ਚੰਡੀਗੜ੍ਹ, 21 ਜਨਵਰੀ. 2017 : ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਹਿਊਮਨ ਰਾਈਟ ਵਿੰਗ ਦੇ ਚੇਅਰਮੈਨ ਨਵਕਿਰਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਬਾਦਲਾਂ ਦੀ ਮਲਕੀਅਤ ਵਾਲਾ ਪੀਟੀਸੀ ਨਿਊਜ ਚੈਨਲ ਨੇ ਆਮ ਆਦਮੀ ਪਾਰਟੀ ਅਤੇ ਫੂਲਕਾ ਨੂੰ ਬਦਨਾਮ ਕਰਨ ਲਈ ਮੁਹਿਮ ਵਿੱਢੀ ਹੋਈ ਹੈ। ਚੈਨਲ ਵੱਲੋਂ ਝੂਠੇ ਦੋਸ਼ ਲਗਾਏ ਜਾ ਰਹੇ ਹਨ ਕਿ ਮੁੱਲਾਂਪੁਰ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਚ ਐਸ ਫੂਲਕਾ ਦਾ ਨੋਇਡਾ ਟੋਲ ਪਲਾਜਾ ਵਿੱਚ ਹਿੱਸਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਕਿਰਨ ਸਿੰਘ ਨੇ ਕਿਹਾ ਕਿ ਚੈਨਲ ਵੱਲੋਂ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਨਵਕਿਰਨ ਨੇ ਪੀਟੀਸੀ ਚੈਨਲ ਦੇ ਖਿਲਾਫ ਚੋਣ ਕਮਿਸ਼ਨ ਨੂੰ ਨੋਟਿਸ ਵੀ ਭੇਜਿਆ ਹੈ। ਨਵਕਿਰਨ ਨੇ ਕਿਹਾ ਕਿ 20 ਜਨਵਰੀ ਨੂੰ ਮਨਪ੍ਰੀਤ ਇਆਲੀ ਦੀ ਇੰਟਰਵਿਊ ਦੇ ਰਹੀਂ ਇਹ ਜਾਣਕਾਰੀ ਦਿੱਤੀ ਗਈ ਕਿ ਨੋਇਡਾ ਦੇ ਟੋਲ ਟੈਕਸ ਬੈਰੀਅਰ ਦੇ ਚੱਲ ਰਹੇ ਕਾਰੋਬਾਰ ਵਿੱਚ ਜਗਦੀਸ਼ ਟਾਇਟਲਰ (1984 ਕਤਲੇਆਮ ਦਾ ਦੋਸ਼ੀ) ਅਤੇ ਰਾਬਰਟ ਵਾਡਰਾ (ਸੋਨੀਆ ਗਾਂਧੀ ਦਾ ਜਵਾਈ) ਨਾਲ ਹਰਵਿੰਦਰ ਸਿੰਘ ਫੂਲਕਾ ਹਿੱਸੇਦਾਰ ਹੈ।
ਨਵਕਿਰਨ ਨੇ ਕਿਹਾ ਕਿ ਫੂਲਕਾ ਦੀ ਅਜਿਹੇ ਕਾਰੋਬਾਰ ਵਿੱਚ ਕੋਈ ਦਿਲਚਸਪੀ ਨਹੀਂ ਹੈ। ਨਵਕਿਰਨ ਨੇ ਕਿਹਾ ਕਿ ਉਨਾਂ ਦੀ ਪਤਨੀ ਕੋਲ ਨੋਇਡਾ ਟੋਲ ਬ੍ਰਿਜ ਕੰਪਨੀ. ਲਿਮਿਟੇਡ ਦੇ ਇੱਕ ਲੱਖ ਦੇ ਸ਼ੇਅਰ ਹਨ, ਜੋ ਕਿ ਇੱਕ ਪਬਲਿਕ ਲਿਮਿਟੇਡ ਕੰਪਨੀ ਹੈ ਅਤੇ ਲਗਭਗ 82,000 ਲੋਕਾਂ ਦੇ ਇਸ ਕੰਪਨੀ ਵਿੱਚ ਸ਼ੇਅਰ ਹਨ। ਉਨਾਂ ਕਿਹਾ ਕਿ ਫੂਲਕਾ ਅਤੇ ਉਨਾਂ ਦੀ ਪਤਨੀ ਕੰਪਨੀ ਦੇ ਡਾਇਰੈਕਟਰ ਜਾਂ ਮੈਨੇਜਮੈਂਟ ਕਮੇਟੀ ਦੇ ਮੈਂਬਰ ਨਹੀਂ ਹਨ, ਜਿਵੇਂ ਕਿ ਪੀਟੀਸੀ ਚੈਨਲ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਨਵਕਿਰਨ ਨੇ ਕਿਹਾ ਕਿ ਆਪਣੇ ਨਾਮਜਦਗੀ ਕਾਗਜ ਭਰਨ ਸਮੇਂ ਫਾਰਮ 26 ਵਿੱਚ ਇਹ ਦੱਸਿਆ ਹੈ ਕਿ ਉਸਦੇ ਕੋਲ ਰਿਲਾਇੰਸ ਪੈਟ੍ਰੋਕੈਮਿਕਲ ਲਿਮਿਟੇਡ ਵਿੱਚ 8000 ਰੁਪਏ ਦੇ ਸ਼ੇਅਰ ਹਨ ਅਤੇ ਉਸਦੀ ਪਤਨੀ ਦੇ ਨੋਇਡਾ ਟੋਲ ਬ੍ਰਿਜ ਕੰਪਨੀ ਲਿਮਿਟੇਡ (ਨੋਇਡਾ ਟੋਲ ਪਲਾਜਾ) ਵਿੱਚ 1,03,400 ਰੁਪਏ ਦੇ ਸ਼ੇਅਰ ਹਨ।
ਉਨਾਂ ਕਿਹਾ ਕਿ ਪੀਟੀਸੀ ਚੈਨਲ ਆਪਣੀ ਪੋਜੀਸ਼ਨ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਅਤੇ ਰਿਪਰਜੈਂਟੇਸ਼ਨ ਆਫ ਪੀਪਲ ਐਕਟ 1951 ਦੇ ਸੈਕਸ਼ਨ 123(4) ਤਹਿਤ ਅਪਰਾਧ ਕਰ ਰਿਹਾ ਹੈ ਅਤੇ ਭਾਰਤੀ ਸਵਿਧਾਨ ਦੇ ਆਰਟੀਕਲ 19 ਅਧੀਨ ਆਮ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ, ਜੋ ਕਿ ਇੱਕ ਗੰਭੀਰ ਅਪਰਾਧ ਹੈ ਅਤੇ ਪੰਜਾਬ ਵਿੱਚ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਇਸ ਦੇ ਪ੍ਰਸਾਰਣ ਉਤੇ ਤੁਰੰਤ ਰੋਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਨਵਕਿਰਨ ਨੇ ਮੰਗ ਕੀਤੀ ਕਿ ਗਲਤ ਜਾਣਕਾਰੀ ਫੈਲਾਉਣ ਅਤੇ ਸੱਤਾਧਾਰੀ ਪਾਰਟੀ ਦਾ ਪ੍ਰਚਾਰ ਕਰਨ ਕਰਕੇ ਚੈਨਲ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।