ਸੀ ਆਈ ਡੀ ਵੋਟਾਂ ‘ਰਿੜਕਣ’ ‘ਚ ਰੁੱਝੀ ਤੇ ‘ਨੇਤਾ ਜੀ’ ਫਿਕਰਾਂ ’ਚ ਡੁੱਬੇ
ਅਸ਼ੋਕ ਵਰਮਾ
ਬਠਿੰਡਾ,25 ਫਰਵਰੀ2022: ਪੰਜਾਬ ਭਰ ’ਚ ਸਾਰੀਆਂ ਹੀ ਮੁੱਖ ਸਿਆਸੀ ਧਿਰਾਂ ਦਰਮਿਆਨ ਹੋਈ ਫਸਵੀਂ ਟੱਕਰ ਨੇ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਨੂੰ ਉਲਝਾ ਕੇ ਰੱਖ ਦਿੱਤਾ ਹੈ। ਖੁਫੀਆ ਵਿੰਗ ਵੋਟਾਂ ਪੈਣ ਤੋਂ ਬਾਅਦ ਜਿੱਤ ਹਾਰ ਦੀਆਂ ਗਿਣਤੀਆਂ ਮਿਣਤੀਆਂ ’ਚ ਰੁੱਝਿਆ ਹੋਇਆ ਹੈ ਜਦੋਂਕਿ ਚੋਣ ਲੜਨ ਵਾਲੇ ਲੀਡਰਾਂ ਨੂੰ ਹਾਰ ਦੇ ਡਰ ਕਾਰਨ ਠੰਢੇ ਮੌਸਮ ’ਚ ਵੀ ਤਰੇਲੀਆਂ ਆ ਰਹੀਆਂ ਹਨ। ਸੱਤਾ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਾਲਵੇ ’ਚ ਐਤਕੀਂ ਤਕਰੀਬਨ ਸਾਰੇ ਹੀ ਵਿਧਾਨ ਸਭਾ ਹਲਕਿਆਂ ’ਚ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਿਚਕਾਰ ਸਖਤ ਮੁਕਾਬਲੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਹਾਲਾਂਕਿ ਇਸ ਮੁੱਦੇ ਤੇ ਕੋਈ ਵੀ ਅਧਿਕਾਰੀ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੋਇਆ ਪਰ ਅਹਿਮ ਸੂਤਰਾਂ ਮੁਤਾਬਕ ਖੁਫੀਆ ਵਿੰਗ ਦੇ ਮੁਲਾਜਮ ਸਾਲ 2017 ਦੇ ਨਤੀਜਿਆਂ ਦੇ ਅਧਾਰ ਤੇ ਸਿੱਟੇ ਕੱਢਣ ’ਚ ਜੁਟੇ ਹੋਏ ਹਨ। ਸੂਤਰਾਂ ਮੁਤਾਬਕ ਅਧਿਕਾਰੀਆਂ ਨੇ ਸਥਿਤੀ ਦੇ ਜਾਇਜੇ ਲਈ ਜਿਲ੍ਹਿਆਂ ’ਚ ਤਾਇਨਾਤ ਖੁਫੀਆ ਵਿੰਗ ਦੇ ਮੁਲਾਜਮਾਂ ਨਾਲ ਗੁਪਤ ਮੀਟਿੰਗਾਂ ਵੀ ਕੀਤੀਆਂ ਹਨ। ਸੂਤਰ ਦੱਸਦੇ ਹਨ ਕਿ ਇਸ ਮੌਕੇ ਮੁਲਾਜਮਾਂ ਨੇ ਆਪੋ ਆਪਣੇ ਹਲਕਿਆਂ ਨਾਲ ਸਬੰਧਤ ਤੱਥ ਪੇਸ਼ ਕੀਤੇ ਹਨ। ਰੌਚਕ ਪਹਿਲੂ ਹੈ ਕਿ ਤਕਰੀਬਨ ਬਹੁਤੇ ਹਲਕਿਆਂ ਵਿੱਚੋਂ ਵੱਖੋ ਵੱਖਰੀਆਂ ਰਿਪੋਰਟਾਂ ਮਿਲੀਆਂ ਹਨ ਜਿਸ ਕਾਰਨ ਤਾਣੀ ਹੋਰ ਉਲਝਦੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਗਿਣਤੀ ਵਾਲੇ ਦਿਨ 10 ਮਾਰਚ ਤੋਂ ਪਹਿਲਾਂ ਪਹਿਲਾਂ ਫਾਈਨਲ ਰਿਪੋਰਟ ਤਿਆਰ ਕੀਤੀ ਜਾਣੀ ਹੈ। ਇਸ ਰਿਪੋਰਟ ’ਚ ਮੌਜੂਦਾ ਵਿਧਾਨ ਸਭਾ ਚੋਣਾਂ ਦੌਰਾਨ ਪੋਲ ਹੋਈਆਂ ਵੋਟਾਂ ਚੋਂ ਹਲਕਾ ਵਾਈਜ਼ ਵੋਟ ਪੈਣ ਸਬੰਧੀ ਅਨੁਮਾਨਿਤ ਵੇਰਵੇ ਸ਼ਾਮਲ ਕੀਤੇ ਜਾਣੇ ਹਨ। ਸੂਤਰਾਂ ਨੇ ਦੱਸਿਆ ਹੈ ਕਿ ਇੱਕ ਸੀਨੀਅਰ ਅਧਿਕਾਰੀ ਨੇ ਕੁੱਝ ਦਿਨ ਪਹਿਲਾਂ ਜੋ ਰਿਪੋਰਟ ਤਿਆਰ ਕੀਤੀ ਸੀ ਉਸ ’ਚ ਮਾਲਵੇ ਵਿੱਚੋਂ ਹਾਕਮ ਧਿਰ ਕਾਂਗਰਸ ਨੂੰ ਕਾਫੀ ਅੱਗੇ ਦਿਖਾਇਆ ਸੀ।
ਦੂਜੇ ਪਾਸੇ ਖੁਫੀਆ ਵਿੰਗ ਦੇ ਯੂਨਿਟਾਂ ਵੱਲੋਂ ਆਮ ਆਦਮੀ ਪਾਰਟੀ,ਅਕਾਲੀ ਦਲ, ਭਾਜਪਾ ਗੱਠਜੋੜ ਅਤੇ ਕਾਂਗਰਸ ਦੇ ਰਲਵੇਂ ਮਿਲਵੇਂ ਪ੍ਰਭਾਵ ਨੂੰ ਕਬੂਲਦਿਆਂ ਹੁਣ ਤੱਕ ਜੋ ਵੀ ਰਿਪੋਰਟਾਂ ਭੇਜੀਆਂ ਗੲਆਂ ਹਨ ਉਨ੍ਹਾਂ ਦੇ ਵੇਰਵੇ ਅਧਿਕਾਰੀਆਂ ਦੇ ਤੱਥਾਂ ਨਾਲ ਮੇਲ ਨਹੀਂ ਖਾ ਰਹੇ ਹਨ। ਇਸ ਤਰਾਂ ਇੱਕ ਹੀ ਮਹਿਕਮੇ ਦੀਆਂ ਅਲੱਗ ਅਲੱਗ ਰਿਪੋਰਟਾਂ, ਸੋਸ਼ਲ ਮੀਡੀਆ ਅਤੇ ਟੀ ਵੀ ਚੈਨਲਾਂ ਰਾਹੀਂ ਆਏ ਸਰਵੇਖਣਾਂ ਨੇ ਖੁਫੀਆ ਤੰਤਰ ਨੂੰ ਕਸੂਤਾ ਫਸਾਕੇ ਰੱਖ ਦਿੱਤਾ ਹੈ।
ਅਜਿਹੇ ਹਾਲਾਤਾਂ ਦਰਮਿਆਨ ਹੁਣ ਸੀ ਆਈ ਡੀ ਨੂੰ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਇੱਕ ਵਾਰ ਆਪਣੇ ਹੀ ਕਾਗਜ਼ਾਂ ਪੱਤਰਾਂ ਦੀ ਪੁਣਛਾਣ ਕਰਨੀ ਪੈ ਰਹੀ ਹੈ। ਵਿਧਾਨ ਸਭਾ ਹਲਕਾ ਭਦੌੜ, ਬਠਿੰਡਾ ਸ਼ਹਿਰੀ, ਚਮਕੌਰ ਸਾਹਿਬ ,ਧੂਰੀ ਅਤੇ ਤਲਵੰਡੀ ਸਾਬੋ ਦੀ ਸਿਆਸੀ ਘੁੰਡੀ ਖੋਹਲਣੀ ਹੋਰ ਵੀ ਮੁਸ਼ਕਲ ਬਣੀ ਹੋਈ ਹੈ। ਇੰਨ੍ਹਾਂ ਹਲਕਿਆਂ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ,ਭਗਵੰਤ ਮਾਨ ਚੋਣ ਲੜ ਰਹੇ ਹਨ ਜਦੋਂਕਿ ਤਲਵੰਡੀ ਹਲਕੇ ’ਚ ਡੇਰਾ ਸਿਰਸਾ ਮੁਖੀ ਦੇ ਕੁੜਮ ਤੇ ਬਾਗੀ ਕਾਂਗਰਸੀ ਹਰਮਿੰਦਰ ਸਿੰਘ ਜੱਸੀ ਅਜਾਦ ਉਮੀਦਵਾਰ ਹੈ।
ਵੱਡੀ ਗੱਲ ਹੈ ਕਿ ਕਿਸੇ ਨਾਂ ਕਿਸੇ ਨੁਕਤੇ ਨੂੰ ਲੈਕੇ ਬਾਰ ਬਾਰ ਬਨਾਉਣੀਆਂ ਪੇ ਂਰਹੀਆਂ ਰਿਪੋਰਟ ਕਾਰਨ ਇੰਟੈਲੀਜੈਂਸੀ ਵਿੰਗ ਦੇ ਮੁਲਾਜਮ ਅਤੇ ਅਫਸਰ ਵੀ ਚੱਕਰਾਂ ’ਚ ਪਏ ਹੋਏ ਹਨ । ਸੂਤਰ ਆਖਦੇ ਹਨ ਕਿ ਪੰਜਾਬ ਦੀ ਅਫਸਰਸ਼ਾਹੀ ਵਿਧਾਨ ਸਭਾ ਚੋਣਾਂ ਦੌਰਾਨ ਪਈਆਂ ਵੋਟਾਂ ਦੇ ਸੰਭਾਵਿਤ ਨਤੀਜੇ ਦੀ ਅਗੇਤੀ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ। ਇਹੋ ਕਾਰਨ ਹੈ ਕਿ ਸਰਕਾਰੀ ਸੂਹੀਆ ਏਜੰਸੀਆਂ ਨੂੰ ਵੋਟਰਾਂ ਦੇ ਦਿਲਾਂ ਦੀਆਂ ਬੁੱਝਣ ਵਾਸਤੇ ਹੁਣ ਦੁਬਾਰਾ ਕੋਸ਼ਿਸ਼ ਕਰਨ ਲਈ ਆਖਿਆ ਗਿਆ ਹੈ। ਦੂਜੇ ਪਾਸੇ ਵੋਟਰ ਦਿਲ ਦਾ ਭੇਤ ਨਹੀਂ ਦੇ ਰਹੇ ਜਿਸ ਕਰਕੇ ਹਵਾ ਦਾ ਅਸਲ ਰੱੁਖ ਜਾਣਨ ਵਿੱਚ ਮੁਸ਼ਕਲ ਆ ਰਹੀ ਹੈ।
ਡੇਰਾ ਸਿਰਸਾ ਕਿੱਧਰ ਭੁਗਤਿਆ
ਖੁਫੀਆ ਵਿੰਗ ਲਈ ਇਹ ਪਤਾ ਲਾਉਣਾ ਪੈ ਰਿਹਾ ਹੈ ਕਿ ਐਤਕੀਂ ਦੀਆਂ ਚੋਣਾਂ ’ਚ ਤਲਵੰਡੀ ਹਲਕੇ ਨੂੰ ਛੱਡਕੇ ਬਾਕੀ ਹਲਕਿਆਂ ’ਚ ਡੇਰਾ ਸਿਰਸਾ ਕਿਸ ਤਰਫ ਭੁਗਤਿਆ ਹੈ। ਕਿਸੇ ਹਲਕੇ ’ਚ ਪਹਿਲਾਂ ਚਰਚਾ ਆਮ ਆਦਮੀ ਪਾਰਟੀ ਨੂੰ ਹਮਾਇਤ ਦੀ ਸੀ ਜਦੋਂਕਿ ਕਈ ਥਾਈਂ ਡੇਰਾ ਪੈਰੋਕਾਰਾਂ ਨੂੰ ਤੱਕੜੀ ’ਚ ਤੁਲਣ ਦਾ ਸੁਨੇਹਾ ਲੱਗਿਆ ਸੀ। ਐਤਵਾਰ ਨੂੰ ਕਮਲ ਦੇ ਫੁੱਲ ਦੀ ਖੁਸ਼ਬੋ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ। ਵੇਰਵਿਆਂ ਅਨੁਸਾਰ ਬਹੁਤੇ ਹਲਕਿਆਂ ‘ਚ ਵੱਖੋ ਵੱਖਰੇ ਦਾਅਵੇ ਕੀਤੇ ਜਾਂਦੇ ਰਹੇ ਹਨ। ਉਂਜ ਇਹ ਵੀ ਕਿਹਾ ਜਾ ਰਿਹਾ ਹੈ ਕਿ ਡੇਰੇ ਨੇ ਐਤਕੀਂ ਇੱਕ ਅੱਧ ਧਿਰ ਨੂੰ ਛੱਡਕੇ ਬਾਕੀਆਂ ਨੂੰ ਖੁਸ਼ ਕਰਨ ਦਾ ਪੈਂਤੜਾ ਲਿਆ ਹੈ ਜੋ ਵੀ ਇੱਕ ਤਰਾਂ ਨਾਲ ਨਵੀਂ ਸਿਰਦਰਦੀ ਹੈ ।
ਫੋਨ ਕਰਨ ਅਤੇ ਚੁੱਕਣ ਦੀ ਚਰਚਾ
ਪ੍ਰਸ਼ਾਸ਼ਨਿਕ ਹਲਕਿਆਂ ’ਚ ਇੱਕ ਸੀਨੀਅਰ ਅਧਿਕਾਰੀ ਵੱਲੋਂ ਹਾਕਮ ਧਿਰ ਨਾਲ ਸਬੰਧਤ ਖੁਦ ਨੂੰ ਧੱਕੜ ਅਖਵਾਉਂਦੇ ਲੀਡਰ ਦਾ ‘ਫੋਨ ਨਾਂ ਚੁੱਕਣ’ ਦੇ ਚਰਚੇ ਚੱਲ ਰਹੇ ਹਨ। ਉਡਦੀ ਖਬਰ ਇਹ ਵੀ ਹੈ ਕਿ ਇਸੇ ਅਫਸਰ ਵੱਲੋਂ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਨਾਲ ਫੋਨ ਤੇ ਗੱਲਬਾਤ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੀ ਇਹ ਤਬਦੀਲੀ ਦੀ ਵਾਅ ਵਗਣ ਵੱਲ ਇਸ਼ਾਰਾ ਹੈ ਜਾਂ ਫਿਰ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਨੇਤਾ ਜੀ ਦੀ ਬੋਲ ਬਾਣੀ ਕਾਰਨ ਅਧਿਕਾਰੀ ਨਰਾਜ਼ ਹਨ ਜੋ ਹਾਲੇ ਭੇਦ ਹੀ ਹੈ।