ਬਟਾਲਾ, 13 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਅਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਆਖਿਆ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਇਕ ਸਾਲ ਦੇ ਅੰਦਰ-ਅੰਦਰ ਬਟਾਲਾ 'ਚ ਇਕ ਸੁਪਰ-ਸਪੈਸ਼ਲਿਟੀ ਹਸਪਤਾਲ ਖੋਲ੍ਹਿਆ ਜਾਵੇਗਾ, ਜਿੱਥੇ ਹਰ ਅਮੀਰ-ਗਰੀਬ ਸਸਤਾ ਇਲਾਜ ਕਰਵਾ ਸਕਣਗੇ।
ਬਟਾਲਾ ਸ਼ਹਿਰ ਦੇ ਸ਼ੁਕਰਪੁਰਾ, ਫ਼ੈਜ਼ਪੁਰਾ, ਗੁਰੂ ਨਾਨਕ ਸਕੂਲ ਵਾਲੀ ਗਲੀ ਅਤੇ ਭੁੱਲਰ ਰੋਡ 'ਤੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਵੜੈਚ ਨੇ ਆਖਿਆ ਕਿ ਪੰਜਾਬ 'ਚ ਆਬਾਦੀ ਪੱਖੋਂ ਸੱਤਵੇਂ ਨੰਬਰ 'ਤੇ ਆਉਂਦੇ ਬਟਾਲਾ ਸ਼ਹਿਰ ਨੂੰ ਸਰਕਾਰਾਂ ਨੇ ਕੂੜੇ ਦਾ ਢੇਰ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਬਟਾਲਾ ਨੂੰ ਇਕ ਸਾਫ਼-ਸੁਥਰਾ, ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੀਆਂ ਸਹੂਲਤਾਂ ਵਾਲਾ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿਚ ਹਰੇਕ ਤਰ੍ਹਾਂ ਦਾ ਇਲਾਜ ਅਤੇ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ 'ਚ ਸਰਕਾਰ ਬਣਨ 'ਤੇ ਇੱਥੋਂ ਦੇ ਸਰਕਾਰੀ ਹਸਪਤਾਲਾਂ ਨੂੰ ਵੀ ਆਧੁਨਿਕ ਸਹੂਲਤਾਂ ਨਾਲ ਲੈੱਸ ਕਰਕੇ ਸਹੀ ਅਤੇ ਸਸਤਾ ਇਲਾਜ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਆਖਿਆ ਕਿ ਇਸ ਵੇਲੇ ਪੰਜਾਬ 'ਚ ਮਾਫ਼ੀਆ ਸਰਕਾਰ ਹੈ, ਜਿਸ ਦੌਰਾਨ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਲੋੜਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਅਕਾਲੀ ਸਰਕਾਰ ਆਪਣੇ ਵਪਾਰਕ ਕਾਰੋਬਾਰਾਂ ਨੂੰ ਵਧਾਉਣ 'ਚ ਰੁੱਝੀ ਹੈ, ਜਦੋਂਕਿ ਸਰਕਾਰੀ ਹਸਪਤਾਲ, ਸਰਕਾਰੀ ਸਕੂਲ ਅਤੇ ਸਰਕਾਰੀ ਦਫ਼ਤਰ ਬਿਮਾਰ ਹਨ। ਉਨ੍ਹਾਂ ਆਖਿਆ ਕਿ ਅਕਾਲੀ ਸਰਕਾਰ ਦੇ ਆਪਣੇ ਕਾਰੋਬਾਰ ਤਾਂ ਪ੍ਰਫ਼ੁਲਤ ਹੋਏ ਹਨ ਪਰ ਸਰਕਾਰੀ ਜਾਇਦਾਦਾਂ ਨੂੰ ਵੇਚ ਕੇ ਸਰਕਾਰੀ ਖਰਚੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਇਕ ਸਿਆਸੀ ਪਾਰਟੀ ਹੀ ਨਹੀਂ, ਸਗੋਂ ਇਕ ਰਾਜਨੀਤਕ ਸੁਧਾਰ ਦੀ ਲਹਿਰ ਹੈ, ਜਿਸ ਨੂੰ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਸਿਆਸੀ ਨਿਜ਼ਾਮ ਨੂੰ ਬਦਲਣ ਅਤੇ ਸਹੀ ਮਾਅਨਿਆਂ 'ਚ ਸਰਕਾਰਾਂ ਦੀ ਵਾਗਡੋਰ ਆਮ ਲੋਕਾਂ ਦੇ ਹੱਥ ਫੜਾਉਣ ਦੇ ਮਨੋਰਥ ਨਾਲ ਸ਼ੁਰੂ ਕੀਤਾ ਸੀ। ਉਨ੍ਹਾਂ ਆਖਿਆ ਕਿ ਬਟਾਲਾ 'ਚ ਪਿਛਲੇ ਸਮੇਂ ਦੌਰਾਨ ਬੰਦ ਹੋਏ ਉਦਯੋਗਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਮੁੜ ਸ਼ੁਰੂ ਕਰਕੇ ਇੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਇੰਚਾਰਜ ਜ਼ਿਲ੍ਹਾ ਗੁਰਦਾਸਪੁਰ ਸ਼ੈਰੀ ਕਲਸੀ, ਵਿਨੋਦ ਸਹਿਗਲ, ਅਵਤਾਰ ਸੰਧੂ, ਬਲਜਿੰਦਰ ਫ਼ੌਜੀ, ਅੱਪੂ, ਨਿੰਦੀ ਗੁਰੂ ਨਾਨਕ ਨਗਰ, ਸੋਨੂੰ ਢਿੱਲੋਂ, ਜਗਜੀਤ ਚੀਮਾ, ਗੁਰਨਾਮ ਸਿੰਘ, ਜੋਏ ਗਿੱਲ, ਗੋਪੀ ਬੋਪਾਰਾਏ, ਸੁਖਜਿੰਦਰ ਸਿੰਘ ਦਾਬਾਂਵਾਲ, ਹਰਪਾਲ ਰਾਏ ਮੁਰਗੀ ਮੁਹੱਲਾ, ਰਾਕੇਸ਼ ਮਹਿਤਾ, ਭਗਤ ਸਿੰਘ ਲੁਬਾਣਾ ਅਤੇ ਮੈਨੇਜਰ ਰਤਨ ਸਿੰਘ ਆਦਿ ਆਪ ਵਾਲੰਟੀਅਰ ਵੀ ਹਾਜ਼ਰ ਸਨ।