ਚੰਡੀਗੜ੍ਹ, 31 ਜਨਵਰੀ, 2017 : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਿੱਖ ਸੰਗਤ ਨੂੰ ਕਿਹਾ ਹੈ ਕਿ ਸੂਬੇ ਵਿਚ ਆਪ ਦੀ ਗੜਬੜ ਫੈਲਾਉਣ ਦੀ ਸਾਜ਼ਿਸ ਨੂੰ ਨਾਕਾਮ ਕਰਨ ਲਈ ਉਹ ਗੁਰਦੁਆਰਿਆਂ ਵਿਚ ਠੀਕਰੀ ਪਹਿਰਾ ਦੇਣ। ਉਹਨਾਂ ਕਿਹਾ ਕਿ ਆਪ ਗੜਬੜ ਕਰਵਾ ਕੇ ਦੋਸ਼ ਅਕਾਲੀ-ਭਾਜਪਾ ਸਿਰ ਮੜ੍ਹ ਰਹੀ ਹੈ।
ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਦੀ ਪਿਛਲੇ ਦਿਨੀਂ ਖਾਲਿਸਤਾਨ ਕਮਾਂਡੋ ਫੋਰਸ ਦੇ ਘਰ ਗਰਮ ਖਿਆਲੀਆਂ ਨਾਲ ਹੋਈ ਮੀਟਿੰਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਪ ਨੇ ਕੁੱਝ ਸਮਾਜ ਵਿਰੋਧੀ ਤੱਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਉਕਸਾਇਆ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਮਿਲਣ ਮਗਰੋਂ ਇਹਨਾਂ ਵਿਅਕਤੀਆਂ ਨੇ ਲੰਬੀ ਅਤੇ ਮੁਕਤਸਰ ਵਿਚ ਜਾ ਕੇ ਬੇਅਦਬੀਆਂ ਕੀਤੀਆਂ ਸਨ। ਉਹਨਾਂ ਕਿਹਾ ਕਿ ਮੈਂ ਸਿੱਖ ਸੰਗਤ ਨੂੰ ਅਪੀਲ ਕਰਦੀ ਹਾਂ ਕਿ ਉਹ ਗੁਰਦੁਆਰਿਆਂ ਦੀ ਰਾਖੀ ਪੂਰੀ ਮੁਸਤੈਦੀ ਨਾਲ ਕਰਨ ਅਤੇ ਦੋਖੀ ਤਾਕਤਾਂ ਦੀਆਂ ਸੂਬੇ ਅੰਦਰ ਅਮਨ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਪਛਾੜ ਦੇਣ।
ਬੀਬੀ ਬਾਦਲ ਨੇ ਕਿਹਾ ਕਿ ਆਪ ਵੱਲੋਂ ਗਰਮ ਖਿਆਲੀ ਧਿਰਾਂ ਨੂੰ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਲਈ ਉਕਸਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਉੱਤੇ ਜੁੱਤੀ ਸੁੱਟਣ ਵਾਲਾ ਗੁਰਬਚਨ ਸਿੰਘ ਵੀ ਗਰਮ ਖਿਆਲੀ ਆਗੂ ਅਮਰੀਕ ਸਿੰਘ ਅਜਨਾਲਾ ਦਾ ਭਰਾ ਹੈ, ਜਿਸ ਦੀ ਆਪ ਨੇ ਪੁਸ਼ਤਪਨਾਹੀ ਕੀਤੀ ਹੈ। ਇਸ ਤੋਂ ਇਲਾਵਾ ਬੇਅਦਬੀ ਦੀਆਂ ਘਟਨਾਵਾਂ ਦੇ ਬਾਕੀ ਦੋਸ਼ੀ ਵੀ ਆਪ ਨਾਲ ਜੁੜ ਗਏ ਹਨ, ਜਿਸ ਤੋਂ ਸਾਬਿਤ ਹੋ ਰਿਹਾ ਹੈ ਕਿ ਇਹ ਸਾਰੇ ਆਪਸ ਵਿਚ ਮਿਲੇ ਹੋਏ ਹਨ।
ਬੀਬੀ ਬਾਦਲ ਨੇ ਪੰਜਾਬੀਆਂ ਨੂੰ ਆਪ ਦੇ ਅਸਲੀ ਇਰਾਦੇ ਭਾਂਪਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਉਹੀ ਪਾਰਟੀ ਹੈ, ਜਿਸ ਨੇ ਦਿੱਲੀ ਵਿਚ ਗੁਰਦੁਆਰਾ ਸੀਸਗੰਜ ਵਿਖੇ ਇਤਿਹਾਸਕ 'ਪਿਆਊ' ਨੂੰ ਬੁਲਡੋਜ਼ਰ ਨਾਲ ਤੁੜਵਾਇਆ ਸੀ। ਦਿੱਲੀ ਦਾ ਇੱਕ ਆਪ ਵਿਧਾਇਕ ਮਲੇਰ ਕੋਟਲਾ ਵਿਖੇ ਪਵਿੱਤਰ ਕੁਰਾਨ ਦੀ ਬੇਅਦਬੀ ਕਰਨ ਲਈ ਗਿਰਫਤਾਰ ਕੀਤਾ ਗਿਆ ਸੀ। ਹੁਣ ਇਹ ਸਾਰੇ ਵਿਅਕਤੀ ਉਸ ਅੱਤਵਾਦੀ ਗੁਰਿੰਦਰ ਸਿੰਘ ਦੀ ਰਿਹਾਇਸ਼ ਉੱਤੇ ਮਿਲੇ ਸਨ, ਜਿਹੜਾ ਮੰਦਿਰਾਂ ਵਿਚ ਗਊਆਂ ਦੀ ਵੱਢੀਆਂ ਹੋਈਆਂ ਪੂਛਾਂ ਸੁੱਟਣ ਲਈ ਜ਼ਿੰਮੇਵਾਰ ਸੀ। ਇਹਨਾਂ ਲੋਕਾਂ ਉੱਤੇ ਵੋਟ ਪਾਉਣ ਲਈ ਭਰੋਸਾ ਨਹੀਂ ਕੀਤਾ ਜਾ ਸਕਦਾ।
ਬੀਬੀ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਭ੍ਰਿਸ਼ਟ ਆਪ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਣ। ਉਹਨਾਂ ਕਿਹਾ ਕਿ ਆਪ ਦੀ ਤਲਵੰਡੀ ਸਾਬੋ ਤੋਂ ਉਮੀਦਵਾਰ ਬਲਜਿੰਦਰ ਕੌਰ ਸ਼ਰਾਬ ਵੰਡਦੀ ਫੜੀ ਗਈ ਸੀ। ਆਪ ਉਮੀਦਵਾਰ ਸ਼ਹਿਰਾਂ ਵਿਚ ਪੈਸੇ ਵੀ ਵੰਡ ਰਹੇ ਹਨ।
ਉਹਨਾਂ ਕਿਹਾ ਕਿ ਸਿਰਫ ਅਕਾਲੀ-ਭਾਜਪਾ ਗਠਜੋੜ ਹੀ ਸੂਬੇ ਅੰਦਰ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਕਾਇਮ ਰੱਖ ਸਕਦਾ ਹੈ ਅਤੇ ਇਸ ਨੂੰ ਤਰੱਕੀ ਦੇ ਰਾਹ ਉੱਤੇ ਲਿਜਾ ਸਕਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੀ ਪੰਜਾਬ ਵਿਚ ਫਿਰਕੂ ਜਜ਼ਬਾਤਾਂ ਨੂੰ ਹਵਾ ਦੇਣ ਲਈ ਬਰਾਬਰ ਦੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਇੱਕ ਸਾਲ ਪਹਿਲਾਂ ਤਰਨ ਤਾਰਨ ਵਿਖੇ ਕਰਵਾਏ ਸਰਬਤ ਖਾਲਸਾ ਵਿਚ ਕਾਂਗਰਸੀਆਂ ਨੇ ਸ਼ਰੇਆਮ ਵੱਖਵਾਦੀਆਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਸਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਗਾਂਧੀ ਪਰਿਵਾਰ ਦੁਆਰਾ ਸ੍ਰੀ ਦਰਬਾਰ ਸਾਹਿਬ ਉੱਤੇ ਕਰਵਾਏ ਗਏ ਹਮਲੇ ਜਾਂ ਦਿੱਲੀ ਅੰਦਰ 1984 ਵਿਚ ਨਿਰਦੋਸ਼ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਕਦੇ ਨਹੀਂ ਭੁੱਲ ਸਕਦੇ।