ਫ਼ਿਰੋਜ਼ਪੁਰ ਸ਼ਹਿਰ ਦੀਆਂ ਦੁਕਾਨਾਂ 'ਤੇ ਲੱਗੀਆਂ 'ਆਪ' ਉਮੀਦਵਾਰ ਦੇ ਨਾਂ ਦਰਸਾਉਂਦੀਆਂ ਭਗਤ ਸੈਣ ਜੀ ਦੀ ਤਸਵੀਰ ਵਾਲੀਆਂ ਫੋਟੋਆਂ।
ਫ਼ਿਰੋਜ਼ਪੁਰ, 2 ਫਰਵਰੀ, 2017 (ਗੁਰਿੰਦਰ ਸਿੰਘ) : ਆਦਰਸ਼ ਚੋਣ ਜਾਬਤੇ ਦੀ ਪਾਲਨਾ ਹਿੱਤ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸਮੇਂ ਸਮੇਂ 'ਤੇ ਰਾਜਸੀ ਪਾਰਟੀਆਂ ਨੂੰ ਅਗਾਹ ਕਰਨ ਅਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਵੀ ਧਰਮ ਜਾਤੀ ਦੇ ਨਾਂ 'ਤੇ ਚੋਣ ਪ੍ਰਚਾਰ ਨਾ ਕਰਨ ਅਤੇ ਸਿਆਸੀ ਮਨੋਰਥ ਲਈ ਧਰਮ ਜਾਤੀ ਦਾ ਇਸਤੇਮਾਲ ਨਾ ਕਰਨ ਦੀਆਂ ਹਦਾਇਤਾਂ ਦੇ ਬਾਵਜੂਦ ਰਾਾਜਸੀ ਪਾਰਟੀਆਂ ਵੱਲੋਂ ਵੋਟ ਪ੍ਰਾਪਤੀ ਲਈ ਜਾਤੀ ਅਧਾਰਿਤ ਪ੍ਰਚਾਰ ਕਰਕੇ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸੰਧਾ ਵੱਲੋਂ ਸਰਵ ਉੱਚ ਅਦਾਲਤ ਦੀਆਂ ਹਦਾਇਤਾਂ ਨੂੰ ਟਿੱਚ ਜਾਣਦਿਆਂ ਵਿਸ਼ੇਸ਼ ਜਾਤੀ ਨੂੰ ਖੁਸ਼ ਕਰਕੇ ਜਾਤੀ ਨਾਲ ਸਬੰਧਤ ਵੋਟਾਂ ਬਟੋਰਣ ਲਈ ਇੱਕ ਜਾਤੀ ਦੇ ਗੁਰੂ ਦੀਆਂ ਤਸਵੀਰਾਂ ਵਾਲੀਆਂ ਫੋਟੋਆਂ ਵੱਡੇ ਪੱਧਰ 'ਤੇ ਛਪਵਾ ਕੇ ਵੰਡੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਅੰਦਰ ਕਰੀਬ 5 ਪ੍ਰਤੀਸ਼ਤ ਵੋਟ ਬੈਂਕ ਦਾ ਆਧਾਰ ਰੱਖਣ ਵਾਲੇ ਸੈਣ ਸਮਾਜ ਦੀਆਂ ਵੋਟਾਂ 'ਤੇ ਨਜ਼ਰ ਰੱਖਦਿਆਂ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸੰਧਾ ਵੱਲੋਂ ਭਗਤ ਸੈਣ ਜੀ ਦੀਆਂ ਵੱਡੇ ਪੱਧਰ 'ਤੇ ਤਸਵੀਰਾਂ ਵਾਲੀਆਂ ਫੋਟੋਆਂ ਜਿਹਨਾਂ ਉੱਪਰ ਭਗਤ ਸੈਣ ਜੀ ਦੀ ਤਸਵੀਰ ਦੇ ਥੱਲੇ 'ਵੱਲੋਂ ਨਰਿੰਦਰ ਸਿੰਘ ਸੰਧਾ, ਉਮੀਦਵਾਰ ਆਮ ਆਦਮੀ ਪਾਰਟੀ ਹਲਕਾ ਫਿਰੋਜ਼ਪੁਰ ਸ਼ਹਿਰੀ' ਦੇ ਨਾਲ ਨਰਿੰਦਰ ਸਿੰਘ ਸੰਧਾ ਦਾ ਮੋਬਾਈਲ ਨੰਬਰ ਅਤੇ 'ਆਪ' ਦੇ ਚੋਣ ਦਫ਼ਤਰ ਦਾ ਲੈਂਡ ਲਾਈਨ ਨੰਬਰ ਛਪਿਆ ਹੋਇਆ ਹੈ, ਫ਼ਿਰੋਜ਼ਪੁਰ ਸਹਿਰ, ਛਾਉਣੀ ਤੋਂ ਇਲਾਵਾ ਨੇੜਲੇ ਇਲਾਕਿਆਂ ਵਿੱਚ ਵੀ ਸਥਾਪਿਤ ਕਟਿੰਗ ਵਾਲੀਆਂ ਦੁਕਾਨਾਂ 'ਤੇ ਟੰਗੀਆਂ ਗਈਆਂ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਫ਼ਿਰੋਜ਼ਪੁਰ ਸ਼ਹਿਰ, ਛਾਉਣੀ ਤੇ ਆਸ ਪਾਸ ਕੰਟਿਗ ਵਾਲੀਆਂ ਕਰੀਬ 500 ਦੁਕਾਨਾਂ ਹਨ ਜਿਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਚਾਰ ਲਈ ਵਧੀਆ ਸਾਧਨ ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਦੁਕਾਨਾਂ 'ਤੇ ਰੋਜ਼ਾਨਾਂ 40 ਤੋਂ 50 ਦੇ ਕਰੀਬ ਲੋਕ ਕਟਿੰਗ ਆਦਿ ਕਰਵਾਉਣ ਲਈ ਆਉਂਦੇ ਹਨ। ਇਥੇ ਹੀ ਬੱਸ ਨਹੀ ਇਸ ਤੋਂ ਇਲਾਵਾ ਵੀ ਅਕਸਰ ਹੀ ਲੋਕ ਇਹਨਾਂ ਦੁਕਾਨਾਂ 'ਤੇ ਬੈਠ ਕੇ ਗੱਪ ਛੱਪ ਕਰਦੇ ਦੇਖੇ ਜਾ ਸਕਦੇ ਹਨ। ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਾਉਣ ਵਾਲੀ ਪਾਰਟੀ 'ਆਪ' ਦੇ ਸਥਾਨਕ ਉਮੀਦਵਾਰ ਵੱਲੋਂ ਇੱਕ ਜਾਤੀ ਵਿਸ਼ੇਸ਼ ਦੀਆਂ ਵੋਟਾਂ ਬਟੋਰਣ ਲਈ ਵਰਤਿਆ ਇਹ ਹਰਬਾ ਸਿੱਧੇ ਰੂਪ ਵਿੱਚ ਜਿੱਥੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਉੱਥੇ ਆਦਰਸ਼ ਚੋਣ ਜਾਬਤੇ ਦੀਆਂ ਵੀ ਸਰਾਸਰ ਧੱਜੀਆਂ ਉਡਾਈਆਂ ਗਈਆਂ ਹਨ। ਇਸ ਸਬੰਧਂੀ ਜਦ ਫ਼ਿਰੋਜ਼ਪੁਰ ਸਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸੰਧਾ ਨਾਲ ਗੱਲ ਕੀਤੀ ਤਾਂ ਉਹਨਾਂ ਅਜਿਹੀ ਕਿਸੇ ਵੀ ਤਸਵੀਰ ਛਪਵਾ ਕੇ ਲਗਵਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹੀ ਹਰਕਤ ਉਨ੍ਹਾਂ ਦੇ ਵਿਰੋਧੀਆਂ ਵੱਲੋਂ 'ਆਪ' ਦੀ ਚੜ੍ਹਤ ਵੇਖ ਕੇ ਕੀਤੀ ਗਈ ਹੋ ਸਕਦੀ ਹੈ। ਉੱਧਰ ਇਸ ਮਾਮਲੇ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦੀ ਕਿਸੇ ਨੂੰ ਵੀ ਇਜ਼ਾਜ਼ਤ ਨਹੀ ਦਿੱਤੀ ਜਾਵੇਗੀ ਅਤੇ ਉਲੰਘਣ ਕਰਨ ਵਾਲੀ ਪਾਰਟੀ ਦੇ ਉਂਮੀਦਵਾਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰਿਟਰਨਿਗ ਅਫ਼ਸਰ ਵੱਲੋਂ ਆਪ ਉਮੀਦਵਾਰ ਨੂੰ ਨੋਟਿਸ ਜਾਰੀ - ਅੱਜ ਤੱਕ ਮੰਗਿਆ ਜਵਾਬ
ਫ਼ਿਰੋਜ਼ਪੁਰ : ਵਿਧਾਨ ਸਭਾ ਹਲਕਾ ਫਿਰੋਜਪੁਰ ਸ਼ਹਿਰੀ ਦੇ ਰਿਟਰਨਿੰਗ ਅਫ਼ਸਰ ਹਰਜੀਤ ਸਿੰਘ ਸੰਧੂ ਨੇ ਮਾਣਸੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਵੱਗਿਆ ਅਤੇ ਭਾਰਤ ਦੇੇ ਚੋਣ ਕਮਿਸ਼ਨ ਵੱਲੋਂ ਜਾਰੀ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਨ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਨੋਟਿਸ ਜਾਰੀ ਕਰਦਿਆਂ 3 ਫਰਵਰੀ ਤੱਕ ਜਵਾਬ ਮੰਗਿਆ ਹੈ।
ਜਿਕਰਯੋਗ ਹੈ ਕਿ ਆਦਰਸ਼ ਚੋਣ ਜਾਬਤੇ ਅਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਵਿਧਾਨ ਸਭਾ ਚੋਣਾ ਦੌਰਾਨ ਧਰਮ ਜਾਤੀ ਦੇ ਨਾਂ 'ਤੇ ਵੋਟ ਨਾ ਮੰਗਣ ਅਤੇ ਧਰਮ, ਜਾਤੀ ਨੂੰ ਅਧਾਰ ਬਣਾ ਕੇ ਚੋਣ ਪ੍ਰਚਾਰ ਨਾ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਸਨ ਪਰ ਫ਼ਿਰੋਜ਼ਪੁਰ ਸਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸੰਧਾ ਵੱਲੋਂ ਸੈਣ ਸਮਾਜ ਨਾਲ ਸਬੰਧਤ ਵੋਟਾਂ ਹਾਸਲ ਕਰਨ ਲਈ ਭਗਤ ਸੈਣ ਜੀ ਦੀ ਤਸਵੀਰ ਸਹਿਤ ਆਪਣੇ ਨਾਂ ਦੀਆਂ ਵੱਡੇ ਪੱਧਰ 'ਤੇ ਫੋਟੋਆਂ ਕਟਿੰਗ ਵਾਲੀਆਂ ਦੁਕਾਨਾਂ 'ਤੇ ਲਗਵਾ ਦਿੱਤੀਆਂ ਸਂਨ। ਜਿਸ ਦਾ ਨੋਟਿਸ ਲੈਂਦਿਆਂ ਹਲਕਾ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ ਫ਼ਿਰੋਜ਼ਪੁਰ ਹਰਜੀਤ ਸਿੰਘ ਸੰਧੂ ਨੇ ਉਕਤ ਕਾਰਵਾਈ ਨੂੰ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਮੰਨਦਿਆਂ ਆਪ ਉਮੀਦਵਾਰ ਨਰਿੰਦਰ ਸਿੰਘ ਸੰਧੂ ਨੂੰ ਨੋਟਿਸ ਭੇਜਕੇ ਕੱਲ 3 ਫਰਵਰੀ ਤੱਕ ਜਵਾਬ ਦੇਣ ਲਈ ਕਿਹਾ ਹੈ। ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਆਪ ਉਮੀਦਵਾਰ ਵੱਲੋਂ ਨੋਟਿਸ ਦਾ ਜਵਾਬ ਆਉਣ ਉਪਰੰਤ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।