਵਿੱਚ ਈਵੀਐਮ ਦੀ ਨਿਗਰਾਨੀ ਹੋਵੇ ਅਤੇ ਵਰਤਮਾਨ ਪੁਲੀਸ ਸਮੇਤ ਸਟ੍ਰਾਂਗ ਰੂਮ ਦੇ ਬਾਹਰ ਅਰਧ ਸੁਰੱਖਿਆ ਬਲ ਨਿਯੁਕਤ ਕੀਤੇ ਜਾਣ। ਦੂਜਾ, ਸਟ੍ਰਾਂਗ ਰੂਪ ਦੇ ਅੰਦਰ ਅਤੇ ਬਾਹਰ ਲੋੜੀਂਦੀ ਸੰਖਿਆ 'ਚ ਸੀਸੀਟੀਵੀ ਕੈਮਰੇ ਲਾਏ ਜਾਣ। ਤੀਜਾ ਸਟ੍ਰਾਂਗ ਰੂਮ ਦੇ ਅੰਦਰ ਆਉਣ- ਜਾਣ ਵਾਲੇ ਵਿਅਕਤੀਆਂ ਨੂੰ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਕੀਤਾ ਜਾਵੇ ਅਤੇ ਚੌਥਾ ਹਜ਼ਾਰਾਂ ਉਮੀਦਵਾਰਾਂ ਦੀ ਸ਼ੱਕ ਨੂੰ ਦੂਰ ਕਰਨ ਲਈ ਸਾਰੇ ਉਮੀਦਵਾਰਾਂ ਨੂੰ ਸੁਰੱਖਿਆ ਵਿਵਸਥਾ ਦਾ ਆਨਲਾਇਨ ਲਿੰਕ ਪ੍ਰਦਾਨ ਕੀਤਾ ਜਾਵੇ।
ਚੱਢਾ ਨੇ ਕਿਹਾ ਕਿ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾ, ਜੋ ਭਾਰਤ ਦੇ ਸੰਵਿਧਾਨ ਦੀ ਮੂਲ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ, ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਇਸ ਨੂੰ ਪੱਕਾ ਕਰਨਾ ਚੋਣ ਕਮਿਸ਼ਨ ਦਾ ਕਰਤੱਵ ਹੈ। ਆਜ਼ਾਦ ਅਤੇ ਪਾਰਦਰਸ਼ੀ ਚੋਣਾ ਤਾਂ ਹੀ ਸੰਪਨ ਹੋ ਸਕਦੀਆਂ ਹਨ, ਜਦੋਂ ਪੰਜਾਬ ਦੇ ਸਵਾ ਦੋ ਕਰੋੜ ਲੋਕਾਂ ਦੀਆਂ ਭਾਵਨਾਵਾਂ, ਜਿਸ ਈਵੀਐਮ ਵਿੱਚ ਕੈਦ ਹਨ, ਉਹ ਪੂਰੀ ਤਰਾਂ ਸੁਰੱਖਿਅਤ ਹੋਣ। ਆਮ ਆਦਮੀ ਪਾਰਟੀ ਸਮੇਤ ਕਈ ਹੋਰ ਪਾਰਟੀਆਂ ਨੂੰ ਸ਼ੱਕ ਹੈ ਕਿ ਵਰਤਮਾਨ ਸੁਰੱਖਿਆ ਵਿਵਸਥਾ ਵਿੱਚ ਈਵੀਐਮ ਪੂਰੀ ਤਰਾਂ ਸੁਰੱਖਿਅਤ ਨਹੀਂ ਹੋ ਸਕਦਾ ਹੈ। ਇਸ ਲਈ ਚੋਣ ਕਮਿਸ਼ਨ ਈਵੀਐਮ ਦੀ ਸੁਰੱਖਿਆ ਪੱਕੀ ਕਰਨ ਲਈ ਉਨਾਂ ਦੀ ਮੰਗ 'ਤੇ ਗੰਭੀਰਤਾ ਨਾਲ ਵਿਚਾਰ ਕਰੇ ਅਤੇ ਸਾਰੇ ਉਮੀਦਵਾਰਾਂ ਦੇ ਸ਼ੱਕ ਨੂੰ ਤੁਰੰਤ ਦੂਰ ਕਰੇ।