ਚੰਡੀਗੜ੍ਹ, 10 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੇ ਤੁਰੰਤ ਤਬਾਦਲੇ ਦੀ ਮੰਗ ਕੀਤੀ ਹੈ ਅਤੇ ਸੁਖਬੀਰ ਬਾਦਲ ਨਾਲ ਉਸਦੀਆਂ ਨਜਦੀਕੀਆਂ ਕਾਰਨ ਸੁਖਬੀਰ ਦੇ ਸਿਆਸੀ ਹਿੱਤ ਨੂੰ ਵਧਾਵਾ ਦੇਣ ਦੇ ਦੋਸ਼ ਲਗਾਏ ਹਨ।
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਪਾਰਟੀ ਦੀ ਪੰਜਾਬ ਇਕਾਈ ਦੇ ਹਿਊਮਨ ਰਾਈਟਸ ਵਿੰਗ ਦੇ ਮੁਖੀ ਐਡਵੋਕੇਟ ਨਵਕਿਰਨ ਸਿੰਘ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਨਿਰਪੱਖ ਅਤੇ ਭੈਅਮੁਕਤ ਚੋਣਾਂ ਕਰਵਾਉਣ ਲਈ ਬਿਨਾਂ ਕਿਸੇ ਦੇਰੀ ਦੇ ਡੀਜੀਪੀ ਦਾ ਤਬਾਦਲਾ ਕੀਤਾ ਜਾਵੇ। ਵੜੈਚ ਨੇ ਕਿਹਾ ਕਿ ਸੁਰੇਸ਼ ਅਰੋੜਾ ਜੇਕਰ ਮੌਜੂਦਾ ਅਹੁਦੇ ਉਤੇ ਰਹਿੰਦੇ ਹਨ ਤਾਂ ਇਸ ਨਾਲ ਚੋਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਉਨਾਂ ਕਿਹਾ ਕਿ ਪੁਲਿਸ ਮੁਖੀ ਦੇ ਅਹੁਦੇ ਉਤੇ ਸੁਰੇਸ਼ ਅਰੋੜਾ ਦੀ ਮੌਜੂਦਗੀ ਕਾਰਨ ਚੋਣ ਕਮਿਸ਼ਨ ਦੇ ਪੂਰਾ ਮਕਸਦ ਨਾਕਾਮ ਹੋ ਜਾਵੇਗਾ।
ਵੜੈਚ ਨੇ ਦੋਸ਼ ਲਗਾਇਆ ਕਿ ਸੁਰੇਸ਼ ਅਰੋੜਾ ਇੱਕ ਅਕਾਲੀ ਵਰਕਰ ਦੀ ਤਰਾਂ ਕੰਮ ਕਰ ਰਹੇ ਹਨ। ਉਨਾਂ ਕਿਹਾ ਸੁਰੇਸ਼ ਅਰੋੜਾ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਕੋਈ ਕਾਰਵਾਈ ਨਹੀਂ ਕੀਤੀ, ਬਹਿਬਲ ਕਲਾਂ ਵਿੱਚ ਦੋ ਵਿਅਕਤੀਆਂ ਦੀ ਪੁਲਿਸ ਗੋਲੀਬਾਰੀ ਵਿੱਚ ਮੌਤ ਹੋ ਗਈ ਅਤੇ ਕੋਈ ਕਾਰਵਾਈ ਕਰਨ ਦੀ ਬਜਾਏ ਮੋਗਾ ਦੇ ਐਸਐਸਪੀ ਚਰਨਜੀਤ ਸਿੰਘ ਨੂੰ ਮੁੜ ਬਹਾਲ ਕਰ ਦਿੱਤਾ ਗਿਆ, ਜੋ ਕਿ ਇਸ ਲਈ ਜਿੰਮੇਵਾਰ ਸਨ। ਇਨਾਂ ਘਟਨਾਵਾਂ ਨੂੰ ਸੱਤਾਧਾਰੀ ਧਿਰ ਵੱਲੋਂ ਫਿਰਕੂ ਭਾਵਨਾਵਾਂ ਭੜਕਾ ਕੇ ਸਿਆਸੀ ਲਾਹਾ ਲੈਣ ਲਈ ਵਿਓਂਤਬੰਦ ਕੀਤਾ ਗਿਆ ਸੀ।
ਨਵਕਿਰਨ ਨੇ ਕਿਹਾ ਕਿ ਆਰਐਸਐਸ ਆਗੂ ਜਗਦੀਸ਼ ਗਗਨੇਜਾ ਦੀ ਹੱਤਿਆ ਬਾਰੇ ਕੋਈ ਵੀ ਸੁਰਾਗ ਲੱਭਣ ਵਿੱਚ ਡੀਜੀਪੀ ਅਸਫਲ ਰਹੇ। ਉਨਾਂ ਨੇ ਮਾਤਾ ਚੰਦ ਕੌਰ ਅਤੇ ਖੰਨਾ ਦੇ ਸ਼ਿਵ ਸੈਨਾ ਆਗੂ ਦੇ ਕਤਲਾਂ ਨੂੰ ਕਵਰ ਅਪ ਕਰਨ ਵਿੱਚ ਸਹਾਇਤਾ ਕੀਤੀ। ਉਨਾਂ ਕਿਹਾ ਕਿ ਸਿਆਸੀ ਕਤਲਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸੁਖਬੀਰ ਦਾ ਸਿਆਸੀ ਮੰਤਵ ਛੁਪਿਆ ਹੋਇਆ ਸੀ।
ਵੜੈਚ ਨੇ ਹਾਈ ਸਕਿਓਰਟੀ ਵਾਲੀ ਨਾਭਾ ਜੇਲ ਤੋਂ ਪੰਜ ਗੈਂਗਸਟਰਾਂ ਦੇ ਭੱਜਣ ਵਿੱਚ ਸੁਖਬੀਰ ਦੇ ਇਸ਼ਾਰੇ ਉਤੇ ਸੁਰੇਸ਼ ਅਰੋੜਾ ਵੱਲੋਂ ਸਹਾਇਤਾ ਕੀਤੇ ਜਾਣ ਦਾ ਆਰੋਪ ਵੀ ਲਗਾਇਆ। ਉਨਾਂ ਕਿਹਾ ਕਿ ਦੋ ਮਹੀਨੇ ਬੀਤ ਜਾਣ ਮਗਰੋਂ ਵੀ ਪੁਲਿਸ ਨੂੰ ਗੈਂਗਸਟਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਅਤੇ ਇਨਾਂ ਗੈਂਗਸਟਰਾਂ ਨੂੰ ਸੱਤਾਧਾਰੀ ਧਿਰ ਦੇ ਆਗੂਆਂ ਵੱਲੋਂ ਸ਼ਰਣ ਦਿੱਤੀ ਹੋਈ ਹੈ, ਤਾਂ ਜੋ ਉਨਾਂ ਦਾ ਸਿਆਸੀ ਵਿਰੋਧੀਆਂ ਖਿਲਾਫ ਇਸਤੇਮਾਲ ਕਰ ਸਕਣ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਡੀਜੀਪੀ ਉਤੇ ਪੱਖਪਾਤੀ ਅਫਸਰਾਂ ਦੇ ਪੈਨਲ ਚੋਣ ਕਮਿਸ਼ਨ ਕੋਲ ਭੇਜਣ ਦਾ ਆਰੋਪ ਵੀ ਲਗਾਇਆ, ਤਾਂ ਜੋ ਸੁਖਬੀਰ ਬਾਦਲ ਦਾ ਮੁੜ ਸੱਤਾ ਵਿੱਚ ਆਉਣ ਦਾ ਸੁਪਨਾ ਪੂਰਾ ਹੋ ਸਕੇ। ਉਨਾਂ ਕਿਹਾ ਕਿ ਅਮਰ ਸਿੰਘ ਚਾਹਲ, ਜੋ ਕਿ ਸੁਖਬੀਰ ਸਿੰਘ ਬਾਦਲ ਦੇ ਬਹੁਤ ਖਾਸ ਹਨ ਉਨਾਂ ਦੀ ਇੰਸਪੈਕਟਰ ਜਨਰਲ ਲਈ ਪੋਸਟਿੰਗ ਖਾਤਰ ਸਿਫਾਰਿਸ਼ ਕੀਤੀ ਗਈ ਹੈ। ਚਹਿਲ ਨੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ਵਿੱਚ ਅਹਿਮ ਅਹੁਦਿਆਂ ਦਾ ਆਨੰਦ ਮਾਣਿਆਂ ਅਤੇ ਉਹ ਲੁਧਿਆਣਾ ਰੂਰਲ ਅਤੇ ਫਾਜਿਲਕਾ ਦੇ ਐਸਐਸਪੀ ਰਹੇ, ਅੰਮ੍ਰਿਤਸਰ ਅਤੇ ਜਲੰਧਰ ਦੇ ਡੀਸੀਪੀ ਰਹੇ, ਬਠਿੰਡਾ, ਪਟਿਆਲਾ ਅਤੇ ਫਿਰੋਜਪੁਰ ਰੇਂਜ ਦੇ ਡੀਆਈਜੀ ਰਹੇ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਹੇ।
ਨਵਕਿਰਨ ਨੇ ਕਿਹਾ ਕਿ ਅਰੋੜਾ ਵੱਲੋਂ ਸਿਰਫ ਅਕਾਲੀ-ਭਾਜਪਾ ਸਰਕਾਰ ਵਿੱਚ ਆਪਣੇ ਸਿਆਸੀ ਮਾਸਟਰਾਂ ਦੀ ਸੇਵਾ ਹੀ ਨਹੀਂ ਕੀਤੀ ਜਾਂਦੀ, ਬਲਕਿ ਸੁਖਬੀਰ ਬਾਦਲ ਦੇ ਇਸਾਰੇ ਉਤੇ ਉਨਾਂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਵੀ ਖਾਰਜ ਕਰਵਾਇਆ ਸੀ। ਅਰੋੜਾ ਵੱਲੋਂ ਟ੍ਰਾਇਲ ਕੋਰਟ ਵਿੱਚ ਕੈਪਟਨ ਅਮਰਿੰਦਰ ਸਿੰਘ ਖਿਲਾਫ ਵਿਜੀਲੈਂਸ ਚਾਰਜਸ਼ੀਟ ਰੱਦ ਕਰਨ ਲਈ ਪਟੀਸ਼ਨ ਪਾਈ ਗਈ ਸੀ। ਆਪ ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਦੋਵਾਂ ਵੱਲੋਂ ਮਿਲ ਕੇ ਸਾਂਝੇ ਹਿੱਤਾਂ ਲਈ ਡੀਜੀਪੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਆਪ ਆਗੂਆਂ ਨੇ ਕਿਹਾ ਕਿ ਅਰੋੜਾ ਨੇ ਚੋਣਾਂ ਤੋਂ ਇੱਕ ਮਹੀਨਾ ਪਹਿਲਾਂ ਕਰਵਾਏ ਪੁਲਿਸ ਸਮਾਰੋਹਾਂ ਵਿੱਚ ਸੁਖਬੀਰ ਬਾਦਲ ਦੀ ਸਹਾਇਤਾ ਕੀਤੀ ਸੀ ਅਤੇ ਨਵੀਂਆਂ ਭਰਤੀਆਂ ਅਤੇ ਤਰੱਕੀਆਂ ਦੀਆਂ ਚਿੱਠੀਆਂ ਸੁਖਬੀਰ ਬਾਦਲ ਦੇ ਹੱਥੋਂ ਦੁਆਈਆਂ ਸਨ। ਅਰੋੜਾ ਨੇ ਗੈਰਕਾਨੂੰਨੀ ਤੌਰ ਉਤੇ 9 ਖਿਡਾਰੀਆਂ ਨੂੰ ਡੀਐਸਪੀ ਬਣਾਇਆ, 22 ਕਾਂਸਟੇਬਲਾਂ ਦੀ ਇੰਟੈਲੀਜੈਂਸ ਵਿੰਗ ਵਿੱਚ ਭਰਤੀ ਕੀਤੀ ਗਈ, ਜੋ ਕਿ ਜਲਾਲਾਬਾਦ ਨਾਲ ਸਬੰਧਿਤ ਹਨ ਅਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਦਿਆਂ 15 ਦਿਨ ਪਹਿਲਾਂ ਪੁਲਿਸਕਰਮੀਆਂ ਦੀਆਂ ਤਰੱਕੀਆਂ ਕੀਤੀਆਂ ਗਈਆਂ।
ਵੜੈਚ ਨੇ ਕਿਹਾ ਕਿ ਅਰੋੜਾ ਨੇ ਪਸ਼ੂ ਪਾਲਣ ਮੰਤਰੀ ਗੁਲਜਾਰ ਸਿੰਘ ਰਣੀਕੇ ਦੇ ਪੀਏ ਨੂੰ ਵਿਕਾਸ ਫੰਡਾਂ ਦੇ ਘੋਟਾਲੇ ਵਿੱਚ ਕਲੀਨ ਚਿੱਟ ਦੁਆਉਣ ਵਿੱਚ ਮਦਦ ਕੀਤੀ। ਇਹ ਸਹਾਇਤਾ ਐਸਐਸਪੀ ਵਿਜੀਲੈਂਸ ਉਪਿੰਦਰਜੀਤ ਸਿੰਘ ਜਰੀਏ ਕੀਤੀ ਗਈ, ਜਿਨਾਂ ਨੂੰ ਕਿ ਐਸਐਸਪੀ ਬਰਨਾਲਾ ਦੇ ਅਹੁਦੇ ਨਾਲ ਨਵਾਜਿਆ ਗਿਆ ਅਤੇ ਬਾਅਦ ਵਿੱਚ ਐਸਐਸਪੀ ਲੁਧਿਆਣਾ (ਰੂਰਲ) ਲਗਾਇਆ ਗਿਆ।
ਆਪ ਕਨਵੀਨਰ ਨੇ ਕਿਹਾ ਕਿ ਸਾਰੇ ਨਿਯਮਾਂ-ਕਾਨੂੰਨਾਂ ਨੂੰ ਛਿੱਕੇ ਟੰਗਦਿਆਂ ਅਰੋੜਾ ਨੇ 1000 ਤੋਂ ਜਿਆਦਾ ਪੁਲਿਸਕਰਮੀਆਂ ਨੂੰ ਬਾਦਲਾਂ ਅਤੇ ਮਜੀਠੀਆ ਦੀ ਸੁਰੱਖਿਆ ਅਤੇ ਘਰੇਲੂ ਸਹਾਇਤਾ ਵਿੱਚ ਲਗਾਇਆ ਹੋਇਆ ਹੈ। ਵੜੈਚ ਨੇ ਕਿਹਾ ਕਿ ਅਰੋੜਾਂ ਵੱਲੋਂ ਬਾਦਲਾਂ ਦੀ ਜੀ ਹਜੂਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ।
ਨਵਕਿਰਨ ਨੇ ਮੰਗ ਕੀਤੀ ਕਿ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਦੇ ਸਿਆਸੀ ਅਹੁਦੇਦਾਰਾਂ ਦੀ ਸੁਰੱਖਿਆ ਵਾਪਿਸ ਲਈ ਜਾਵੇ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਆਮ ਜਨਤਾ ਦੇ ਹਥਿਆਰਾਂ ਨੂੰ ਜਮਾਂ ਕਰਵਾਇਆ ਜਾਵੇ।
ਉਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵੱਲੋਂ ਆਪਣੇ ਅਹੁਦੇਦਾਰਾਂ ਨੂੰ ਵੱਡੇ ਤੌਰ ਉਤੇ ਹਥਿਆਰਬੰਦ ਸੁਰੱਖਿਆਕਰਮੀ ਮੁਹੱਈਆ ਕਰਵਾਏ ਗਏ ਹਨ, ਤਾਂ ਕਿ ਉਹ ਹਥਿਆਰਾਂ ਦਾ ਰੌਹਬ ਵਿਖਾ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਸਕਣ।