ਚੰਡੀਗੜ੍ਹ, 15 ਫਰਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਜੇਲ੍ਹਬ੍ਰੇਕ ਦੀ ਘਟਨਾ ਦੇ ਮਾਸਟਰਮਾਇੰਡ ਨੂੰ ਇਕ ਆਮ ਆਦਮੀ ਪਾਰਟੀ ਵਰਕਰ ਦੇ ਘਰੋਂ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਉਪਰ ਸਖ਼ਤ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਅਰਵਿੰਦ ਕੇਜਰੀਵਾਲ ਦੀ ਸੂਬੇ ਅੰਦਰ ਅੱਤਵਾਦੀਆਂ ਤੇ ਗੈਂਗਸਟਰਾਂ ਨਾਲ ਮਿਲੀਭੁਗਤ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਥੇ ਜ਼ਾਰੀ ਇਕ ਬਿਆਨ 'ਚ, ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕੇਜਰੀਵਾਲ ਵੱਲੋਂ ਪੰਜਾਬ ਅੰਦਰ ਇਕ ਕੇ.ਐਲ.ਐਫ ਅੱਤਵਾਦੀ ਦੇ ਘਰ 'ਚ ਰੁੱਕ ਕੇ ਆਪਣੇ ਲਈ ਵਿਵਾਦ ਖੜ੍ਹਾ ਕਰਨ ਤੋਂ ਬਾਅਦ, ਗੁਰਪ੍ਰੀਤ ਸਿੰਘ ਸੇਖੋਂ ਨੂੰ ਇਕ ਆਪ ਵਰਕਰ ਦੇ ਘਰ ਤੋਂ ਗ੍ਰਿਫਤਾਰ ਕੀਤੇ ਜਾਣ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਨਾਲ ਆਪ ਦੇ ਅੱਤਵਾਦੀਆਂ ਦੇ ਨਾਲ ਨਾਲ ਖਤਰਨਾਕ ਗੈਂਗਸਟਰਾਂ ਨਾਲ ਵੀ ਡੂੰਘੇ ਰਿਸ਼ਤੇ ਹੋਣ ਦਾ ਸਾਫ ਤੌਰ 'ਤੇ ਖੁਲਾਸਾ ਹੁੰਦਾ ਹੈ, ਜਿਹੜੇ ਸੂਬੇ ਦੀ ਸੁਰੱਖਿਆ ਲਈ ਇਕ ਵੱਡਾ ਖਤਰਾ ਪੈਦਾ ਕਰਦੇ ਹਨ। ਜਿਸ 'ਤੇ, ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਇਕ ਕੇਂਦਰੀ ਏਜੰਸੀ ਵੱਲੋਂ ਪਾਰਟੀ ਦੇ ਅੱਤਵਾਦੀਆਂ ਤੇ ਗੈਂਗਸਟਰਾਂ ਨਾਲ ਖਤਰਨਾਕ ਸਬੰਧਾਂ ਦੀ ਸੁਤੰਤਰ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋੜ ਬੰਬ ਬਲਾਸਟ ਦੇ ਤਾਰ ਵੀ ਕੇ.ਐਲ.ਐਫ ਨਾਲ ਜੁੜੇ ਮਿੱਲਣ, ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਵੱਲੋਂ ਕੇ.ਐਫ.ਐਫ ਅੱਤਵਾਦੀ ਗੁਰਵਿੰਦਰ ਸਿੰਘ ਦੇ ਘਰ 'ਚ ਸ਼ੱਕੀ ਹਾਲਾਤਾਂ 'ਚ ਰੁੱਕਣ ਨਾਲ, ਆਪ ਤੇ ਸਮਾਜ ਵਿਰੋਧੀ ਅਨਸਰਾਂ ਵਿਚਾਲੇ ਪ੍ਰਤੀਤ ਹੋ ਰਹੇ ਖਤਰਨਾਕ ਸਬੰਧਾਂ ਕਾਰਨ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤਾ ਜਾਣਾ ਜ਼ਰੂਰੀ ਬਣ ਚੁੱਕਾ ਹੈ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਿਥੇ ਚੋਣਾਂ ਦੌਰਾਨ ਕੇਜਰੀਵਾਲ ਦੀ ਅਗਵਾਈ ਹੇਠ ਆਪ ਆਪਣੀ ਉਗਰਵਾਦੀ ਵਿਚਾਰਧਾਰਾ ਦਾ ਖੁੱਲ੍ਹ ਕੇ ਖੁਲਾਸਾ ਕਰ ਰਹੀ ਸੀ, ਉਥੇ ਹੀ ਸੇਖੋਂ ਨੂੰ ਪਾਰਟੀ ਦੇ ਇਕ ਵਰਕਰ ਗੋਲਡੀ ਗਿੱਲ ਦੇ ਘਰੋਂ ਗ੍ਰਿਫਤਾਰ ਕੀਤੇ ਜਾਣ ਦੀਆਂ ਤਾਜ਼ਾ ਖ਼ਬਰਾਂ ਹੁਣ ਸਾਹਮਣੇ ਆ ਰਹੀਆਂ ਹਨ, ਜਿਹੜਾ ਇਕ ਐਨ.ਆਰ.ਆਈ ਹੈ ਅਤੇ ਸਰਗਰਮੀ ਨਾਲ ਆਪ ਲਈ ਪ੍ਰਚਾਰ ਕਰ ਰਿਹਾ ਸੀ।
ਇਸ ਲੜੀ ਹੇਠ, ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੇ ਵਿਵਾਦਗ੍ਰਸਤ ਠਹਿਰਾਅ ਨੂੰ ਸਿਰਫ ਇਕ ਸੰਯੋਗ ਦੱਸ ਕੇ ਜ਼ਿਆਦਾ ਵਕਤ ਤੱਕ ਲੁਕਾਇਆ ਨਹੀਂ ਜਾ ਸਕਦਾ, ਜਿਸ ਤਰ੍ਹਾਂ ਦੀ ਆਪ ਅਗਵਾਈ ਕੋਸ਼ਿਸ਼ ਕਰ ਰਹੀ ਹੈ। ਇਸ ਦਿਸ਼ਾ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਦੇ ਗੁਰਵਿੰਦਰ ਦੇ ਘਰ ਰੁੱਕਣ ਨੂੰ ਸਿਰਫ ਇਕੋ ਘਟਨਾ ਸਮਝਣਾ ਭਾਰੀ ਗਲਤੀ ਹੋਵੇਗੀ ਅਤੇ ਤਾਜ਼ਾ ਘਟਨਾ ਆਪ ਦੇ ਅਪਰਾਧੀਆਂ ਦੇ ਨਾਲ ਨਾਲ ਅੱਤਵਾਦੀਆਂ ਨਾਲ ਵੀ ਡੂੰਘੇ ਰਿਸ਼ਤੇ ਹੋਣ ਦੇ ਸ਼ੱਕ ਨੂੰ ਹੋਰ ਮਜ਼ਬੂਤ ਕਰਦੀ ਹੈ। ਜਿਸ 'ਤੇ, ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਅੱਤਵਾਦ ਦੇ ਮੁੜ ਸਿਰ ਚੁੱਕਣ ਦੇ ਖਤਰੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਸਖ਼ਤੀ ਨਾਲ ਨਿਪਟੇ ਜਾਣ ਦੀ ਲੋੜ ਹੈ।
ਇਸ ਦੌਰਾਨ, ਕੈਪਟਨ ਅਮਰਿੰਦਰ, ਕੇਜਰੀਵਾਲ ਵੱਲੋਂ ਆਪਣੇ ਖਤਰਨਾਕ ਖੱਬੀਆਂ ਤੇ ਸੱਜੀਆਂ ਉਗਰਵਾਦੀ ਵਿਚਾਰਧਾਰਾਵਾਂ ਦੇ ਮੇਲ ਨਾਲ ਪੰਜਾਬ ਦੇ ਨੌਜ਼ਵਾਨਾਂ ਨੂੰ ਅੱਤਵਾਦ ਦੇ ਰਾਹ ਪਾਉਣ ਦੀਆਂ ਕੋਸ਼ਿਸ਼ਾਂ ਉਪਰ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਸੂਬਾ ਅੱਤਵਾਦ ਦੇ ਦੌਰ ਦੌਰਾਨ ਬਹੁਤ ਕੁਝ ਸਹਿਣ ਕਰ ਚੁੱਕਾ ਹੈ ਅਤੇ ਉਹ ਉਗਰਵਾਦ ਦੇ ਕਾਲੇ ਦਿਨਾਂ 'ਚ ਇਕ ਵਾਰ ਫਿਰ ਤੋਂ ਧਕੇਲਿਆ ਜਾਣਾ ਸਹਿਣ ਨਹੀਂ ਕਰ ਸਕਦਾ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਆਪ ਦੀਆਂ ਅਜਿਹੀਆਂ ਕੋਸ਼ਿਸ਼ਾਂ ਤੋਂ ਸਾਵਧਾਨ ਰਹਿਣ ਅਤੇ ਅਜਿਹੀ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਬਿਨ੍ਹਾਂ ਕਿਸੇ ਦੇਰੀ ਅਥਾਰਿਟੀਜ਼ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਗੜਬੜੀ ਨੂੰ ਕੋਸ਼ਿਸ਼ 'ਚ ਹੀ ਦਬਾਇਆ ਜਾ ਸਕੇ।