ਬਟਾਲਾ, 31 ਜਨਵਰੀ, 2017 : ''ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਬਟਾਲਾ ਸ਼ਹਿਰ ਨੂੰ ਪੰਜਾਬ ਦੀ 'ਮਾਡਲ ਸਿਟੀ' ਬਣਾਇਆ ਜਾਵੇਗਾ। ਇਤਿਹਾਸਕ ਅਤੇ ਵਿਰਾਸਤੀ ਸਬੰਧ ਰੱਖਣ ਵਾਲੇ ਬਟਾਲਾ ਸ਼ਹਿਰ ਨੂੰ ਹੁਣ ਤੱਕ ਦੀਆਂ ਸਰਕਾਰਾਂ ਨੇ ਹਮੇਸ਼ਾ ਨਜ਼ਰਅੰਦਾਜ਼ ਕੀਤਾ ਹੈ, ਪਰ 'ਆਪ' ਦੀ ਸਰਕਾਰ 'ਚ ਬਟਾਲਾ ਸ਼ਹਿਰ ਦੁਨੀਆ ਦੇ ਨਕਸ਼ੇ 'ਤੇ ਲਿਆਂਦਾ ਜਾਵੇਗਾ।'' ਇਹ ਦਾਅਵਾ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਅੱਜ ਬਟਾਲਾ ਨੇੜਲੇ ਆਪਣੇ ਜੱਦੀ ਪਿੰਡ ਖੋਖਰ ਫ਼ੌਜੀਆਂ 'ਚ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਪਾਰਟੀ ਉਮੀਦਵਾਰ ਗੁਰਵਿੰਦਰ ਸਿੰਘ ਸ਼ਾਮਪੁਰਾ ਦੇ ਹੱਕ 'ਚ ਵੱਡੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ, ''ਮੈਂ ਪੰਜਾਬ ਦੀ ਖੁਸ਼ਹਾਲੀ ਲਈ ਆਪਣਾ ਕੈਰੀਅਰ ਛੱਡ ਕੇ ਸਿਆਸਤ 'ਚ ਆਉਣ ਦਾ ਫ਼ੈਸਲਾ ਕੀਤਾ। ਆਪਣੇ ਫ਼ਿਲਮੀ ਖੇਤਰ 'ਚ ਮੈਂ ਦੁਨੀਆ ਭਰ 'ਚ ਅਥਾਹ ਪਿਆਰ, ਸਤਿਕਾਰ ਪ੍ਰਾਪਤ ਕੀਤਾ ਹੈ। ਮੈਨੂੰ ਪੰਜਾਬੀਆਂ ਨੇ ਕਿਸੇ ਚੀਜ਼ ਦੀ ਤੋਟ ਨਹੀਂ ਰਹਿਣ ਦਿੱਤੀ। ਮੈਂ ਮਹਿਸੂਸ ਕਰਦਾ ਹਾਂ ਕਿ ਜੇਕਰ ਮੈਨੂੰ ਦੁਨੀਆ 'ਚ ਪ੍ਰਸਿੱਧੀ ਤੇ ਧਨ-ਦੌਲਤ ਦੇਣ ਵਾਲੇ ਪੰਜਾਬੀ ਅੱਜ ਗਰੀਬੀ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਸਿਆਸੀ ਅੱਤਵਾਦ ਤੋਂ ਦੁਖੀ ਹਨ ਤਾਂ ਮੈਨੂੰ ਕੋਈ ਹੱਕ ਨਹੀਂ ਕਿ ਸੁੱਖ-ਆਰਾਮ ਦੀ ਜ਼ਿੰਦਗੀ ਬਤੀਤ ਕਰਾਂ।'' ਉਨ੍ਹਾਂ ਕਿਹਾ ਕਿ ਸਿਆਸਤ 'ਚ ਆਉਣਾ ਸ਼ੌਂਕ ਨਹੀਂ, ਮੇਰੀ ਮਜ਼ਬੂਰੀ ਹੈ। ਗੁਰਪ੍ਰੀਤ ਘੁੱਗੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ. ਗੁਰਨਾਮ ਸਿੰਘ ਨੇ ਇਕ ਫ਼ੌਜੀ ਹੁੰਦਿਆਂ 1962, 1965 ਅਤੇ 1971 ਦੀਆਂ ਜੰਗਾਂ ਵਿਚ ਹਿੱਸਾ ਲਿਆ ਹੈ ਅਤੇ ਹੁਣ ਸਾਨੂੰ ਪੰਜਾਬ ਨੂੰ ਬਚਾਉਣ ਲਈ ਸਿਆਸੀ ਅੱਤਵਾਦੀਆਂ ਦੇ ਖਿਲਾਫ਼ ਇਕ ਨਵੀਂ ਲੜਾਈ ਲੜਨੀ ਪੈ ਰਹੀ ਹੈ, ਜਿਸ ਨੂੰ ਪੰਜਾਬ ਹਰ ਹਾਲਤ 'ਚ ਜਿੱਤ ਕੇ ਰਹੇਗਾ। ਇਸ ਦੌਰਾਨ ਸਾਬਕਾ ਆਈ.ਏ.ਐਸ. ਅਧਿਕਾਰੀ ਕੁਲਬੀਰ ਸਿੰਘ ਸਿੱਧੂ, ਹਰਿੰਦਰ ਸਿੰਘ, ਸੋਨੂੰ ਖੋਖਰ, ਅੰਮ੍ਰਿਤ, ਮਨਜੀਤ ਸਿੰਘ ਕਬੱਡੀ ਖਿਡਾਰੀ ਅਤੇ ਸੁਖਦੇਵ ਸਿੰਘ ਆਦਿ ਵੀ ਹਾਜ਼ਰ ਸਨ।