ਪਿੰਡ ਮਾਂਗਾਸਰਾਏ ਵਿਖੇ ਆਪ ਦੀ ਹਮਾਇਤ 'ਚ ਨਿੱਤਰਨ ਵਾਲਿਆਂ ਨੂੰ ਮਿਲਦੇ ਹੋਏ ਐਡਵੋਕੇਟ ਸ਼ੇਰਗਿੱਲ ਅਤੇ ਹੋਰ।
ਮੱਤੇਵਾਲ, 27 ਜਨਵਰੀ, 2017 : ਵਿਧਾਨ ਸਭਾ ਹਲਕਾ ਮਜੀਠਾ ਤੋਂ ਚੋਣ ਲੜ ਰਹੇ ਆਪ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਯਕੀਨੀ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਦੀ ਸਰਕਾਰ ਬਣਦਿਆਂ ਹੀ ਮਜੀਠਾ ਹਲਕੇ ਦੀ ਆਮ ਜਨਤਾ ਨੂੰ ਡਰ ਅਤੇ ਪਰਚਿਆਂ ਦੇ ਦਬਾਅ ਤੋਂ ਹਮੇਸ਼ਾਂ ਲਈ ਮੁਕਤ ਕਰ ਦਿੱਤਾ ਜਾਵੇਗਾ।
ਅੱਜ ਵਰ੍ਹਦੇ ਮੀਂਹ ਵਿੱਚ ਹਲਕੇ ਦੇ ਝਾਮਕਾ, ਅਰਜਨਮਾਂਗਾ ਅਤੇ ਅਠਵਾਲ ਆਦਿ ਪਿੰਡਾਂ ਦੇ ਦੌਰੇ ਕਰਨ ਦੌਰਾਨ ਆਮ ਆਦਮੀ ਪਾਰਟੀ ਦੀ ਹਮਾਇਤ 'ਚ ਨਿਤਰਨ ਵਾਲੇ ਲੋਕਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸ਼ੇਰਗਿੱਲ ਨੇ ਕਿਹਾ ਕਿ ਮਜੀਠਾ ਹਲਕੇ ਦੇ ਆਮ ਲੋਕਾਂ ਨੂੰ ਮਜੀਠੀਆ ਦੀ ਦਹਿਸ਼ਤ 'ਚੋਂ ਕੱਢਣਾ ਉਹਨਾਂ ਦਾ ਮੁੱਖ ਮਕਸਦ ਹੈ ਅਤੇ ਲੋਕਾਂ ਨਾਲ ਹੋਈਆਂ ਧੱਕੇਸ਼ਾਹੀਆਂ ਦਾ ਪੂਰਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨੀ ਯਕੀਨੀ ਹੈ ਅਤੇ ਆਪ ਦੀ ਸਰਕਾਰ ਬਣਦਿਆਂ ਹੀ ਸੂਬੇ ਨੂੰ ਵਿਕਾਸ, ਅਮਨ ਸ਼ਾਂਤੀ, ਖੁਸ਼ਹਾਲੀ, ਰੁਜ਼ਗਾਰ, ਸਿੱਖਿਆ ਅਤੇ ਸਿਹਤ ਦੇ ਖੇਤਰਾਂ 'ਚ ਅੱਵਲ ਨੰਬਰ 'ਤੇ ਲਿਆਉਣ ਦੇ ਜੰਗੀ ਪੱਧਰ 'ਤੇ ਯਤਨ ਸ਼ੁਰੂ ਕਰ ਦਿੱਤੇ ਜਾਣਗੇ। ਸ਼ੇਰਗਿੱਲ ਨੇ ਦੋਸ਼ ਲਾਇਆ ਕਿ ਆਪਣੀ ਹਾਰ ਸਾਹਮਣੇ ਵੇਖ ਕੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸੀ ਨਾਪਾਕ ਗੱਠਜੋੜ ਬਣਾ ਕੇ ਵਿਧਾਨ ਸਭਾ ਚੋਣਾਂ ਦੌਰਾਨ ਦੋਸਤਾਨਾ ਮੈਚ ਖੇਡ ਕੇ ਆਮ ਜਨਤਾ ਨੂੰ ਮੂਰਖ਼ ਬਣਾਉਣ 'ਚ ਰੁੱਝੇ ਹੋਏ ਹਨ ਪਰ ਹੁਣ ਲੋਕ ਜਾਗ ਚੁੱਕੇ ਹਨ ਅਤੇ ਇਹਨਾਂ ਰਵਾਇਤੀ ਪਾਰਟੀਆਂ ਦੀ ਹਰੇਕ ਚਾਲ ਦਾ 4 ਫ਼ਰਵਰੀ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਉਡੀਕ 'ਚ ਹਨ। ਇਹਨਾਂ ਜਨਤਕ ਮੀਟਿੰਗਾਂ ਨੂੰ ਹਿੰਮਤ ਸਿੰਘ ਸ਼ੇਰਗਿੱਲ ਤੋਂ ਇਲਾਵਾ ਸਾਬਕਾ ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ, ਆਪ ਦੇ ਸੂਬਾਈ ਮੀਤ ਪ੍ਰਧਾਨ ਜਸਕਰਨ ਬੰਦੇਸ਼ਾ, ਸੁਖਦੀਪ ਸਿੰਘ ਸਿੱਧੂ ਅਤੇ ਹਰਿੰਦਰ ਸਿੰਘ ਸੇਖੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਕਿਸਾਨ ਆਗੂ ਸੁਰਿੰਦਰ ਸਿੰਘ ਭੁੱਲਰ, ੍ਰਿਥੀ ਸਿੰਘ, ਸਾਬਕਾ ਸਰਪੰਚ ਅਜੀਤ ਸਿੰਘ ਸਰਹਾਲਾ, ਹੀਰਾ ਸਿੰਘ ਹੁੰਦਲ ਅਤੇ ਜੁਗਰਾਜ ਬੱਲ ਵੀ ਮੌਜੂਦ ਸਨ।