ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 21 ਫਰਵਰੀ, 2022: ਅੱਜ ਭਾਸ਼ਾ ਦਿਵਸ ਮੌਕੇ ਡੀਸੀ ਦਫ਼ਤਰ ਸੰਗਰੂਰ ਦੇ ਸਾਹਮਣੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਸੰਗਰੂਰ ਵੱਲੋਂ ਇੱਥੇ ਰੋਸ ਮੁਜ਼ਾਹਰਾ ਕਰਕੇ ਨਵੀਂ ਸਿੱਖਿਆ ਨੀਤੀ- 2020 ਦੀਆਂ ਕਾਪੀਆਂ ਸਾੜੀਆਂ ਗਈਆਂ।
ਇਸ ਸਮੇਂ ਪੰਜਾਬ ਸਟੂਡੈਂਟਸ ਦੇ ਆਗੂ ਸੁਖਦੀਪ ਹਥਨ, ਪੰਜਾਬ ਸਟੂਡੈਂਟਸ ਯੂਨੀਅਨ 'ਲਲਕਾਰ' ਦੇ ਆਗੂ ਗੁਰਪ੍ਰੀਤ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਮਨਜੀਤ ਨਮੋਲ ਤੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਆਗੂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ 2020 ਦੇ ਮਾਰੂ ਪ੍ਰਭਾਵਾਂ ਸਬੰਧੀ ਵਿਦਿਆਰਥੀਆਂ, ਅਧਿਆਪਕਾਂ ਤੇ ਸਮੁੱਚੇ ਕਿਰਤੀ ਵਰਗ ਨੂੰ ਜਾਗਰੂਕ ਕਰਨ ਦੀ ਸਖਤ ਜਰੂਰਤ ਹੈ ਕਿਉਂਕਿ ਇਸ ਸਿਖਿਆ ਨੀਤੀ ਦੇ ਲਾਗੂ ਹੋਣ ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਤੇ ਇੱਕ ਵੱਡਾ ਆਰਥਿਕ ਬੋਝ ਪੈ ਜਾਵੇਗਾ ਜਿਸਨੂੰ ਚੁੱਕਣਾ ਆਮ ਕਿਰਤੀ ਪਰਿਵਾਰ ਲਈ ਸੰਭਵ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਦਾ ਕੇਂਦਰ ਸਰਕਾਰ ਨੂੰ ਦੇਸ਼ ਵਿਆਪੀ ਢੁਕਵਾਂ ਜਵਾਬ ਦਿੱਤਾ ਜਾ ਸਕੇ।
ਇਸ ਸਮੇਂ ਜਮਹੂਰੀ ਅਧਿਕਾਰ ਅਧਿਕਾਰ ਸਭਾ ਦੇ ਉਪ ਸਕੱਤਰ ਕੁਲਵਿੰਦਰ ਬੰਟੀ ਨੇ ਇਸ ਸਿਖਿਆ ਨੀਤੀ ਦੇ ਲੋਕ ਮਾਰੂ ਪ੍ਰਭਾਵਾਂ ਸਬੰਧੀ ਕਿਹਾ ਕਿ ਸਿੱਖਿਆ ਹਰ ਇਨਸਾਨ ਦੀ ਬੁਨਿਆਦੀ ਜਰੂਰਤ ਹੈ ਆਮ ਲੋਕਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਣਾ ਇੱਕ ਗੈਰ ਮਨੁੱਖੀ ਕਾਰਾ ਹੈ।
ਡੀਟੀਐੱਫ ਵੱਲੋਂ ਦਾਤਾ ਨਮੋਲ ਨੇ ਆਖਿਆ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਵਾਂਗ ਇਹ ਸਿੱਖਿਆ ਨੀਤੀ 2020 ਇੱਕ ਕਾਲਾ ਕਾਨੂੰਨ ਹੀ ਇਸ ਨੂੰ ਵਾਪਸ ਕਰਵਾਉਣ ਲਈ ਉਸ ਤਰ੍ਹਾਂ ਦਾ ਹੀ ਦੇਸ਼ਵਿਆਪੀ ਸ਼ੰਘਰਸ਼ ਕਰਨ ਦੀ ਜਰੂਰਤ ਹੈ।
ਇਸ ਸਮੇਂ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਵੱਲੋਂ ਕੁਲਦੀਪ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਬਿਮਲਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਰਮਨ ਕਾਲਾਝਾੜ, ਜਮਹੂਰੀ ਅਧਿਕਾਰ ਵੱਲੋਂ ਪ੍ਰਧਾਨ ਸਵਰਨਜੀਤ, ਭਜਨ ਰੰਗੀਆਂ, ਬਸੇਸਰ ਰਾਮ ਅਤੇ ਤਰਕਸ਼ੀਲ ਸੁਸਾਇਟੀ ਵੱਲੋਂ ਪਰਮਵੇਦ ਸ਼ਮੂਲੀਅਤ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਡੀਟੀਐੱਫ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਨਿਭਾਈ। ਇਸ ਡੀਟੀਐੱਫ ਦੇ ਆਗੂ ਜਸਵੀਰ ਨਮੋਲ ਵੀ ਹਾਜਰ ਸਨ।