ਚੰਡੀਗੜ, 30 ਜਨਵਰੀ, 2017 : ਆਮ ਆਦਮੀ ਪਾਰਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਉਤੇ ਡਰੱਗ ਤਸਕਰਾਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਅਤੇ ਡਰੱਗ ਮਾਫੀਆ ਦੇ ਮੈਂਬਰ ਪੰਜਾਬੀ ਗਾਇਕ ਮੱਖਣ ਸਿੰਘ ਨੂੰ ਕੋਟਕਪੂਰਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਟੇਜ ਸਾਂਝੀ ਕਰਨ ਦੀ ਆਗਿਆ ਦੇਣ ਬਾਰੇ ਦੋਵਾਂ ਪਾਰਟੀਆਂ ਤੋਂ ਸਪਸ਼ਟੀਕਰਨ ਮੰਗਿਆ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਬੀਜੇਪੀ ਅਤੇ ਅਕਾਲੀ ਆਗੂਆਂ ਵਲੋਂ ਡਰੱਗ ਤਸਕਰਾਂ ਨੂੰ ਨਾ ਸਿਰਫ ਛਤਰ-ਛਾਇਆ ਪ੍ਰਦਾਨ ਕੀਤੀ ਜਾ ਰਹੀ ਹੈ, ਬਲਕਿ ਉਨਾਂ ਨੂੰ ਸਿਆਸਤ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੱਖਣ ਸਿੰਘ ਸੁਖਬੀਰ ਬਾਦਲ ਦੀਆਂ ਅੱਖਾਂ ਦਾ ਤਾਰਾ ਹੈ ਅਤੇ ਉਹ ਡਰੱਗ ਕੇਸਾਂ ਵਿੱਚ ਸ਼ਾਮਿਲ ਰਿਹਾ ਹੈ। ਡਰੱਗ ਸਰਗਨਾ ਜਗਦੀਸ਼ ਭੋਲਾ ਦਾ ਵੀ ਮੱਖਣ ਕਾਫੀ ਕਰੀਬੀ ਰਿਹਾ ਹੈ, ਜਿਸਨੇ ਜਨਤਾ ਅਤੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਪੰਜਾਬ ਵਿੱਚ ਨਸ਼ੇ ਦੇ ਵਪਾਰ ਦਾ ਮੁੱਖ ਸਰਗਨਾ ਹੈ।
ਮੱਖਣ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਮੰਚ ਉਤੇ ਮੌਜੂਦ ਹੋਣਾ ਦੇਸ਼ ਦੀ ਸੁਰੱਖਿਆ ਵਿੱਚ ਵੱਡੀ ਚੂਕ ਹੈ ਅਤੇ ਪ੍ਰਧਾਨ ਮੰਤਰੀ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ। ਉਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਸਟੇਜ ਉਤੇ ਪ੍ਰਫੌਰਮ ਕਰਨ ਅਤੇ ਪਤਵੰਤਿਆਂ ਵਿੱਚ ਬੈਠਣ ਲਈ ਮੱਖਣ ਦੇ ਨਾਂਅ ਨੂੰ ਮਨਜੂਰੀ ਦਿੱਤੀ ਸੀ। ਉਨਾਂ ਕਿਹਾ ਕਿ ਮੱਖਣ ਦੀ ਸੀਨੀਅਰ ਅਕਾਲੀ ਅਤੇ ਭਾਜਪਾ ਆਗੂਆਂ ਨਾਲ ਮੌਜੂਦਗੀ ਸਾਫ ਸਬੂਤ ਹੈ ਕਿ ਉਨਾਂ ਦੇ ਡਰੱਗ ਮਾਫੀਆ ਨਾਲ ਸਬੰਧ ਹਨ।
ਵੜੈਚ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਇਹ ਜਾਣਨਾ ਚਾਹਿਆ ਕਿ ਕੀ ਉਨਾਂ ਨੂੰ ਪਤਾ ਸੀ ਕਿ ਉਨਾਂ ਦੇ ਨਾਲ ਡਰੱਗ ਮਾਫੀਆ ਦਾ ਮੈਂਬਰ ਬੈਠਾ ਹੈ। ਉਨਾਂ ਕਿਹਾ ਕਿ ਮੱਖਣ ਨੂੰ ਈਡੀ ਵੱਲੋਂ ਡਰੱਗ ਕੇਸ ਵਿੱਚ ਜਲੰਧਰ ਸਥਿੱਤ ਪੇਸ਼ ਹੋਣ ਲਈ ਸੰਮਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇੱਕ ਡਰੱਗ ਕੇਸ ਵਿੱਚ ਈਡੀ ਦੇ ਹੁਕਮਾਂ ਉਤੇ ਪੰਜਾਬ ਪੁਲਿਸ ਨੇ ਮੱਖਣ ਦੇ ਪਿਤਾ ਕੁਲਵਿੰਦਰ ਸਿੰਘ ਦੀ 1.4 ਕਰੋੜ ਰੁਪਏ ਦੀ ਜਾਇਦਾਦ ਜਬਤ ਕੀਤੀ ਹੈ। ਇਹ ਜਾਇਦਾਦ ਨਸ਼ਿਆਂ ਤੋਂ ਇਕੱਠੇ ਕੀਤੇ ਪੈਸੇ ਨਾਲ ਬਣਾਈ ਹੋਈ ਦੱਸੀ ਜਾਂਦੀ ਹੈ।
ਆਪ ਕਨਵਨੀਨਰ ਨੇ ਕਿਹਾ ਕਿ ਡਰੱਗ ਤਸਕਰੀ ਵਿੱਚ ਸ਼ਾਮਿਲ ਹੋਣ ਕਾਰਨ ਮੱਖਣ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸੀ। ਉਸਨੂੰ ਸੁਖਬੀਰ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਉਸਨੂੰ ਸਿਆਸੀ ਛਤਰ-ਛਾਇਆ ਮੁਹੱਈਆ ਕਰਵਾਈ। ਉਨਾਂ ਕਿਹਾ ਕਿ ਮੱਖਣ ਕੌਮਾਂਤਰੀ ਨਸ਼ਾ ਚੇਨ ਦਾ ਹਿੱਸਾ ਹੈ, ਜਿਵੇਂ ਕਿ ਸੱਤਪ੍ਰੀਤ ਸੱਤਾ, ਜਿਸਦੇ ਮਜੀਠੀਆ ਨਾਲ ਕਰੀਬੀ ਰਿਸ਼ਤੇ ਹਨ। ਹਾਲੇ ਕੱਲ ਹੀ ਆਮ ਆਦਮੀ ਪਾਰਟੀ ਨੇ ਮਜੀਠੀਆ ਦੀਆਂ ਸੱਤਾ ਨਾਲ ਤਸਵੀਰਾਂ ਰਿਲੀਜ ਕੀਤੀਆਂ ਹਨ।