- ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਸੁਣ ਰਹੇ ਹਨ ਲੋਕ ਆਪ ਨੇਤਾਵਾਂ ਦੇ ਵਿਚਾਰ
ਪਟਿਆਲਾ, 30 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੋਹੜਾ ਨੇ ਅੱਜ ਇਥੇ ਹਲਕਾ ਸਨੌਰ ਦੇ ਵੱਖ ਵੱਖ ਪਿੰਡਾਂ ਕਸਬਿਆਂ ਅਤੇ ਪਟਿਆਲਾ 'ਚ ਵਾਰਡਾਂ 'ਚ ਵਿਧਾਨ ਸਭਾ ਹਲਕਾ ਸਨੌਰ ਤੋਂ ਉਮੀਦਵਾਰ ਬੀਬੀ ਕੁਲਦੀਪ ਕੌਰ ਟੌਹੜਾ ਦੇ ਹੱਕ ਵਿੱਚ ਜ਼ੋਰਦਾਰ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਆਪ ਦੀ ਹਨੇਰੀ ਸਾਹਮਣੇ ਬਾਦਲ, ਕੈਪਟਨ ਅਤੇ ਚੰਦੂਮਾਜਰਾ ਸਮੇਤ ਸਭ ਉੱਡ ਜਾਣਗੇਂ ਅਤੇ ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ।
ਹਰਮੇਲ ਸਿੰਘ ਟੋਹੜਾ ਨੇ ਆਖਿਆ ਕਿ ਹਲਕਾ ਸਨੌਰ ਵਿੱਚ ਤਾਂ ਲੋਕਾਂ ਵਿੰਚ ਅਜਿਹਾ ਉਤਸ਼ਾਹ ਹੈ ਕਿ ਜਿਥੇ ਲੋਕ ਆਮ ਆਦਮੀ ਪਾਰਟੀ ਦੇ ਵਿਚਾਰਾਂ ਨੂੰ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਸੁਣ ਰਹੇ ਹਨ, ਉਥੇ ਅਕਾਲੀ ਦਲ ਅਤੇ ਕਾਂਗਰਸੀ ਘਰਾਂ ਵਿੱਚ ਵੜਨ ਨੂੰ ਮਜ਼ਬੂਰ ਹੋ ਗਏ ਹਨ ਜਾਂ ਫਿਰ ਦੋਵੇਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਲੋਕਾਂ ਨੇ ਬਾਦਲਾਂ ਦੇ ਉਮੀਦਵਾਰਾਂ ਨੂੰ ਮੂੰਹ ਲਗਾਉਣਾ ਛੱਡ ਦਿੱਤਾ ਹੈ ਤੇ ਤੀਸਰੇ ਬਦਲ ਵਜੋਂ ਉਭਰ ਕੇ ਆਈ ਆਮ ਆਦਮੀ ਪਾਰਟੀ ਨੂੰ ਹੀ ਇਸ ਵਾਰ ਚੁਣਨ ਦਾ ਫ਼ੈਸਲਾ ਕੀਤਾ ਹੈ।
ਹਰਮੇਲ ਸਿੰਘ ਟੌਹੜਾ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਖਿਲਾਫ ਪੰਜਾਬ ਦੇ ਆਮ ਲੋਕ ਅੱਜ ਆਮ ਆਦਮੀ ਪਾਰਟੀ ਨੂੰ ਪੂਰਾ ਸਮਰਥਨ ਦੇ ਰਹੇ ਹਨ, ਇਸ ਲਈ ਪੰਜਾਬ ਵਿਚ ਲੋਕ ਲਹਿਰ ਬਣ ਚੁੱਕੀ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਅੱਗੇ ਅਕਾਲੀ, ਬੀ.ਜੇ.ਪੀ. ਅਤੇ ਕਾਂਗਰਸ ਟਿਕ ਨਹੀਂ ਸਕਣਗੇ। ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਖ਼ੁਦ ਆਪਣੀਆਂ ਸੀਟਾਂ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੇ ਹਨ, ਪ੍ਰੰਤੂ ਇਨ੍ਹਾਂ ਦੀ ਹਾਰ ਪੱਕੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਤੀ ਕੀਤੇ ਵਾਅਦਿਆਂ ਅਤੇ ਪ੍ਰੋਗਰਾਮਾਂ ਤੋਂ ਪੰਜਾਬ ਦੇ ਲੋਕ ਪ੍ਰਭਾਵਿਤ ਹਨ। ਇਸੇ ਲਈ ਹਰ ਪੱਧਰ 'ਤੇ ਵੱਧ ਚੜ੍ਹ ਕੇ ਸਮਰਥਨ ਕਰ ਰਹੇ ਹਨ। ਪਿਛਲੇ 15 ਸਾਲਾਂ ਦੌਰਾਨ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਨੇ ਪਟਿਆਲਾ ਸ਼ਹਿਰ ਦੀ ਕਰੋੜਾਂ ਦੀ ਕੀਮਤੀ ਜ਼ਮੀਨ ਵੇਚ ਦਿੱਤੀ ਬਦਲੇ ਵਿਚ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ। ਹਰ ਪੱਖੋਂ ਦੁਰਦੁਸ਼ਾ ਹੋਇਆ ਪਟਿਆਲਾ ਸ਼ਹਿਰ ਇਸ ਦੀ ਮੂੰਹ ਬੋਲਦੀ ਤਸਵੀਰ ਹੈ।
ਸ. ਹਰਮੇਲ ਸਿੰਘ ਟੌਹੜਾ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਦੇ ਆਗੂ ਆਪਸ ਵਿਚ ਮਿਲ ਕੇ ਇਕ ਦੂਜੇ ਨੂੰ ਜਿਤਾਉਣ ਲਈ ਹੀ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਹਨ, ਜਦਕਿ ਪੰਜਾਬ ਲਈ ਕੀਤੇ ਕਿਸੇ ਵੀ ਪ੍ਰੋਗਰਾਮ ਦਾ ਇਨ੍ਹਾਂ ਕੋਲ ਕੋਈ ਏਜੰਡਾ ਨਹੀਂ ਹੈ। ਆਪ ਦੀ ਸਰਕਾਰ ਆਉਣ 'ਤੇ ਪੰਜਾਬ ਦੁਨੀਆਂ ਦਾ ਨੰਬਰ ਇਕ ਸੂਬਾ ਬਣਾਇਆ ਜਾਵੇਗਾ। ਵਿਦਿਆ, ਸਿਹਤ ਅਤੇ ਆਮ ਸਹੂਲਤਾਂ ਲਈ ਲੋਕਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸੇ ਕਾਰਨ ਪੰਜਾਬ ਦੇ ਲੋਕ 'ਆਪ' ਨੂੰ ਜਿਤਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਹਰਮੇਲ ਸਿੰਘ ਟੌਹੜਾ ਨੇ ਕਿਹਾ ਕਿ ਜੋ ਸਹੂਲਤਾਂ ਦਿੱਲੀ ਵਿਚ ਕੇਂਦਰ ਦੇ ਦਖਲ ਦੇ ਬਾਵਜੂਦ ਵੀ ਦਿੱਲੀ ਵਿਚ ਬੈਠੀ ਆਪ ਦੀ ਸਰਕਾਰ ਨੇ ਦਿੱਲੀ ਵਾਸੀਆ ਨੂੰ ਦਿੱਤੀਆ ਨੇ ਜੇਕਰ ਓਹੀ ਸਹੂਲਤਾਂ ਪੰਜਾਬ ਵਿਚ ਮਿਲ ਜਾਣ ਤਾਂ ਪੰਜਾਬ ਤੇ ਪੰਜਾਬੀਆਂ ਦਾ ਕਿੰਨਾਂ ਵੱਡਾ ਭਲਾ ਹੋਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਵਿਚ ਬੁਢਾਪਾ, ਵਿਧਵਾ ਪੈਨਸ਼ਨ ਸਿਰਫ਼ ਤੇ ਸਿਰਫ਼ 250 ਤੋਂ 500 ਤੱਕ ਪੁੱਜੀ ਤੇ ਉਹ ਵੀ ਛੇ-ਛੇ ਮਹੀਨੇ ਬਜ਼ੁਰਗਾ ਤੇ ਵਿਧਵਾਵਾਂ ਨੂੰ ਮਿਲਦੀ ਹੀ ਨਹੀਂ, ਜਿਸ ਤੋਂ ਪਤਾ ਚਲਦਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਨੂੰ ਪੰਜਾਬੀਆਂ ਦੀ ਕੋਈ ਲੋੜ ਨਹੀਂ ਹੈ ਬਲਕਿ ਸੱਤਾ ਪ੍ਰਾਪਤੀ ਦੀ ਹੀ ਲੋੜ ਹੈ ਜਿਸਦਾ ਸਬੂਤ ਉਹਨਾਂ ਆਪਣੀ ਪਾਰਟੀਆਂ ਦੀਆਂ ਸਮੇਂ-ਸਮੇਂ 'ਤੇ ਬਣਾਈਆਂ ਸਰਕਾਰਾਂ ਤੋਂ ਦੇ ਦਿੱਤੀ ਹੈ।